in

‘ਸੂਬੇਦਾਰ ਜੋਗਿੰਦਰ ਸਿੰਘ’ ਤੋਂ ਹੋਵੇਗੀ ਕੁਲਵਿੰਦਰ ਬਿੱਲੇ ਦੀ ਫ਼ਿਲਮੀ ਪਾਰੀ ਦੀ ਸ਼ੁਰੂਆਤ

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਖਰ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਬਿੱਲਾ ਪੰਜਾਬੀ ਦੀ ਬਹੁ ਕਰੋੜੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਇਕ ਅਹਿਮ ਕਿਰਦਾਰ ‘ਚ ਨਜ਼ਰ ਆਵੇਗਾ। ਕਰੀਬ 30 ਕਰੋੜ ਰੁਪਏ ਦੀ ਲਗਾਤ ਨਾਲ ਬਣ ਰਹੀ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਫ਼ਿਲਮ
ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਪਰਮਵੀਰ ਚੱਕਰ ਨਾਲ ਸਨਮਾਨੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਮੋਗਾ ਸ਼ਹਿਰ ਨਾਲ ਸਬੰਧਿਤ ਸਨ। ਸੂਬੇਦਾਰ ਜੋਗਿੰਦਰ ਸਿੰਘ ਸਾਲ 1962 ‘ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 20 ਜਵਾਨਾ ਨਾਲ ਬਰਮਾ ‘ਚ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਲੜਿਆ ਸੀ। ਇਸ ਮਹਾਨ ਪੰਜਾਬੀ ਸੂਰਵੀਰ ਦੀ ਜ਼ਿੰਦਗੀ ‘ਤੇ ਬਣ ਰਹੀ ਇਸ ਫ਼ਿਲਮ ‘ਚ ਕੁਲਵਿੰਦਰ ਬਿੱਲਾ ਹੌਲਦਾਰ ਅਜਾਇਬ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ। ਅਜਾਇਬ ਸਿੰਘ ਉਹ ਬਹਾਦਰ ਸਿਪਾਹੀ ਸੀ, ਜਿਸ ਨੇ ਸੂਬੇਦਾਰ ਜੋਗਿੰਦਰ ਸਿੰਘ ਨਾਲ ਜਾਨ ਤਲੀ ‘ਤੇ ਰੱਖ ਕੇ 1 ਹਜ਼ਾਰ ਫੌਜੀਆਂ ਦਾ ਟਾਕਰਾ ਕੀਤਾ ਸੀ। ਕੁਲਵਿੰਦਰ ਬਿੱਲੇ ਦਾ ਇਹ ਕਿਰਦਾਰ ਉਸ ਦੇ ਸਰੋਤਿਆਂ ‘ਚ ਉਸ ਦੀ ਕਦਰ ਹੋਰ ਵਧਾਏਗਾ। ਕਾਬਲੇਗੌਰ ਹੈ ਕਿ ਕੁਲਵਿੰਦਰ ਬਿੱਲੇ ਕੋਲ ਪਿਛਲੇ 2 ਸਾਲਾਂ ਤੋਂ ਲਗਾਤਾਰ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ, ਪਰ ਉਹ ਕਾਹਲੀ ਨਾਲੋਂ ਸਿਆਣਪ ਤੋਂ ਕੰਮ ਲੈ ਰਿਹਾ ਹੈ। ਉਹ ਇਸ ਫ਼ਿਲਮ ਜ਼ਰੀਏ ਪਹਿਲਾਂ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰਨਾ ਚਾਹੁੰਦਾ ਹੈ। ਇਸ ਫ਼ਿਲਮ ਦੇ ਨਾਲ ਹੀ ਉਹ ਬਤੌਰ ਹੀਰੋ ਵੀ ਛੇਤੀ ਪਰਦੇ ‘ਤੇ ਦਿਖਾਈ ਦੇਵੇਗਾ। ਯਾਦ ਰਹੇ ਕੁਲਵਿੰਦਰ ਬਿੱਲਾ ਉਹੀ ਗਾਇਕ ਹੈ, ਜੋ ਬਿਨਾਂ ਕਿਸੇ ਸਹਾਰੇ ਤੋਂ ਸੰਗੀਤਕ ਖੇਤਰ ‘ਚ ਆਇਆ ਸੀ। ਬਿੱਲੇ ਨੇ ਆਪਣੀ ਗਾਇਕੀ ਦੇ ਦਮ ‘ਤੇ ਇਸ ਤਿਲਕਵੇਂ ਖ਼ੇਤਰ ‘ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਬਿੱਲੇ ਦਾ ਪਹਿਲਾਂ ਗਾਣਾ ‘ਕਾਲੇ ਰੰਗ ਦਾ ਯਾਰ’ ਸੀ। ਇਹ ਗੀਤ ਯੂ ਟਿਊਬ ਜ਼ਰੀਏ ਪੰਜਾਬੀ ਸਰੋਤਿਆਂ ਤੱਕ ਪਹੁੰਚਿਆ ਸੀ। ਇਸ ਗੀਤ ਨੇ ਹੀ ਉਸਦੀ ਜ਼ਿੰਦਗੀ ‘ਚ ਵੱਡਾ ਬਦਲਾਅ ਲਿਆਦਾ ਹੈ। ਆਸ ਹੈ ਗਾਇਕੀ ਦੇ ਵਾਂਗ ਉਹ ਫ਼ਿਲਮ ਖ਼ੇਤਰ ‘ਚ ਵੀ ਸਫ਼ਲਤਾ ਹਾਸਲ ਕਰੇਗਾ।

Leave a Reply

Your email address will not be published. Required fields are marked *

ਸਟਾਰ ਨਹੀਂ ਸਟਾਰ ਮੇਕਰ ਹੈ ਨਿਰਦੇਸ਼ਕ ਸਿਮਰਜੀਤ ਸਿੰਘ

ਚਾਇਨਾ ਦੀ ਫ਼ੌਜ ਨਾਲ ‘ਟੱਕਰ’ ਲੈਣਗੇ ਇਹ ਨਾਮਵਰ ਪੰਜਾਬੀ ਗਾਇਕ, ਗਿੱਪੀ ਗਰੇਵਾਲ ਕਰੇਗਾ ਅਗਵਾਈ