ਇਸ ਸਾਲ ਦੀ ਸਫ਼ਲ ਫ਼ਿਲਮ ‘ਲਾਵਾਂ ਫ਼ੇਰੇ’ ਤੋਂ ਬਾਅਦ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਜੋੜੀ ਇਕ ਵਾਰ ਫਿਰ ਪੰਜਾਬੀ ਫ਼ਿਲਮ ‘ਨਾਨਕਾ ਮੇਲ’ ਵਿੱਚ ਨਜ਼ਰ ਆਵੇਗੀ। ਛੇਤੀ ਸ਼ੁਰੂ ਹੋ ਰਹੀ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ‘ਜੱਟ ਬੁਆਏਜ਼’ ਅਤੇ ’25 ਕਿੱਲੇ’ ਸਮੇਤ ਕਈ ਸਫ਼ਲ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਿਮਰਨਜੀਤ ਸਿੰਘ ਹੁੰਦਲ ਅਤੇ ਨਾਮਵਰ ਅਦਾਕਾਰ ਤੇ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਇਸ ਫ਼ਿਲਮ ਨੂੰ ਸਾਂਝੇ ਤੌਰ ‘ਤੇ ਨਿਰਦੇਸ਼ਤ ਕਰਨਗੇ। ਨਿਰਮਾਤਾ ਅੰਮਿਤ ਕੁਮਾਰ ਅਤੇ ਅਸ਼ੀਸ਼ ਦੀਪ ਪਾਂਡੇ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਅਤੇ ਡਾਇਲਾਗ ਪ੍ਰਿੰਸ ਕੰਵਲਜੀਤ ਸਿੰਘ ਨੇ ਹੀ ਲਿਖੇ ਹਨ। ਫ਼ਿਲਮ ਵਿੱਚ ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਣ, ਸੁਨੀਤਾ ਧੀਰ, ਅਨੀਤਾ ਦੇਵਗਨ, ਮਲਕੀਤ ਰੌਣੀ, ਹਰਦੀਪ ਗਿੱਲ, ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਹਰਿੰਦਰ ਭੁੱਲਰ, ਸੰਜੀਵ ਕਾਲੜਾ, ਦੀਪ ਢਿੱਲੋਂ, ਗੁਰਪ੍ਰੀਤ ਭੰਗੂ, ਅਰੁਣ ਬਾਲੀ, ਸਤਿੰਦਰ ਕੌਰ, ਨਰਿੰਦਰ ਨੀਤਾ, ਰਵਿੰਦਰ ਮੰਡ ਅਤੇ ਵਿਜੇ ਟੰਡਨ ਵਿੱਚ ਨਜ਼ਰ ਆਉਂਣਗੇ।
ਇਸ ਫ਼ਿਲਮ ਦੀ ਸ਼ੂਟਿੰਗ ਦਸੰਬਰ ‘ਚ ਪੰਜਾਬ ਦੇ ਵੱਖ ਵੱਖ ਪਿੰਡਾਂ ‘ਚ ਕੀਤੀ ਜਾਵੇਗੀ। ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ‘ਤੇ ਅਧਾਰਿਤ ਫ਼ਿਲਮ ਹੈ। ਫ਼ਿਲਮ ਦੇ ਟਾਈਟਲ ‘ਚ ਹੀ ਇਸ ਦਾ ਵਿਸ਼ਾ ਵਸਤੂ ਸਾਫ਼ ਝਲਕਾ ਰਿਹਾ ਹੈ। ਪੰਜਾਬੀ ਵਿਆਹਾਂ ਅਤੇ ਰੀਤੀ ਰਿਵਾਜਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਇਹ ਫ਼ਿਲਮ ਕਾਮੇਡੀ ਨਾਲ ਭਰਪੂਰ ਦੱਸੀ ਜਾਂਦੀ ਹੈ। ਇਸ ਫ਼ਿਲਮ ਨੂੰ ‘ਓਮ ਜੀ ਗੁਰੱਪ’ ਵੱਲੋਂ ਰਿਲੀਜ਼ ਕੀਤਾ ਜਾਵੇਗਾ।

in News
ਜੁੜਨ ਲੱਗਿਆ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦਾ ‘ਨਾਨਕਾ ਮੇਲ’


