fbpx

ਮਲੂਕ ਭਾਵਨਾਵਾਂ ਦੀ ਤਰਜ਼ਮਾਨੀ ‘ਲੌਂਗ ਲਾਚੀ’

Posted on March 13th, 2018 in Movie Review

ਅੰਬਰਦੀਪ ਪੰਜਾਬੀ ਦਾ ਸਫ਼ਲ ਫ਼ਿਲਮ ਲੇਖਕ ਹੈ। ਸਥਾਪਤ ਲੇਖਕ ਬਣਨ ਤੋਂ ਬਾਅਦ ਉਹ ਨਿਰਦੇਸ਼ਨ ਵੱਲ ਅਹੌਲਿਆ ਤੇ ਫਿਰ ਅਦਾਕਾਰੀ ਵੱਲ। ਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲੌਂਗ ਲਾਚੀ’ ਲਿਖੀ ਵੀ ਉਸੇ ਨੇ ਹੈ, ਨਿਰਦੇਸ਼ਤ ਵੀ ਕੀਤੀ ਹੈ ਤੇ ਫ਼ਿਲਮ ਦੇ ਮੁੱਖ ਪਾਤਰ ਯਾਨੀਕਿ ਨਾਇਕ ਦੀ ਭੂਮਿਕਾ ਵੀ ਖੁਦ ਹੀ ਨਿਭਾਈ ਹੈ।
ਫ਼ਿਲਮ ਦੇ ਵਿੱਤੀ ਮਾਲਕਾਂ ‘ਚ ਵੀ ਉਸਦੀ ਸ਼ਮੂਲੀਅਤ ਹੈ। ਮੇਰੀ ਜਾਂਚੇ ਪੰਜਾਬੀ ‘ਚ ਇਕੋ ਫ਼ਿਲਮ ‘ਚ ਏਨੀਆਂ ਭੂਮਿਕਾਵਾਂ ਨਿਭਾਉਣ ਵਾਲਾ ਉਹ ਟਾਂਵਾ ਬੰਦਾ ਹੈ।
‘ਲੌਂਗ ਲਾਚੀ’ ਸਧਾਰਨ ਜਿਹੇ ਬੰਦੇ ਦੀਆਂ ਮਲੂਕ ਭਾਵਨਾਵਾਂ ਦੀ ਕਹਾਣੀ ਹੈ। ਜਿਸ ਦਾ ਵਿਆਹ ਆਪਣੇ ਤੋਂ ਲੋੜੋ ਵੱਧ ਸੋਹਣੀ ਮੁਟਿਆਰ ਨਾਲ ਹੋ ਜਾਂਦਾ ਹੈ। ਮਹਿੰਗੇ ਨਾਂ ਦੇ ਇਸ ਦਿਹਾੜੀਦਾਰ ਬੰਦੇ ਵੱਲੋਂ ਆਪਣੀ ਘਰਵਾਲੀਆਂ ਰੀਝਾਂ ਪਗਾਉਣਾ ਹੀ ਇਸ ਕਹਾਣੀ ਦਾ ਮੂਲ ਸਾਰਅੰਸ਼ ਹੈ। ਮਹਿੰਗੇ ਦੀ ਘਰਵਾਲੀ ਲਾਚੀ ਗਾਉਣ ਦਾ ਸ਼ੌਕ ਰੱਖਦੀ ਹੈ। ਇਹ ਸ਼ੌਕ ਜਦੋਂ ਉਹਨਾਂ ਦੇ ਪਰਿਵਾਰ ਦੀ ਆਮਦਨ ਦਾ ਸਾਧਨ ਬਣਦਾ ਹੈ ਤਾਂ ਕਹਾਣੀ ਛੜੱਪੇ ਮਾਰਕੇ ਅੱਗੇ ਵਧਦੀ ਹੈ। ਮਸਲਾ ਉਦੋਂ ਖੜ•ਾ ਹੁੰਦਾ ਹੈ ਜਦੋਂ ਇਸ ਪਤੀ, ਪਤਨੀ ‘ਚ ਇਕ ਤੀਜਾ ਪਾਤਰ ਆ ਖੜ•ਾ ਹੁੰਦਾ ਹੈ।  ਦੋਹਾਂ ‘ਚ ਵੱਧਦੀਆਂ ਪੇਸ਼ਾਵਰ ਨਜ਼ਦੀਕੀਆਂ ਮਹਿੰਗੇ ਨੂੰ ਤਕਲੀਫ ਦਿੰਦੀਆਂ ਹਨ। ਇਹ ਤਕਲੀਫ਼ ਦਰਸ਼ਕਾਂ ਦੇ ਮਨਾਂ ‘ਚ ਮਹਿੰਗੇ ਪ੍ਰਤੀ ਹਮਦਰਦੀ ਤੇ ਲਾਚੀ ਪ੍ਰਤੀ ਗੁੱਸਾ ਪੈਦਾ ਕਰਦੀ ਹੈ, ਪਰ ਕਿਸੇ ਹੱਦ ਤੱਕ।
ਫ਼ਿਲਮ ਦੀ ਕਹਾਣੀ ਵੱਖਰੀ ਹੈ, ਪਰ ਇਸ ਦੇ ਸਕਰੀਨਪਲੇ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕਦਾ ਸੀ। ਮਹਿੰਗੇ ਅਤੇ ਲਾਚੀ ਵੱਲੋਂ ਪਤੀ ਪਤਨੀ ਦੀ ਜਗ•ਾ ਪ੍ਰੇਮੀਆਂ ਵਾਲੀ ਖੇਡੀ ਗਈ ਖੇਡ ਫ਼ਿਲਮ ‘ਚ ਖੂਬਸੂਰਤੀ ਭਰਦੀ ਤਾਂ ਹੈ, ਪਰ ਬਹੁਤਾ ਸਮਾਂ ਦਰਸ਼ਕਾਂ ਨੂੰ ਰੁਝਾਅ ਨਹੀਂ ਪਾਉਂਦੀ। ਅੰਬਰ ਨੇ ਆਪਣੀ ਜਾਂਚੇ ਫ਼ਿਲਮ ਨੂੰ ਥੋੜਾ ਲਿਟਰੇਰੀ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੋ ਖੂਬਸੂਰਤ ਤਾਂ ਹੈ ਪਰ ਬਹੁਗਿਣਤੀ ਦਰਸ਼ਕਾਂ ਲਈ ਉਹ ਬੋਰੀਅਤ ਜਾਪਦੀ ਹੈ। ਫ਼ਿਲਮ ਦਾ ਪਹਿਲਾ ਹਾਫ਼ ਥੋੜਾ ਢਿੱਲਾ ਹੈ।  ਪਰ ਦੂਜੇ ਹਾਫ਼ ‘ਚ ਫ਼ਿਲਮ ਘੋੜੇ ਵਾਗ ਸਰਪਟ ਦੌੜਦੀ ਹੈ।  ਅਜੌਕੇ ਗਾਇਕਾਂ ਵੱਲੋਂ ਸਫ਼ਲ ਹੋਣ ਲਈ ਅਪਣਾਏ ਜਾਂਦੇ ਹੱਥਕੰਡੇ ਅਤੇ ਮਨੋਰੰਜਨ ਜਗਤ ਦੀਆਂ ਅੰਦਰਲੀਆਂ ਪਰਤਾਂ ‘ਤੇ ਅੰਬਰ ਨੇ ਉਂਗਲ ਤਾਂ ਰੱਖੀ ਪਰ ਉਹ ਇਥੇ ਬਹੁਤ ਕੁਝ ਬੇਪਰਦ ਕਰ ਸਕਦਾ ਸੀ। ਸ਼ਾਇਦ ਵਿੱਤੀ ਮਜਬੂਰੀਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਹੋਵੇ।
ਜੇ ਇਹ ਫ਼ਿਲਮ ਅੰਬਰ ਦੀ ਲਿਖੀ, ਕਿਸੇ ਹੋਰ ਦੀ ਨਿਰਦੇਸ਼ਤ ਕੀਤੀ ਹੁੰਦੀ ਤੇ ਮਹਿੰਗੇ ਦੇ ਰੂਪ ‘ਚ ਅਮਰਿੰਦਰ ਗਿੱਲ ਜਾਂ ਕੋਈ ਹੋਰ ਵੱਡਾ ਕਲਾਕਾਰ ਹੁੰਦਾ ਤਾਂ ਇਹ ਫ਼ਿਲਮ ਮਾਸਟਰਪੀਸ ਬਣ ਸਕਦੀ ਸੀ,  ਪਰ ਖੈਰ ਅਜਿਹੇ ਤਜਰਬੇ ਵੀ ਹੋਣੇ ਚਾਹੀਦੇ ਹਨ।  ਤਜਰਬੇ ਹੀ ਨਵਾਂ ਕੁਝ ਈਜਾਦ ਕਰਦੇ ਹਨ।
ਅੰਬਰ ਨੇ ਹੁਣ ਬਹੁਤ ਸਾਰੇ ਬੋਝ ਆਪਣੇ ਸਿਰ ਲੈ ਤਾਂ ਲਿਆ ਹੈ, ਹੁਣ ਉਸਦੀਆਂ ਜ਼ਿੰਮੇਵਾਰੀਆਂ ‘ਚ ਹੋਰ ਵੀ ਵਾਧਾ ਹੋ ਗਿਆ ਹੈ। ਭਵਿੱਖ ਉਸ ਨੂੰ ਚੁਣੌਤੀਆਂ ਭਰਪੂਰ ਹੋਵੇਗਾ। ਪਰ ਆਸ ਹੈ ਸੰਘਰਸ਼ ਕਰਦਿਆਂ ਉਸ ਨੇ ਚੁਣੌਤੀਆਂ ਨੂੰ ਚੁਣੌਤੀ ਦੇਣਾ ਸਿੱਖ ਲਿਆ ਹੈ। ਇਹ ਫ਼ਿਲਮ ਇਸੇ ਦਾ ਹੀ ਨਤੀਜਾ ਜਾਪਦੀ ਹੈ।#Fivewood

Comments & Feedback