‘ਬਦਲਾ ਜੱਟੀ ਦਾ’, ‘ਜੱਟ ਤੇ ਜ਼ਮੀਨ’, ‘ਅਣਖ ਜੱਟਾਂ ਦੀ’ ਫ਼ਿਲਮਾਂ ਨਾਲ ਚਰਚਾ ਵਿਚ ਆਈ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀ ਜੋੜੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਵਿਚ ਇਕ ਖ਼ਾਸ ਪਹਿਚਾਣ ਬਣਾਈ ਹੋਈ ਹੈ। ਜ਼ਮੀਨਾਂ ਦੀ ਵੰਡ, ਆਪਸੀ ਸ਼ਰੀਕੇਬਾਜ਼ੀ ਦੇ ਵਿਸ਼ਿਆਂ ‘ਤੇ ਆਧਾਰਿਤ ਇਨ੍ਹਾਂ ਫ਼ਿਲਮਾਂ ਵਿਚਲੀ ਮਾਰਧਾੜ ਅਤੇ ਡਾਇਲਾਗ ਅੰਦਾਜ਼ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਪਰ ਕਿਸੇ ਕਾਰਨ ਇਸ ਜੋੜੀ ਦੇ ਅਲੱਗ-ਅਲੱਗ ਫ਼ਿਲਮਾਂ ਕਰਨਾ ਦਰਸ਼ਕਾਂ ਨੂੰ ਚੰਗਾ ਨਾ ਲੱਗਿਆ। ਕਈ ਸਾਲਾਂ ਬਾਅਦ ਹੁਣ ਨਿਰਦੇਸ਼ਕ ਦੇਵੀ ਸ਼ਰਮਾ ਇਕ ਵਾਰ ਫਿਰ ਇਸ ਐਕਸ਼ਨ ਜੋੜੀ ਨੂੰ ਫ਼ਿਲਮ ‘ਦੁੱਲਾ ਵੈਲੀ’ ਰਾਹੀਂ ਪਹਿਲਾਂ ਵਾਲੇ ਅੰਦਾਜ਼ ‘ਚ ਲੈ ਕੇ ਆ ਰਿਹਾ ਹੈ। ਖੁਸ਼ਬੂ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਮਲਕੀਤ ਬੁੱਟਰ ਤੇ ਸੰਦੀਪ ਪ੍ਰਸਾਦ ਹਨ। ਫ਼ਿਲਮ ਦੀ ਕਹਾਣੀ ਨਸ਼ਿਆਂ ਦੀ ਦਲਦਲ ਵਿਚ ਧੱਸਦੇ ਜਾ ਰਹੇ ਪੰਜਾਬ ਅਤੇ ਜ਼ਮੀਨਾਂ ਦੀ ਵੰਡ ਅਤੇ ਫਿੱਕੇ ਪਏ ਖ਼ੂਨ ਦੇ ਰਿਸ਼ਤਿਆਂ ਬਾਤ ਪਾਉਂਦੀ ਪੰਜਾਬ ਦੀ ਕਹਾਣੀ ਦਾ ਮੁਲਾਂਕਣ ਕਰਦੀ ਹੈ। ਚਾਲੀ ਸਾਲ ਪਹਿਲਾਂ ਤਹਿਸ-ਨਹਿਸ ਹੋਏ ਇਕ ਐਸੇ ਹੀ ਪਰਿਵਾਰ ਦੇ ਮੁਖੀ ਦਲੀਪ ਸਿੰਘ ਉਰਫ਼ ਦੁੱਲਾ ਵੈਲੀ ਦੇ ਆਲੇ-ਦੁਆਲੇ ਘੁੰਮਦੀ ਇਸ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਬਠਿੰਡਾ ਅਤੇ ਸਰਦੂਲਗੜ੍ਹ ਇਲਾਕੇ ਵਿਚ ਕੀਤੀ ਗਈ ਹੈ

ਗੁੱਗੂ ਗਿੱਲ ਤੇ ਯੋਗਰਾਜ ਦੀ ਜੋੜੀ ਤੋਂ ਇਲਾਵਾ ਗਾਇਕ-ਅਦਾਕਾਰ ਸਰਬਜੀਤ ਚੀਮਾ ਦਾ ਬੇਟਾ ਗੁਰਵਰ ਚੀਮਾ ਇਸ ਫ਼ਿਲਮ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹੈ। ਬਤੌਰ ਹੀਰੋ ਇਹ ਗੁਰਵਰ ਦੀ ਪਹਿਲੀ ਫ਼ਿਲਮ ਹੈ ਜਿਸ ਵਿਚ ਉਸ ਦੀ ਹੀਰੋਇਨ ਅਕਾਂਕਸ਼ਾ ਸਿੰਘ ਹੈ। ਇਸ ਤੋਂ ਇਲਾਵਾ ਦਰਜਨਾਂ ਪੰਜਾਬੀ ਫ਼ਿਲਮਾਂ ਕਰ ਚੁੱਕੇ ਸਰਬਜੀਤ ਚੀਮਾ ਨੂੰ ਦਰਸ਼ਕ ਇਸ ਵਾਰ ਨਵੇਂ ਰੂਪ ਵਿਚ ਵੇਖਣਗੇ।
ਫ਼ਿਲਮ ‘ਦੁੱਲਾ ਵੈਲੀ’ ਵਿਚ ਗੁੱਗੂ ਗਿੱਲ, ਯੋਗਰਾਜ ਸਿੰਘ, ਮੁਹੰਮਦ ਸਦੀਕ, ਗੁਰਵਰ ਚੀਮਾ, ਸਰਬਜੀਤ ਚੀਮਾ, ਅਕਾਂਕਸ਼ਾ, ਨੀਤ ਕੌਰ, ਅਵਤਾਰ ਗਿੱਲ, ਗੁਗਨੀ ਗਿੱਲ, ਨੀਟੂ ਪੰਧੇਰ, ਚਰਨਜੀਤ ਸੰਧੂ, ਹੈਰੀ ਸਚਦੇਵਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਖੁਸ਼ਬੂ ਸ਼ਰਮਾ ਨੇ ਲਿਖੀ ਹੈ ਅਤੇ ਡਾਇਲਾਗ ਮਲਕੀਤ ਬੁੱਟਰ ਨੇ ਲਿਖੇ ਹਨ। ਫ਼ਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਸੁਮਿਤ ਮਾਣਕ ਹਨ। ਫ਼ਿਲਮ ਦਾ ਸੰਗੀਤ ਮਿਊਜ਼ਿਕ ਫੀਵਰ ‘ਚ ਮਨਜੀਤ ਉੱਪਲ ਕੈਨੇਡਾ ਵਲੋਂ ਤਿਆਰ ਕਰਵਾਇਆ ਗਿਆ ਹੈ। -ਸੁਰਜੀਤ ਜੱਸਲ

in Article
ਗੁੱਗੂ ਗਿੱਲ-ਯੋਗਰਾਜ ਸਿੰਘ ਫ਼ਿਲਮ ‘ਦੁੱਲਾ ਵੈਲੀ’ ‘ਚ ਮੁੜ ਇਕੱਠੇ


