in

ਪੰਜ ਪਾਣੀਆਂ ਦੀ ਰੂਹ ਦਾ ਸਿਰਨਾਵਾਂ-‘ਦਾਣਾ ਪਾਣੀ’

ਜੱਟਵਾਦ ਦੇ ਝੋਟੇ ‘ਤੇ ਬੈਠ ਕੇ ਗੀਤ ਗਾਉਣ ਵਾਲੇ ਤੇ ਫਿਲਮਾਂ ਬਣਾਉਣ ਵਾਲੇ ਜੱਬਲਾਂ ਦੇ ਘੜਮੱਸ ‘ਚ ਸੋਚਿਆ ਨਹੀਂ ਸੀ ਕੋਈ ਦਾਣਾ ਪਾਣੀ ਵਰਗਾ ਰੂਹ ਦਾ ਗੀਤ ਵੀ ਗਾਏਗਾ। ਫਿਲਮ ਵੇਖ ਕੇ ਲਗਦਾ ਜਿਵੇਂ ਹਨੇਰੀ ਰਾਤ ‘ਚ ਸੁਪਨਿਆਂ ਦਾ ਚੰਨ ਰਾਹ ਦੱਸਣ ਲਈ ਉਂਗਲ ਫੜ ਕੇ ਨਾਲ ਲੈ ਤੁਰਿਆ ਹੋਵੇ। ਜਿਵੇਂ ਕਿਸੇ ਅੱਲੜ• ਦੇ ਚਾਵਾਂ ਦੀ ਪੀਂਘ ਨੂੰ ਕਿਸੇ ਸੰਦਲੀ ਪੌਣ ਨੇ ਆਪ ਆ ਹੁਲਾਰਾ ਦਿੱਤਾ ਹੋਵੇ। ਪੰਜ ਪਾਣੀਆਂ ਦੀ ਮੁਹੱਬਤ ‘ਚ ਗੜੁੱਚ ਹੋਏ ਸ਼ਬਦ ਜਦੋਂ ਪਰਦੇ ‘ਤੇ ਗੂੰਜਦੇ ਨੇ ਤਾਂ ਸ਼ੁਕਰਾਨੇ ਲਈ ਲਫ਼ਜ਼ ਲੱਭਣੇ ਔਖੇ ਹੋ ਜਾਂਦੇ ਨੇ।
ਫਿਲਮ ‘ਚ ਕਿਸੇ ਚਤਰੇ ਛਤਰੇ ਆਲਾ ਕੋਈ ਰਾਗ ਨੀ, ਨਾ ਹੀ ਮੁੰਡਾ ਕੁੜੀ ਚਰ•ੀਆਂ ਮੱਕੀਆਂ ‘ਚ ਗੀਤ ਗਾਉਂਦੇ ਫਿਰਦੇ ਐ। ਪਰ ਫਿਲਮ ਦੀ ਕਹਾਣੀ ਬੰਦੇ ਨੂੰ ਉਸ ਧੀ ਵਾਂਗ ਬੰਨ• ਕੇ ਬਿਠਾ ਲੈਂਦੀ ਐ ਜਿਹੜੀ ਆਪਣੀ ਮਾਂ ਦੀ ਗੋਦ ‘ਚ ਬੈਠ ਕੇ ਕਹਾਣੀ ਸੁਣਦੀ ਇਸ ਕਰਕੇ ਅੱਖ ਨੀ ਝਮਕਦੀ ਕਿ ਕਿਤੇ ਉਹ ਸ਼ਬਦਾਂ ਦੇ ਨਾਲ ਆਪਣੀ ਮਾਂ ਦੇ ਚਿਹਰੇ ‘ਤੇ ਆਏ ਅਰਮਾਨਾਂ ਦੀ ਲਹਿਰ ‘ਚ ਗੋਤਾ ਲਾਉਣੋ ਵਾਂਝੀ ਨਾ ਰਹਿ ਜਾਵੇ।
ਸਾਡੇ ਪੰਜਾਬੀਆਂ ਦੀ ਬਹੁਗਿਣਤੀ ਦੇ ਦਿਮਾਗਾਂ ‘ਚ ਗਾਉਣ ਵਾਲਿਆਂ ਤੇ ਫਿਲਮਾਂ ਵਾਲਿਆਂ ਨੇ ਜੱਟਵਾਦ ਦਾ ਗੋਹਾ ਇੰਨੀ ਬੁਰੀ ਤਰ•ਾਂ ਭਰਿਆ ਕਿ ਬਹੁਤੇ ਤਾਂ ਉਸ ਗੋਹੇ ਦੀ ਮੁਸ਼ਕ ‘ਚ ਪਏ ਹੀ ਘੁਰਾੜੇ ਮਾਰ ਰਹੇ ਨੇ। ਜੇ ਉਨ•ਾਂ ਨੂੰ ਕੋਈ ਰੂਹ ਆਲੀ ਗੱਲ ਸੁਣਾਉ ਤਾਂ ਉਹ ਬੰਦੇ ਦੇ ਮੂੰਹ ਵੱਲ ਐਦਾਂ ਝਾਕਦੇ ਨੇ ਜਿਵੇਂ ਮੇਲੇ ‘ਚ ਸ਼ਰਾਬੀ ਨੂੰ ਕਿਸੇ ਨੇ ਜਲੇਬੀਆਂ ਖਾਣ ਦੀ ਸਲਾਹ ਦੇ ਦਿੱਤੀ ਹੋਵੇ।
ਜੱਸ ਗਰੇਵਾਲ ਦੀ ਲਿਖੀ ਤੇ ਨਿਰਦੇਸ਼ਕ  ਤਰਨਵੀਰ ਸਿੰਘ ਜਗਪਾਲ ਦੀ ਇਹ ਫਿਲਮ ‘ਚ ਪੰਜ ਪਾਣੀਆਂ ਦੀ ਰੂਹ ਦੇ ਗੀਤ ਨੂੰ ਅਜਿਹੀਆਂ ਸਿਖਰਾਂ ‘ਤੇ ਲੈ ਗਏ ਜਿੱਥੇ ਪੁੱਜ ਕੇ ਲਗਦਾ ਬਈ ਜਿਹੜੇ ਇਸ਼ਕ ‘ਚ ਬਾਬਾ ਬੁੱਲਾ ਘੁੰਗਰੂ ਬੰਨ• ਕੇ ਨੱਚਿਆ ਸੀ, ਉਹ ਬਾਈ ਉਨ•ਾਂ ਨੇ ਆਪਣੇ ਪੈਰਾਂ ਨਾਲ ਬੰਨ• ਲਏ ਨੇ ਤੇ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਦੇ ਇਸ਼ਕ ‘ਚ ਗੜੁੱਚ ਹੋਈਆਂ ਰੂਹਾਂ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਦੇ ਬੋਲਾਂ ਨੂੰ ਪੂਰੇ ਵਜਦ ‘ਚ ਆ ਕੇ ਤਾਲ ਦੇ ਰਹੀਆਂ ਨੇ।
ਇਸ਼ਕ ਘਾਟੇ ਵਾਧੇ ਨੀ ਦੇਖਦਾ, ਇਸ਼ਕ ਤਾਂ ਫੇਰ ਕਿਸੇ ਫਰਹਾਦ ਦਾ ਤੇਸਾ ਬਣ ਕੇ, ਮੁਹੱਬਤਾਂ ਦੀ ਨਹਿਰ ਦੇ ਪਾਣੀ ਨੂੰ ਆਪਣੇ ਪਿਆਰੇ ਦੇ ਦਰਾਂ ‘ਤੇ ਪਹੁੰਚਾ ਕੇ, ਉਸ ਦੀ ਬੁੱਕ ‘ਚੋਂ ਬੱਸ ਦੋ ਘੁੱਟ ਪੀਣੇ ਲੋਚਦਾ। ਇਹ ਇਸ਼ਕ ਹੀ ਤਾਂ ਹੁੰਦਾ ਜਿਹੜਾ ਆਪਣੇ ਪਿਆਰੇ ਦੀ ਗਲੀ ‘ਚ ਸਿਰ ਤਲੀ ‘ਤੇ ਰੱਖ ਕੇ ਪੁੱਜਦਾ। ਬਾਬਾ ਬੁੱਲਾ ਲਿਖਦਾ-ਆਸ਼ਕ ਉਹ ਨਾ ਆਖੀਏ ਸਿਰ ਦੇਂਦਾ ਉਜਰ ਕਰੇ।
ਬਾਈ ਤਰਨਵੀਰ ਸਿੰਘ ਜਗਪਾਲ ਹੁਰਾਂ ਨੇ ਬਹੁਤ ਹੀ ਛੋਟੀ ਉਮਰ ‘ਚ ਪੰਜਾਬੀ ਸਿਨੇਮੇ ‘ਚ ਅਜਿਹਾ ਰਾਹ ਸਿਰਜਿਆ ਜਿਹੜਾ ਉਸ ਮੰਜ਼ਿਲ ਵਲ ਜਾਂਦਾ ਜਿਹੜੀ ਪੰਜਾਬੀ ਸਿਨੇਮੇ ਨੂੰ ਦੁਨੀਆ ਦੇ ਕਿਸੇ ਵੀ ਸਿਨੇਮੇ ਦੇ ਬਰਾਬਰ ਲਿਜਾ ਖੜਾ ਕਰਦੀ ਐ। ਇਹ ਪਹਿਲੀ ਫਿਲਮ ਐ ਜਿਹੜੀ ਮਾਂ ਤੇ ਧੀ ਦੇ ਉਸ ਰਿਸ਼ਤੇ ਦੀ ਬਾਤ ਪਾਉਂਦੀ ਐ, ਜ਼ਿੰਦਗੀ ਦੀਆਂ ਉਦਾਸ ਰਾਹਾਂ ‘ਚ ਜਿਸ ਦੀ ਯਾਦ ਹੀ, ਜ਼ਿੰਦਗੀ ਨੂੰ ਜਿਊਣ ਜੋਗਾ ਕਰ ਦਿੰਦੀ ਹੈ।
ਜਿਨ•ਾਂ ਨੇ ਪੰਜ ਪਾਣੀਆਂ ਦੀ ਰੂਹ ਦਾ ਝਲਕਾਰਾ ਵੇਖਣਾ ਹੋਵੇ, ਜਿਨ•ਾਂ ਨੇ ਸੁੱਚੇ ਰਿਸ਼ਤਿਆਂ ਦੇ ਦੁੱਧ ਨੂੰ ਮੁਹੱਬਤਾਂ ਦਾ ਜਾਗ ਲਗਦਾ ਵੇਖਣਾ ਹੋਵੇ, ਉਹ ਇਹ ਫਿਲਮ ਜ਼ਰੂਰ ਵੇਖ ਕੇ ਆਇਓ।
ਬਾਈ ਤਰਨਵੀਰ ਸਿੰਘ ਜਗਪਾਲ ਤੇ ਉਨ•ਾਂ ਦੇ ਪੂਰੇ ਜਥੇ ਨੇ ਪੰਜਾਬੀਅਤ ਨਾਲ ਇਸ਼ਕ ਕਮਾਉਣ ‘ਚ ਕੋਈ ਕਸਰ ਨਹੀਂ ਛੱਡੀ। ਹੁਣ ਇਹ ਤਾਂ ਸਾਡਾ ਫਰ਼ਜ ਬਣਦਾ ਕਿ ਉਸ ਇਸ਼ਕ ਦੇ ਬਾਟੇ ‘ਚੋਂ ਦੋ ਘੁੱਟ ਪੀ ਕੇ ਆਪਾਂ ਵੀ ਆਪਣਾ ਜੱਗ ‘ਚ ਆਉਣਾ ਸਕਾਰਥ ਕਰ ਲਈਏ।#Manjeet Singh Rajpura

Leave a Reply

Your email address will not be published. Required fields are marked *

ਸੁਰਵੀਨ ਚਾਵਲਾ ਤੇ ਉਸਦੇ ਪਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ, ਧੋਖੇ ਨਾਲ ਫ਼ਿਲਮ ‘ਚ ਪੈਸੇ ਲਗਵਾਉਣ ਦਾ ਦੋਸ਼

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਜੋੜੀ ਨਜ਼ਰ ਆਵੇਗੀ ਫ਼ਿਲਮੀ ਪਰਦੇ ‘ਤੇ, ਸ਼ੂਟਿੰਗ ਸ਼ੁਰੂ