ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਦੀ ਨਵੀਂ ਫ਼ਿਲਮ ਦੀ ਹੀਰੋਇਨ ਪੰਜਾਬੀ ਗਾਇਕਾ ਨਿਮਰਤ ਖਹਿਰਾ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਨਿਰਮਾਤਾ ਅਮੀਕ ਵਿਰਕ, ਜਸਪਾਲ ਸੰਧੂ ਅਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਗੁਲਸ਼ਨ ਸਿੰਘ ਹੈ। ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਜੱਸ ਗਰੇਵਾਲ ਨੇ ਲਿਖਿਆ ਹੈ। ਜਦਕਿ ਸੰਵਾਦ ਜਤਿੰਦਰ ਲਾਲ ਦੇ ਹਨ। ਫ਼ਿਲਮ ‘ਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨਾਲ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਨ•ਾਂ ਤੋਂ ਇਲਾਵਾ ਪੰਜਾਬੀ ਦੇ ਕਈ ਨਾਮਵਰ ਅਦਾਕਾਰ ਫ਼ਿਲਮ ‘ਚ ਨਜ਼ਰ ਆਉਂਣਗੇ। ਫ਼ਿਲਮ ਨੂੰ ਓਮ ਜੀ ਗੁਰੱਪ ਵੱਲੋਂ ਮੁਨੀਸ਼ ਸਾਹਨੀ ਦੀ ਦੇਖਰੇਖ ‘ਚ ਰਿਲੀਜ਼ ਕੀਤਾ ਜਾਵੇਗਾ। ਯਾਦ ਰਹੇ ਕਿ ਤਰਸੇਮ ਜੱਸੜ ਦੀ ਇਹ ਤੀਜੀ ਫ਼ਿਲਮ ਹੈ ਜਦਕਿ ਨਿਮਰਤ ਖਹਿਰਾ ਦੀ ਇਹ ਦੂਜੀ ਫ਼ਿਲਮ ਹੈ, ਉਹ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਫ਼ਿਲਮ ‘ਲਹੌਰੀਏ’ ਵਿੱਚ ਨਜ਼ਰ ਆਈ ਸੀ।