fbpx

ਮਹਾਂ ਪੰਜਾਬ ਦੀ ਫ਼ਿਲਮ ਬਣੇਗੀ ‘ਚੱਲ ਮੇਰਾ ਪੁੱਤ’ 26 ਨੂੰ ਹੋਵੇਗੀ ਰਿਲੀਜ਼

Posted on July 16th, 2019 in Fivewood Special

ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਸੋਮਵਾਰ ਨੂੰ ਰਿਲੀਜ਼ ਹੋਇਆ ਹੈ। ਇਸ ਟ੍ਰੇਲਰ ਨੇ ਇਕ ਵਾਰ ਫਿਰ ਤੋਂ ਅਮਰਿੰਦਰ ਗਿੱਲ ਦੇ ਦਰਸ਼ਕਾਂ ਨੂੰ ਬਾਗੋਬਾਗ ਕਰ ਦਿੱਤਾ ਹੈ। ਇਸ ਵਾਰ ਅਮਰਿੰਦਰ ਦੀ ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਾਕਿਸਤਾਨ ਦੇ ਨਾਮਵਰ ਕਾਮੇਡੀਅਨ ਅਕਰਮ ਉਦਾਸ, ਇਫਤਕਾਰ ਠਾਕੁਰ ਅਤੇ ਨਾਸੁਰ ਚੁਨੌਟੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਟ੍ਰੇਲਰ ਵਿੱਚ ਇਹ ਕਾਮੇਡੀਅਨ ਆਪਣੇ ਨਿਰਾਲੇ ਅੰਦਾਜ਼ ਵਿੱਚ ਢਿੱਡੀ ਪੀੜਾਂ ਪਾਉਂਦੇ ਨਜ਼ਰ ਆਉਂਦੇ ਹਨ।

26 ਜੁਲਾਈ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਜਨਜੋਤ ਸਿੰਘ ਦੀ ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਨਿਰਮਾਤਾ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫ਼ਿਲਮ ਲੰਡਨ ਦੀ ਕਹਾਣੀ ਹੈ ਜਿਥੇ ਫ਼ਿਲਮ ਦਾ ਹੀਰੋ ਯਾਨੀ ਅਮਰਿੰਦਰ ਗਿੱਲ ਵੱਖ ਵੱਖ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਦੇ ਨਾਲ ਨਾਲ ਪਿੱਛੇ ਪੰਜਾਬ ‘ਚ ਆਪਣੇ ਪਰਿਵਾਰ ਦਾ ਵੀ ਖਿਆਲ ਰੱਖ ਰਿਹਾ ਹੈ। ਉਹ ਨਾਲ ਨਾਲ ਉਥੇ ਪੱਕਾ ਹੋਣ ਲਈ ਵੀ ਕੋਸ਼ਿਸ਼ਾਂ ਕਰ ਰਿਹਾ ਹੈ। ਦਰਅਸਲ ਇਹ ਅਜਿਹੀ ਪੰਜਾਬੀ ਫਿਲਮ ਹੈ ਜੋ ਵਿਦੇਸ਼ਾਂ ਦੀ ਚਕਾਚੌਂਧ ਦਿਖਾਉਣ ਦੀ ਥਾਂ ਉਥੇ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਦੇ ਅਸਲ ਸੱਚ ਨੂੰ ਪੇਸ਼ ਕਰਦੀ ਹੈ। ਇਹੀ ਨਹੀਂ ਉਥੇ ਰਹਿ ਕੇ ਰੋਟੀ ਖਾਤਰ ਪਾਪੜ ਵੇਲੇ ਰਹੇ ਅਤੇ ਨਾਲ ਨਾਲ ਉਥੋਂ ਦੇ ਪੱਕੇ ਵਾਸੀ ਬਣਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਨੌਜਵਾਨਾਂ ਦੀ ਗਾਥਾ ਨੂੰ ਵੀ ਪਰਦੇ ‘ਤੇ ਲਿਆਂਦਾ ਜਾ ਰਿਹਾ ਹੈ।

ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਪੁੱਤ ਅਕਸਰ ਆਪਣੀਆਂ ਦੁੱਖ ਤਕਲੀਫ਼ਾਂ ਤੇ ਮਜਬੂਰੀਆਂ ਨੂੰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਮੂਹਰੇ ਜ਼ਾਹਰ ਨਹੀਂ ਹੋਣ ਦਿੰਦੇ। ਸਭ ਨੂੰ ਲੱਗਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਮੌਜਾਂ ਮਾਣ ਰਹੇ ਹਨ। ਇਸੇ ਲਈ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਉਨ•ਾਂ ਨੂੰ ਕਿਸੇ ਨਾ ਕਿਸੇ ਚੀਜ਼ ਲਈ ਸੁਨੇਹਾ ਘੱਲਦਾ ਰਹਿੰਦਾ ਹੈ। ਇਸ ਫ਼ਿਲਮ ਜ਼ਰੀਏ ਇਨ•ਾਂ ਹਾਲਤਾਂ ਤੇ ਖੁਸ਼ੀਆਂ ਦੇ ਸਿੱਕੇ ਦਾ ਦੂਜਾ ਪਾਸਾ ਫ਼ਿਲਮ ਜ਼ਰੀਏ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦਾ ਸਿਰਲੇਖ ਅਤੇ ਇਸ ਦਾ ਟਾਈਟਲ ਗੀਤ ਵੀ ਇਹ ਹੀ ਇਸ਼ਾਰਾ ਕਰਦਾ ਹੈ ਕਿ ਜਿੰਨੀ ਮਰਜ਼ੀ ਥਕਾਵਟ ਹੋਵੇ ਜਾਂ ਕੋਈ ਹੋਰ ਮਜਬੂਰੀ ਜੇ ਵਿਦੇਸ਼ ‘ਚ ਰਹਿਣਾ ਹੈ ਤੇ ਸੁਪਨੇ ਪੂਰੇ ਕਰਨੇ ਹਨ ਤਾਂ ਕੰਮ ਤਾਂ ਕਰਨਾ ਹੀ ਪੈਣਾ ਹੈ। ਫ਼ਿਲਮ ਦਾ ਟ੍ਰੇਲਰ ਕਈ ਪੱਖੋਂ ਤੋਂ ਦਿਲਚਸਪੀ ਪੈਦਾ ਕਰਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਵੀ ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰੇਗੀ।

Comments & Feedback