in

‘ਵੇਖ ਬਰਾਤਾਂ ਚੱਲੀਆਂ’ ਨਾਲ ਹੋਰ ਚਮਕੇਗਾ ਬੀਨੂੰ ਢਿੱਲੋਂ ਦਾ ‘ਸਿਤਾਰਾ’

ਬੀਨੂੰ ਢਿੱਲੋਂ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਚਮਕਦਾ ਸਿਤਾਰਾ ਹੈ। ਆਲਮ ਹੈ ਕਿ ਉਸ ਨੂੰ ਕੇਂਦਰ ‘ਚ ਰੱਖ ਕੇ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਉਸ ਲਈ ਵੱਖਰੇ ਤੌਰ ‘ਤੇ ਕਿਰਦਾਰ ਤੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਉਹ ਅੱਜ ਜਿਸ ਮੁਕਾਮ ‘ਤੇ ਹੈ, ਇਹ ਉਸ ਨੇ ਰਾਤੋ ਰਾਤ ਹਾਸਲ ਨਹੀਂ ਕੀਤਾ। ਇਸ ਪਿੱਛੇ ਸੰਘਰਸ਼ ਦੀ ਇਕ ਲੰਮੀ ਕਹਾਣੀ ਹੈ। ਥੀਏਟਰ, ਥੀਏਟਰ ਤੋਂ ਟੈਲੀਵਿਜ਼ਨ ਤੇ ਫਿਰ ਟੈਲੀਵਿਜ਼ਨ ਤੋਂ ਫ਼ਿਲਮਾਂ। ਇਸ ਦਰਮਿਆਨ ਭੰਗੜਾ ਤੇ ਹੋਰ ਬਹੁਤ ਕੁਝ ਆਇਆ। ਉਹ ਆਪਣੀ ਮਿਹਨਤ, ਕਲਾ ਤੇ ਲਿਆਕਤ ਨਾਲ ਪੌੜੀ ਦਰ ਪੌੜੀ ਅੱਗੇ ਵੱਧਦਾ ਗਿਆ ਤੇ ਅੱਜ ਉਹ ਸਫ਼ਲਤਾ ਦੀ ਉਸ ਟੀਸੀ ‘ਤੇ ਹੈ, ਜਿਥੇ ਪਹੁੰਚਣਾ ਹਰ ਕਲਾਕਾਰ ਦੀ ਹਸਰਤ ਹੁੰਦੀ ਹੈ।
ਮੇਹਲ ਮਿੱਤਲ ਸਾਹਬ ਹੁਰਾਂ ਤੋਂ ਬਾਅਦ ਬੀਨੂੰ ਦੂਜਾ ਕਾਮੇਡੀਅਨ ਹੈ, ਜੋ ਫ਼ਿਲਮ ਹੀਰੋ ਦੀ ਮੌਜੂਦਗੀ ਨੂੰ ਵੀ ਫਿੱਕੀ ਪਾ ਦਿੰਦਾ ਹੈ। ਉਸ ਨੂੰ ਕਿਰਦਾਰ ‘ਚ ਵੜਨਾ ਤੇ ਉਸ ਨੂੰ ਨਿਭਾਉਣਾ ਬਾਖੂਬੀ ਆਉਂਦਾ ਹੈ। ਥੀਏਟਰ ਦਾ ਚੰਡਿਆਂ ਬੀਨੂੰ ਲਗਾਤਾਰ ਨਵੇਂ ਕੀਰਤੀਮਾਨ ਸਥਾਪਤ ਕਰਦਾ ਜਾ ਰਿਹਾ ਹੈ। ਇਹ ਉਸਦੀ ਮਿਹਨਤ, ਸਬਰ ਤੇ ਕਾਬਲੀਅਤ ਦਾ ਹੀ ਸਬੂਤ ਹੈ ਕਿ ਫ਼ਿਲਮਾਂ ‘ਚ ਛੋਟੇ ਛੋਟੇ ਕਿਰਦਾਰ ਨਿਭਾਉਂਦਾ ਹੋਇਆ ਅੱਜ ਉਹ ਇਸ ਮੁਕਾਮ ‘ਤੇ ਪਹੁੰਚ ਗਿਆ ਹੈ ਕਿ ਪੂਰੀ ਦੀ ਪੂਰੀ ਫ਼ਿਲਮ ਉਸ ਦੁਆਲੇ ਘੁੰਮਦੀ ਹੈ।
ਉਹ ਦੱਸਦਾ ਹੈ ਕਿ ਟੈਲੀਵਿਜ਼ਨ ਤੋਂ ਬਾਅਦ ਜਦੋਂ ਉਹ ਫ਼ਿਲਮਾਂ ‘ਚ ਆਇਆ ਤਾਂ ਕਾਮੇਡੀਅਨ ਤੌਰ ‘ਤੇ ਕੰਮ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ ‘ਮੁੰਡੇ ਯੂ ਕੇ ਦੇ’ ਵਿੱਚ ਉਸਨੇ ਖਲਨਇਕ ਦੇ ਤੌਰ ‘ਤੇ ਸ਼ੁਰੂਆਤ ਕੀਤੀ ਸੀ, ਪਰ ਉਸ ਦੀ ਖਲਨਾਇਕੀ ਬਹੁਤੀ ਦੇਰ ਰਾਸ ਨਹੀਂ ਆਈ। ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ ‘ਚ ਵੀ ਉਸਨੇ ਖਲਨਾਇਕ ਦੀ ਭੂਮਿਕਾ ਨਿਭਾਈ, ਪਰ ਦਰਸ਼ਕਾਂ ਨੂੰ ਉਸ ਦੇ ਗੁੱਸੇ ਨਾਲ ਮਜ਼ਾਕ ਜ਼ਿਆਦਾ ਪਸੰਦ ਆਇਆ। ਇਸ ਮਗਰੋਂ ਉਸ ਨੇ ਕਾਮੇਡੀ ਕਿਰਦਾਰ ਕਰਨੇ ਸ਼ੁਰੂ ਕਰ ਦਿੱਤੇ। ਕਾਮੇਡੀ ਇਸ ਕਦਮ ਰਾਸ ਆਈ ਕਿ ਹੁਣ ਉਹ ਕਾਮੇਡੀ ਦਾ ਸੁਪਰ ਸਟਾਰ ਹੈ।  ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਕੈਰੀ ਆਨ ਜੱਟਾ’ ਤੋਂ ਬਾਅਦ ਉਸਦੇ ਕਰੀਅਰ ਨੇ ਐਸੀ ਰਫਤਾਰ ਫੜ•ੀ ਕਿ ਸਭ ਸਟੇਸ਼ਨ ਪਿੱਛੇ ਰਹਿ ਗਏ।


ਕੁਝ ਕੁ ਸਾਲਾਂ ਤੋਂ ਉਹ ਫ਼ਿਲਮਾਂ ‘ਚ ਮੁੱਖ ਕਿਰਦਾਰ ਵਾਂਗ ਨਜ਼ਰ ਆਉਂਣ ਲੱਗਾ ਹੈ। ‘ਬੰਬੂਕਾਟ’ ਦੀ ਸਫ਼ਲਤਾ ‘ਚ ਬੀਨੂੰ ਦੀ ਅਹਿਮ ਭੂਮਿਕਾ ਰਹੀ ਤਾਂ ਨੀਰੂ ਬਾਜਵਾ ਨੇ ‘ਚੰਨੋ, ਕਮਲੀ ਯਾਰ ਦੀ’ ਵਿੱਚ ਉਸ ਨੂੰ ਆਪਣੇ ਨਾਲ ਨਾਇਕ ਦੇ ਤੌਰ ‘ਤੇ ਪਰਦੇ ‘ਤੇ ਪੇਸ਼ ਕੀਤਾ। ‘ਦੁੱਲਾ ਭੱਟੀ’ ਵਿੱਚ ਵੀ ਉਹ ਮੁੱਖ ਭੂਮਿਕਾ ‘ਚ ਨਜ਼ਰ ਆਇਆ। ਇਸੇ ਸ਼ੁੱਕਰਵਾਰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਦਾ ਵੀ ਉਹ ਨਾਇਕ ਹੈ। ਨਿਰਦੇਸ਼ਕ ਸਿਤਿਜ ਚੌਧਰੀ ਦੀ ਇਹ ਫ਼ਿਲਮ ਉਸ ਦੇ ਕਿਰਦਾਰ ਦੁਆਲੇ ਹੀ ਬੁਣੀ ਗਈ ਹੈ। ਫ਼ਿਲਮ ਦੇ ਟ੍ਰੇਲਰ ਤੋਂ ਇਹ ਸਹਿਜੇ ਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਭਾਵੇ ਫ਼ਿਲਮ ‘ਚ ਰਣਜੀਤ ਬਾਵਾ, ਜਸਵਿੰਦਰ ਭੱਲਾ ਸਮੇਤ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਹਨ, ਪਰ ਫ਼ਿਲਮ ਦਾ ਅਸਲ ਨਾਇਕ ਬੀਨੂੰ ਢਿੱਲੋਂ ਹੀ ਹੈ।  ਇਸ ਫ਼ਿਲਮ ਬਾਰੇ ਉਹ ਦੱਸਦਾ ਹੈ ਕਿ ਰਿਦਮ ਬੁਆਏਜ਼ ਇੰਟਰਟੇਨਮੈਂਟ, ਨਦਰ ਫ਼ਿਲਮਜ ਤੇ ਜੇ ਸਟੂਡੀਓ ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ, ਅਮੀਕ ਵਿਰਕ ਤੇ ਜਸਪਾਲ ਸੰਧੂ ਹਨ । ਨਰੇਸ਼ ਕਥੂਰੀਆ ਦੀ ਲਿਖੀ ਇਹ ਫ਼ਿਲਮ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਵਿਖਰੇਵੇਂ ਨੂੰ ਪਰਦੇ ‘ਤੇ ਪੇਸ਼ ਕਰੇਗੀ। ਉਹ ਇਸ ਫ਼ਿਲਮ ‘ਚ ਇਕ ਬੱਸ ਚਾਲਕ ਦੇ ਬੇਟੇ ਦੀ ਭੁਮਿਕਾ ਨਿਭਾ ਰਿਹਾ ਹੈ। ਉਹ ਦੱਸਦਾ ਹੈ ਕਿ ਫ਼ਿਲਮ ‘ਚ ਉਸ ਨੂੰ ਹਰਿਆਣਾ ਦੀ ਇਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਜਦੋਂ ਵਿਆਹ ਦੀ ਗੱਲ ਤੁਰਦੀ ਹੈ ਤਾਂ ਪਹਿਲਾਂ ਦੋਵਾਂ ਪਰਿਵਾਰਾਂ ਦਾ ਸੱਭਿਆਚਾਰ, ਪਰਿਵਾਰਕ ਪਿਛੋਕੜ ਤੇ ਭਾਸ਼ਾ ਵੱਡੀ ਸਮੱਸਿਆ ਬਣਦੀ ਹੈ। ਜਦੋਂ ਇਹ ਮਾਮਲਾ ਸੁਲਝਦਾ ਹੈ ਤਾਂ ਪੰਡਿਤ ਮੁੰਡੇ ਨੂੰ ਮੰਗਲੀਕ ਕਰਾਰ ਦੇ ਦਿੰਦਾ ਹੈ। ਜਿਸ ਤੋਂ ਬਾਅਦ ਵੱਡਾ ਡਰਾਮਾ ਹੁੰਦਾ ਹੈ। ਪੰਡਿਤ ਦੇ ਗਧੀਗੇੜ ‘ਚ ਫ਼ਸੇ ਨੂੰ ਮੰਗਲੀਕ ਦੇ ਗ੍ਰਹਿ ਤੋਂ ਛੁਟਕਾਰਾ ਪਾਉਣ ਲਈ ਕੁੱਤੀ ਨਾਲ ਵਿਆਹ ਕਰਵਾਉਣਾ ਪੈਂਦਾ ਹੈ। ਇਥੇ ਹੀ ਫ਼ਿਲਮ ‘ਚ ਨਵਾਂ ਮੋੜ ਆਉਂਦਾ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਵਹਿਮਾਂ ਭਰਮਾਂ ‘ਤੇ ਵੀ ਕਰਾਰੀ ਚੋਟ ਕਰਦੀ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਕਹੀ ਜਾ ਸਕਦੀ ਹੈ, ਜਿਸ ‘ਚ ਪੰਜਾਬ ਅਤੇ ਹਰਿਆਣਾ ਦਾ ਸੱਭਿਆਚਾਰ ਕੁਨੈਕਸ਼ਨ ਜੋੜਨ ਦਾ ਯਤਨ ਕੀਤਾ ਗਿਆ ਹੈ। ਬੀਨੂੰ ਮੁਤਾਬਕ ਕੈਰੀ ਆਨ ਜੱਟਾ ਤੋਂ ਬਾਅਦ ਦਰਸ਼ਕ ਪਹਿਲੀ ਵਾਰ ਜਸਵਿੰਦਰ ਭੱਲੇ ਨਾਲ ਉਸ ਦੀ ਜੋੜੀ ਨੂੰ ਪਸੰਦ ਕਰਨਗੇ। ਉਸ ਦਾ ਮੰਨਣਾ ਹੈ ਕਿ ਪੰਜਾਬੀ ਫ਼ਿਲਮਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਇਹ ਪੰਜਾਬੀ ਸਿਨੇਮੇ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ, ਪਰ ਮਸਲਾ ਇਸ ਗੱਲ ਦਾ ਵੀ ਹੈ ਕਿ ਗਿਣਤੀ ਨਾਲ ਫ਼ਿਲਮਾਂ ਦਾ ਮਿਆਰ ਵੀ ਹੇਠਾਂ ਆ ਰਿਹਾ ਹੈ। ਉਹ ਹੁਣ ਹਰ ਫ਼ਿਲਮ ਦਾ ਹਿੱਸਾ ਬਣਨ ਨਾਲੋਂ ਸਾਲ ਦੀਆਂ ਦੋ ਤੋਂ ਤਿੰਨ ਫ਼ਿਲਮਾਂ ਹੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣਾ ਪ੍ਰੋਡਕਸ਼ਨ ਹਾਊਸ ਵੀ ਖੋਲਿਆ ਹੈ, ਜਿਸ ਦੇ ਬੈਨਰ ਹੇਠ ਉਹ ਖੁਦ ਵੀ ਫ਼ਿਲਮਾਂ ਕਰੇਗਾ ਤੇ ਹੋਰਾਂ ਨੂੰ ਵੀ ਮੌਕਾ ਦੇਵੇਗਾ। ਇਸ ਬੈਨਰ ਦੀ ਪਹਿਲੀ ਫ਼ਿਲਮ ‘ਬਾਏਲਾਰਸ’ ਇਸੇ ਸਾਲ ਰਿਲੀਜ਼ ਹੋਵੇਗੀ #Sapan Manchanda

Leave a Reply

Your email address will not be published. Required fields are marked *

ਰਵਿੰਦਰ ਗਰੇਵਾਲ ਤੇ ਅਥਰਵ ਬਲੂਜਾ ਦੇ ਵੈਟਰਨਰੀ ਡਾਕਟਰਾਂ ਨਾਲ ਫ਼ਸੇ ‘ਸਿੰਞ’

ਗਾਇਕ ਬਣਿਆ ਅਮਨ ਦੀਪ ਸਿੰਘ