ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬਣੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਹੁਣ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਚਰਚਾ ਸਿੱਧੂ ਮੂਸੇਵਾਲਾ ਕਾਰਨ ਵੀ ਹੋ ਰਹੀ ਹੈ। ਇਸ ਫ਼ਿਲਮ ਦੇ ਟੀਜ਼ਰ ਵਿੱਚ ਸਿੱਧੂ ਮੂਸੇਵਾਲ ਕਾਲੇ ਕੱਪੜਿਆਂ ਵਿੱਚ ਘੋੜੇ ‘ਤੇ ਸਵਾਰ ਨਜ਼ਰ ਆ ਰਿਹਾ ਹੈ। ਉਸ ਦੀ ਲੁੱਕ ਜਿਓੜਾ ਮੋੜ ਵਰਗੀ ਬਣਾਈ ਗਈ ਹੈ। ਉਸਦੇ ਨਾਲ ਹੀ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਵੀ ਨਜ਼ਰ ਆ ਰਿਹਾ ਹੈ। ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਇਸ ਫ਼ਿਲਮ ਦੇ ਇਕ ਗੀਤ ਵਿੱਚ ਹੀ ਨਜ਼ਰ ਆ ਰਿਹਾ ਹੈ ਜਾਂ ਫਿਰ ਉਸਨੇ ਫ਼ਿਲਮ ਵਿੱਚ ਐਕਟਿੰਗ ਵੀ ਕੀਤੀ ਹੈ।
ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਲੇਖਕ ਅਦਿਤਯ ਸੂਦ ਨੇ ਹੁਣ ਸਾਫ਼ ਕਰ ਦਿੱਤਾ ਹੈ ਕਿ ਸਿੱਧੂ ਦਾ ਫ਼ਿਲਮ ਵਿੱਚ ਸਿਰਫ਼ ਇਕ ਗੀਤ ਹੀ ਨਹੀਂ ਬਲਕਿ ਉਸਨੇ ਫ਼ਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ। ਫ਼ਿਲਮ ਦੇ ਪੋਸਟਰਾਂ ਵਿੱਚ ਵੀ ਸਿੱਧੂ ਨੂੰ ਦੇਖਿਆ ਜਾ ਸਕਦਾ ਹੈ। ਆਪਣੀ ਗਾਇਕੀ ਅਤੇ ਗੀਤਕਾਰੀ ਸਦਕਾ ਹਰ ਪਾਸੇ ਛਾਏ ਸਿੱਧੂ ਦੀ ਅਦਾਕਾਰੀ ਦੇਖਣ ਲਈ ਪੰਜਾਬੀ ਦਰਸ਼ਕ ਕਾਫੀ ਉਤਾਵਲੇ ਹਨ। ਇਸ ਫ਼ਿਲਮ ‘ਤੇ ਦਰਸ਼ਕਾਂ ਦੇ ਨਾਲ ਨਾਲ ਮੀਡੀਆ ਦੀਆਂ ਵੀ ਨਜ਼ਰਾਂ ਹਨ।
ਨਿਰਮਾਤਾ ਹਰਮਨ ਸੂਦ ਦੀ ਇਸ ਫ਼ਿਲਮ ਜ਼ਰੀਏ ਜਿਥੇ ਸਿੱਧੂ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਵੇਗਾ ਉਥੇ ਹੀ ਨਾਮਵਰ ਯੂਟਿਊਬਰ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਦੀ ਬਤੌਰ ਅਦਾਕਾਰ ਇਸ ਪਹਿਲੀ ਫ਼ੀਚਰ ਫ਼ਿਲਮ ਹੋਵੇਗੀ। ਅਦਾਕਾਰਾ ਮੋਨਿਕਾ ਸ਼ਰਮਾ ਦੀ ਵੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਛੋਟਾ ਸੁਪੱਤਰ ਵੀ ਇਸ ਫ਼ਿਲਮ ਜ਼ਰੀਏ ਫਿਲਮ ਜਗਤ ਵਿੱਚ ਆਗਮਨ ਕਰ ਰਿਹਾ ਹੈ।
in News
‘ਤੇਰੀ ਮੇਰੀ ਜੋੜੀ’ ਵਿੱਚ ਗੀਤ ਹੀ ਨਹੀਂ ਐਕਟਿੰਗ ਕਰਦਾ ਵੀ ਨਜ਼ਰ ਆਵੇਗਾ ਸਿੱਧੂ ਮੂਸੇਵਾਲਾ
