‘ਨਿੱਕਾ ਜ਼ੈਲਦਾਰ 2’ ਅੱਜ ਰਿਲੀਜ਼ ਹੋ ਗਈ ਹੈ। ਪੰਜਾਬ ਸਰਕਟ ‘ਚ ਇਸ ਨੂੰ 847 ਤੇ ਇੰਡੀਆ ‘ਚ 1 ਹਜ਼ਾਰ ਸ਼ੋਅ ਮਿਲੇ ਹਨ। ਏਨੇ ਸ਼ੋਅਜ਼ ਨਾਲ ਰਿਲੀਜ਼ ਹੋਣ ਵਾਲੀ ਇਹ ਪੰਜਾਬੀ ਦੀ ਪਹਿਲੀ ਜਾਂ ਦੂਜੀ ਫ਼ਿਲਮ ਹੀ ਹੈ। ‘ਨਿੱਕਾ ਜ਼ੈਲਦਾਰ 1’ ਦੀ ਆਪਾਰ ਸਫ਼ਲਤਾ ‘ਨਿੱਕਾ ਜ਼ੈਲਦਾਰ 2’ ਦੀ ਸਫ਼ਲਤਾ ‘ਚ ਅਹਿਮ ਯੋਗਦਾਨ ਪਾਵੇਗੀ।’ਨਿੱਕਾ ਜ਼ੈਲਦਾਰ 2’ ਦੀ ਸਫ਼ਲਤਾ ਨਾਲ ਐਮੀ ਵਿਰਕ ਤੇ ਸੋਨਮ ਬਾਜਵਾ ਹੋਰ ਵੱਡੇ ਸਟਾਰ ਬਣ ਜਾਣਗੇ, ਪਰ ਇਹਨਾਂ ਫ਼ਿਲਮਾਂ ਦੀ ਸਫ਼ਲਤਾ ਪਿੱਛੇ ਹੋਰ ਵੱਡਾ ਨਾਂ ਹੈ, ਉਹ ਹੈ ਨਿਰਦੇਸ਼ਕ ਸਿਮਰਜੀਤ ਸਿੰਘ ਦਾ। ਸਿਮਰਜੀਤ ਸਿੰਘ ਨੂੰ ਹਿੱਟ ਮਸ਼ੀਨ ਜਾਂ ਸਟਾਰ ਮੇਕਰ ਕਿਹਾ ਜਾਵੇ ਤਾਂ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ। ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ ਸ਼ਾਂਤ ਰਹਿ ਕੇ ਆਪਣੇ ਕੰਮ ਨੂੰ ਅੰਜ਼ਾਮ ਦੇਣ ਵਾਲਾ ਇਹ ਨਿਰਦੇਸ਼ਕ ਸਿਰਫ਼ ਕੰਮ ਕਰਨ ‘ਚ ਯਕੀਨ ਰੱਖਦਾ ਹੈ। ਇਸ ਲਈ ਉਹ ਸਦਾ ਖਾਮੌਸ਼ ਰਹਿੰਦਾ ਹੈ ਤੇ ਉਸ ਦਾ ਕੰਮ ਸ਼ੋਰ ਮਚਾਉਂਦਾ ਹੈ। ਕਰੀਬ 20 ਸਾਲਾਂ ਤੋਂ ਫ਼ਿਲਮਸਾਜ਼ੀ ਨਾਲ ਜੁੜੇ ਸਿਮਰਜੀਤ ਦੇ ਸਿਨੇਮੇ ਦੀ ਇਕ ਵੱਖਰੀ ਭਾਸ਼ਾ ਹੈ। ਇਹ ਭਾਸ਼ਾ ਉਸਦੀਆਂ ਫ਼ਿਲਮਾਂ ਦਾ ਅਧਿਐਨ ਕਰਨ ‘ਤੇ ਸਮਝ ਪੈਂਦੀ ਹੈ। ਚਾਹੇ ਉਹ ਅੰਗਰੇਜ਼ ਹੋਵੇ, ਨਿੱਕਾ ਜ਼ੈਲਦਾਰ ਜਾਂ ਫਿਰ ਨਿੱਕਾ ਜ਼ੈਲਦਾਰ 2, Àਸਦੀਆਂ ਫ਼ਿਲਮਾਂ ‘ਚੋਂ ਕਦੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਮਨਫ਼ੀ ਨਹੀਂ ਹੁੰਦਾ। ਉਹ ਪੰਜਾਬੀ ਦੇ ਨਾਂ ‘ਤੇ ਮੁੰਬਈਆ ਫ਼ਿਲਮਾਂ ਨਹੀਂ ਪਰੋਸਦਾ। ਸਿਨੇਮੇ ਦੀ ਇਹ ਸਮਝ ਉਸ ਨੂੰ ਰਾਤੋਂ ਰਾਤ ਨਹੀਂ ਆਏ, ਬਲਕਿ ਇਸ ਪਿੱਛੇ ਉਸ ਦੀ ਦੋ ਦਹਾਕਿਆਂ ਦੀ ਮਿਹਨਤ ਹੈ। ਜੇ ਸਿਮਰ ਦੇ ਫ਼ਿਲਮੀ ਸਫ਼ਰ ‘ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬਤੌਰ ਨਿਰਦੇਸ਼ਕ ਉਸ ਦੀ ਪਹਿਲੀ ਫ਼ਿਲਮ ‘ਚੱਕ ਜਵਾਨਾਂ’ ਸੀ। ਗੁਰਦਾਸ ਮਾਨ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਤੋਂ ਪਹਿਲਾਂ ਸਿਮਰ ਨੇ ਮਰਹੂਮ ਨਿਰਦੇਸ਼ਕ ਮਨੋਜ ਪੁੰਜ ਨਾਲ ਚੀਫ਼ ਨਿਰਦੇਸ਼ਕ ਵਜੋਂ ‘ਵਾਰਿਸ਼ ਸ਼ਾਹ ਇਸ਼ਕ ਦਾ ਵਾਰਿਸ਼’ ਬਣਾਈ ਸੀ। ਇਸ ਮਗਰੋਂ ਉਸ ਨੇ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਨੂੰ ਲੈ ਕੇ ‘ਡੈਡੀ ਕੂਲ ਮੁੰਡੇ ਫ਼ੂਲ’ ਅਤੇ ਬੱਬੂ ਮਾਨ ਨਾਲ ‘ਬਾਜ਼’ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ। ਪੰਜਾਬੀ ਸਿਨੇਮੇ ਨਾਲ ਜੁੜਨ ਤੋਂ ਪਹਿਲਾਂ ਉਸ ਨੇ ਲੰਮਾ ਸਮਾਂ ਮੁੰਬਈ ‘ਚ ਸੰਘਰਸ਼ ਕੀਤਾ। ਉਹ ਦੱਸਦਾ ਹੈ ਕਿ ਉਹ ਸਾਲ 1997 ‘ਚ ਮੁੰਬਈ ਗਿਆ ਸੀ। ਕੁਝ ਸੰਘਰਸ਼ ਤੋਂ ਬਾਅਦ ਉਸ ਨੂੰ ਉੱਘੇ ਫ਼ਿਲਮ ਨਿਰਦੇਸ਼ਕ ਅਨੀਸ਼ ਬਜ਼ਮੀ ਦੇ ਸਹਾਇਕ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਸਹਾਇਕ ਨਿਰਦੇਸ਼ਕ ਵਜੋਂ ਉਸਦੀ ਪਹਿਲੀ ਫ਼ਿਲਮ ‘ਪਿਆਰ ਤੋਂ ਹੋਨਾ ਹੀ ਥਾਂ’ ਸੀ। ਇਸ ਤੋਂ ਬਾਅਦ ‘ਹਿੰਦੋਸਤਾਨ ਕੀ ਕਸਮ’, ‘ਰਾਜੂ ਚਾਚਾ’ ਤੇ ਬਲੈਕਮੇਲ ਵਰਗੀਆਂ ਫ਼ਿਲਮਾਂ ਕੀਤੀਆਂ। ਨਾਮੀਂ ਨਿਰਦੇਸ਼ਕ ਰੋਹਿਤ ਸ਼ੈਟੀ ਦੀ ਪਹਿਲੀ ਫ਼ਿਲਮ ‘ਜ਼ਮੀਨ’ ਵਿੱਚ ਵੀ ਉਹ ਸਹਾਇਕ ਨਿਰਦੇਸ਼ਕ ਸੀ। ਮੁੰਬਈ ‘ਚ ਕੀਤੇ ਸੰਘਰਸ਼ ਨੇ ਉਸ ਨੂੰ ਨਾਮਣਾ ਬਣਾਇਆ, ਇਹੀ ਵਜ•ਾ ਹੈ ਕਿ ਉਹ ਆਪਣੀ ਸੈੱਟ ‘ਤੇ ਕਲੈਪ ਬੁਆਏ ਤੇ ਸਪੋਰਟ ਬੁਆਏ ਤੋਂ ਲੈ ਕੇ ਹਰ ਸੀਨੀਅਰ ਕਲਾਕਾਰ ਦਾ ਸਤਿਕਾਰ ਕਰਦਾ ਹੈ। ਫ਼ਰੀਦਕੋਟ ਦੇ ਇਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਸਿਨੇਮੇ ਦੇ ਕੌਮੀ ਨਕਸ਼ੇ ‘ਤੇ ਆਪਣਾ ਮੁਕਾਮ ਬਣਾਉਣ ਕੋਈ ਸੌਖਾ ਕੰਮ ਨਹੀਂ ਹੈ।
ਇਹ ਸਿਮਰ ਦੀ ਸਖ਼ਸੀਅਤ ਦਾ ਵੱਡਾ ਗੁਣ ਹੈ ਕਿ ਉਹ ਇੱਜਤ ਕਰਨ ਤੇ ਕਰਵਾਉਣ ‘ਚ ਯਕੀਨ ਰੱਖਦਾ ਹੈ। ਆਪਣੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੇ ਉਨ•ਾਂ ਜ਼ਰੀਏ ਪੰਜਾਬ ਸਿਨੇਮੇ ਨੂੰ ਉੱਚਾ ਚੁੱਕਣਾ ਉਹ ਆਪਣਾ ਮੁੱਢਲਾ ਫਰਜ਼ ਮੰਨਦਾ ਹੈ। ਫ਼ਿਲਮਾਂ ਲਈ ਉਸ ਨੇ ਕਦੇ ਜੁਗਾੜਬਾਜ਼ੀ ਨਹੀਂ ਕੀਤੀ, ਤੁਸੀਂ ਉਸ ਨੂੰ ਕਦੇ ਸਾਰਾ ਦਿਨ ਮੀਟਿੰਗਾਂ ਕਰਦਿਆਂ, ਮਹਿਫ਼ਲਾਂ ‘ਚ ਬੈਠਿਆਂ ਜਾਂ ਵਿਹਲੀਆਂ ਮਾਰਦਿਆਂ ਨਹੀਂ ਦੇਖਿਆ ਹੋਣਾ, ਉਹ ਹਮੇਸ਼ਾ ਕੁਝ ਵੱਖਰਾ ਸਿਰਜਣ ਦੀ ਤਾਂਘ ‘ਚ ਰਹਿੰਦਾ ਹੈ। ਸਿਮਰ ਉਨ•ਾਂ ਨਿਰਦੇਸ਼ਕਾਂ ‘ਚੋਂ ਹੈ, ਜੋ ਕਦੇ ਆਪਣੀ ਫ਼ਿਲਮ ਸਬੰਧੀ ਵੱਡੇ ਵੱਡੇ ਦਾਅਵੇ ਨਹੀਂ ਕਰਦੇ, ਫ਼ਿਲਮ ਬਣਾਉਣ ਤੋਂ ਬਾਅਦ ਉਹ ਦਰਸ਼ਕਾਂ ‘ਤੇ ਛੱਡ ਦਿੰਦੇ ਹਨ।
‘ਨਿੱਕਾ ਜ਼ੈਲਦਾਰ 2’ ਤੋਂ ਬਾਅਦ ਹੁਣ ਉਹ ਪੰਜਾਬੀ ਦੀ ਸਭ ਤੋਂ ਵੱਡੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ‘ਤੇ ਕੰਮ ਕਰ ਰਿਹਾ ਹੈ। ਦੇਸ਼ ਦੇ ਇਸ ਸੂਰਵੀਰ ਯੋਧੇ ‘ਤੇ ਫ਼ਿਲਮ ਬਣਾਉਣਾ ਤਾਂ ਦੂਰ, ਇਸ ਬਾਰੇ ਸੋਚਣਾ ਵੀ ਇਕ ਵੱਡੀ ਪ੍ਰਾਪਤੀ ਹੈ। ਇਸ ਬਹੁ ਕਰੌੜੀ ਫ਼ਿਲਮ ‘ਚ ਉਹ ਗਿੱਪੀ ਗਰੇਵਾਲ ਨੂੰ ਸੂਬੇਦਾਰ ਜੋਗਿੰਦਰ ਸਿੰਘ ਦੇ ਰੂਪ ‘ਚ ਪੇਸ਼ ਕਰੇਗਾ। ਸਿਮਰ ਦਾ ਕਹਿਣਾ ਹੈ ਕਿ ਖੇਤਰੀ ਸਿਨੇਮੇ ਨੂੰ ਉੱਚਾ ਚੁੱਕਣ ਲਈ ਇਸ ਨਾਲ ਜੁੜੇ ਲੋਕਾਂ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। ਉਹ ਹਮੇਸ਼ਾ ਪੰਜਾਬੀ ਸਿਨੇਮੇ ਪ੍ਰਤੀ ਇਮਾਨਦਾਰ ਰਿਹਾ ਹੈ, ਇਸ ਗੱਲ ਦਾ ਉਸ ਨੂੰ ਹਮੇਸ਼ਾ ਮਾਣ ਰਿਹਾ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਜਦੋਂ ਜ਼ਿਆਦਾਤਰ ਨਿਰਦੇਸ਼ਕ ਸੋਸ਼ਲ ਮੀਡੀਆ ‘ਤੇ ਫ਼ਿਲਮ ਬਾਬਤ ਵੱਡੇ ਵੱਡੇ ਦਾਅਵੇ ਕਰਦੇ ਹਨ, ਉਥੇ ਸਿਮਰ ਆਪਣੀ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਚੁੱਪ ਚਾਪ ਆਪਣੇ ਪਰਿਵਾਰ ਨਾਲ ਆਪਣੀ ਮਿਹਨਤ ਨੂੰ ਲੱਗੇ ਫ਼ਲ ਨੂੰ ਦੇਖ ਸਕੂਨ ਹਾਸਲ ਕਰ ਰਿਹਾ ਹੈ। #Sapan Manchanda
ਸਟਾਰ ਨਹੀਂ ਸਟਾਰ ਮੇਕਰ ਹੈ ਨਿਰਦੇਸ਼ਕ ਸਿਮਰਜੀਤ ਸਿੰਘ


