in

ਪੰਜਾਬੀ ਸਿਨਮਾ ਗੰਭੀਰ ਪਹੁੰਚ ਅਪਣਾਉਣ ਦਾ ਵੇਲਾ

ਗੋਵਰਧਨ ਗੱਬੀ
94171-73700

ਪਹਿਲੀ ਬੋਲਦੀ ਪੰਜਾਬੀ ਫ਼ਿਲਮ ‘ਸ਼ੀਲਾ’ ਉਰਫ਼ ‘ਪਿੰਡ ਦੀ ਕੁੜੀ’ 1930 -1940 ਦੇ ਦਹਾਕੇ ਵਿਚ ਆਈ ਸੀ। ਇਸਦੇ ਨਿਰਦੇਸ਼ਕ ਸਨ ਕੇ. ਡੀ. ਮਹਿਰਾ। ਕਾਰੋਬਾਰ ਪੱਖ ਤੋਂ ਫ਼ਿਲਮ ਸਫਲ ਹੋਈ ਤੇ ਇੰਜ ਪੰਜਾਬੀ ਸਿਨਮਾ ਦਾ ਸਫ਼ਰ ਸ਼ੁਰੂ ਹੋ ਗਿਆ। ਲਗਪਗ ਨੱਬੇ ਸਾਲਾਂ ਦਾ ਸਫ਼ਰ ਤੈਅ ਕਰਦਾ ਹੋਇਆ ਪੰਜਾਬੀ ਸਿਨਮਾ 2019 ਤਕ ਪਹੁੰਚ ਗਿਆ ਹੈ। ਜਿੱਥੇ ਕਿਸੇ ਵੇਲੇ ਸਾਲ ਵਿਚ ਮੁਸ਼ਕਿਲ ਨਾਲ ਦੋ ਤਿੰਨ ਫ਼ਿਲਮਾਂ ਪ੍ਰਦਰਸ਼ਿਤ ਹੁੰਦੀਆਂ ਸਨ, ਉੱਥੇ ਹੁਣ ਹਰ ਹਫ਼ਤੇ ਇਕ ਤੋਂ ਦੋ ਫ਼ਿਲਮਾਂ ਪ੍ਰਦਰਸ਼ਿਤ ਹੁੰਦੀਆਂ ਹਨ। ਦੱਖਣ ਭਾਰਤੀ ਸਿਨਮਾ ਇੰਨਾ ਸਫਲ, ਵਿਕਸਤ ਤੇ ਵਿਲੱਖਣ ਹੋ ਚੁੱਕਾ ਹੈ ਕਿ ਬੌਲੀਵੁੱਡ ਵਾਲੇ ਉਨ੍ਹਾਂ ਦੀਆਂ ਫ਼ਿਲਮਾਂ ਦਾ ਰਿਮੇਕ ਬਣਾਉਂਦੇ ਹਨ, ਪਰ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਕਿਸੇ ਪੰਜਾਬੀ ਫ਼ਿਲਮ ਦਾ ਵੀ ਕਿਸੇ ਹੋਰ ਭਾਸ਼ਾ ਵਾਲਿਆਂ ਨੇ ਰਿਮੇਕ ਬਣਾਇਆ ਹੋਵੇ। ਇਸਦਾ ਕਾਰਨ ਹੈ ਕਿ ਸਾਡੇ ਇੱਧਰ ਪੰਜਾਬੀ ਸਿਨਮਾ ਦੱਖਣੀ ਸਿਨਮਾ ਵਾਂਗ ਤਰੱਕੀ ਤੇ ਉੱਨਤੀ ਨਹੀਂ ਕਰ ਸਕਿਆ। ਜਿਸਦੇ ਬਹੁਤ ਸਾਰੇ ਕਾਰਨ ਹਨ।


ਪੰਜਾਬੀ ਸਿਨਮਾ ਦਾ ਬੇੜਾ ਸ਼ੁਰੂ ਤੋਂ ਹੀ ਹਿਚਕੋਲੇ ਖਾਂਦਾ ਆਇਆ ਹੈ। ਇਸ ਸਫਰ ਵਿਚ ਕਾਰੋਬਾਰੀ ਤੌਰ ’ਤੇ ਸਫਲ ਪੰਜਾਬੀ ਫ਼ਿਲਮਾਂ ਦੀ ਗਿਣਤੀ ਤਾਂ ਫਿਰ ਵੀ ਤਿੰਨ ਅੰਕਾਂ ਵਿਚ ਕੀਤੀ ਜਾ ਸਕਦੀ ਹੈ, ਪਰ ਮਿਆਰੀ ਤੇ ਅਰਥ ਭਰਪੂਰ ਫ਼ਿਲਮਾਂ ਦੀ ਗਿਣਤੀ ਪੋਟਿਆਂ ’ਤੇ ਕਰਨੀ ਵੀ ਮੁਸ਼ਕਿਲ ਜਾਪਦੀ ਹੈ। ਪੰਜਾਬੀ ਸਿਨਮਾ ਦੀ ਮੌਜੂਦਾ ਦਸ਼ਾ ਤੇ ਦਿਸ਼ਾ ਦੇ ਕਈ ਕਾਰਨ ਹਨ। 1947 ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਪੰਜਾਬੀ ਸਿਨਮਾ ਦਾ ਮੁੱਖ ਧੁਰਾ ਸੀ। ਵੰਡ ਤੋਂ ਬਾਅਦ ਬਹੁਤ ਸਾਰੇ ਸਿਨਮਾ ਨਾਲ ਜੁੜੇ ਲੋਕਾਂ ਨੇ ਆਪਣੇ ਡੇਰੇ ਪੰਜਾਬ ਦੀ ਬਜਾਏ ਮੁੰਬਈ ਵਿਚ ਲਗਾਉਣੇ ਬਿਹਤਰ ਸਮਝੇ। ਆਪਣੇ ਉੱਜਲ ਭਵਿੱਖ ਨੂੰ ਦੇਖਦਿਆਂ ਉਨ੍ਹਾਂ ਨੂੰ ਲੱਗਿਆ ਕਿ ਪੰਜਾਬੀ ਸਿਨਮਾ ਖੇਤਰੀ ਹੈ। ਕਾਰੋਬਾਰ ਵੀ ਸੀਮਤ ਹੋਵੇਗਾ ਸੋ ਉਨ੍ਹਾਂ ਨੇ ਦੇਸ਼ ਵਿਆਪੀ ਪੱਧਰ ਦਾ ਸਿਨਮਾ ਅਪਣਾਉਣ ਨੂੰ ਹੀ ਤਰਜੀਹ ਦੇਣਾ ਬਿਹਤਰ ਸਮਝਿਆ। ਬੌਲੀਵੁੱਡ ਨੂੰ ਇਸ ਵੇਲੇ ਦੁਨੀਆਂ ਭਰ ਵਿਚ ਹਰ ਸਾਲ ਸਭ ਤੋਂ ਵੱਧ ਫ਼ਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਵੀ ਬੌਲੀਵੁੱਡ ਨਾਲ ਜੁੜੇ ਸੱਤਰ ਫ਼ੀਸਦੀ ਲੋਕ ਮੂਲ ਰੂਪ ਵਿਚ ਪੰਜਾਬੀ ਹਨ।


ਜ਼ਿਆਦਾਤਰ ਪੰਜਾਬੀ ਫ਼ਿਲਮਾਂ ਦੇ ਦਰਸ਼ਕ ਭਾਵੇਂ ਅਨਪੜ੍ਹ ਹੀ ਕਿਉਂ ਨਾ ਹੋਣ, ਪਰ ਉਹ ਹਿੰਦੀ ਭਾਸ਼ਾ ਨੂੰ ਵੀ ਸੱਤਰ ਅੱਸੀ ਫ਼ੀਸਦੀ ਤਕ ਗ੍ਰਹਿਣ ਕਰ ਲੈਂਦੇ ਹਨ। ਜੇਕਰ ਇਕ ਥਾਂ ਉੱਪਰ ਇਕ ਪੰਜਾਬੀ ਫ਼ਿਲਮ ਲੱਗੀ ਹੋਵੇ ਤੇ ਦੂਸਰੀ ਹਿੰਦੀ ਤਾਂ ਉਹ ਹਿੰਦੀ ਫ਼ਿਲਮ ਨੂੰ ਪਹਿਲ ਦੇਣਗੇ। ਅਜਿਹੀ ਗੱਲ ਵੀ ਨਹੀਂ ਕਿ ਪੰਜਾਬੀ ਵਿਚ ਵਧੀਆ ਫ਼ਿਲਮਾਂ ਨਹੀਂ ਬਣਦੀਆਂ, ਬਣਦੀਆਂ ਜ਼ਰੂਰ ਹਨ, ਪਰ ਬਹੁਤ ਘੱਟ। ਪੰਜਾਬੀ ਦੀਆਂ ਬਹੁਤ ਘੱਟ ਫ਼ਿਲਮਾਂ ਬਣੀਆਂ ਹਨ ਜਿਹੜੀਆਂ ਚਿਰਾਂ ਤਕ ਯਾਦ ਰੱਖਣ ਜਾਂ ਰਹਿਣ ਯੋਗ ਹਨ। ਜਿਹੜੀਆਂ ਸਚਮੁੱਚ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਣ।
ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸਿਨਮਾ ਅਜੀਬੋ ਗਰੀਬ ਸਥਿਤੀਆਂ ਤੇ ਪ੍ਰਸਥਿਤੀਆਂ ਵਿਚੋਂ ਗੁਜ਼ਰ ਰਿਹਾ ਹੈ। ਕਦੇ ਕਦੇ ਲੱਗਦਾ ਹੈ ਕਿ ਪੰਜਾਬੀ ਸਿਨਮਾ ਹੁਣ ਸਹੀ ਰਾਹ ਪੈ ਗਿਆ ਹੈ। ਵਿਕਸਤ ਹੋ ਰਿਹਾ ਹੈ। ਗੰਭੀਰ ਹੋ ਰਿਹਾ ਹੈ। ਪੰਜਾਬੀ ਦਰਸ਼ਕ ਪੰਜਾਬੀ ਸਿਨਮਾ ਵੱਲ ਮੁੜਿਆ ਹੈ, ਪਰ ਕੁਝ ਹੀ ਸਮੇਂ ਬਾਅਦ ਇਸਦਾ ਮਿਆਰ ਇੰਨਾ ਜ਼ਿਆਦਾ ਗਿਰ ਜਾਂਦਾ ਹੈ ਕਿ ਦਰਸ਼ਕ ਫਿਰ ਇਸ ਤੋਂ ਮੂੰਹ ਮੋੜ ਲੈਂਦਾ ਹੈ। ਉਸਦੇ ਕਈ ਅਹਿਮ ਕਾਰਨ ਹਨ।


ਜੇਕਰ ਕੋਈ ਇਕ ਬੀਤੇ ਕਾਲ ਨਾਲ ਸਬੰਧਿਤ (ਪੀਰੀਅਡ ਫ਼ਿਲਮ) ਪੰਜਾਬੀ ਫ਼ਿਲਮ ਟਿਕਟ ਖਿੜਕੀ ’ਤੇ ਸਫਲ ਹੋ ਜਾਂਦੀ ਹੈ ਤਾਂ ਫਿਰ ਅਗਲੀਆਂ ਬਣਨ ਵਾਲੀਆਂ ਨੱਬੇ ਫ਼ੀਸਦੀ ਫ਼ਿਲਮਾਂ ਵੀ ਉਸੇ ਰਾਹੇ ਚੱਲ ਪੈਂਦੀਆਂ ਹਨ। ਇਨ੍ਹਾਂ ਵਿਚ ਉਹ ਕੁਝ ਦਿਖਾਇਆ ਜਾਂਦਾ ਹੈ ਕਿ ਉਹ ਤਾਂ ਕਦੇ ਉਨ੍ਹਾਂ ਵੇਲਿਆਂ ਵਿਚ ਵਾਪਰਿਆ ਹੀ ਨਹੀਂ। ਜੇ ਕੋਈ ਕਾਮੇਡੀ ਫ਼ਿਲਮ ਚੱਲ ਜਾਂਦੀ ਹੈ ਤਾਂ ਫਿਰ ਚੱਲ ਸੋ ਚੱਲ ਕੱਚੀਆਂ ਪਿੱਲੀਆਂ ਤੇ ਫੂਹੜ ਕਾਮੇਡੀ ਭਰਪੂਰ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਹੋ ਜਾਂਦਾ ਹੈ। ਜਿਸ ਵਿਚ ਕਾਮੇਡੀ ਘੱਟ ਤੇ ਚੁਟਕਲੇਬਾਜ਼ੀ ਜ਼ਿਆਦਾ ਹੁੰਦੀ ਹੈ। ਦੋ ਅਰਥੀ ਤੇ ਅਸ਼ਲੀਲ ਸੰਵਾਦਾਂ ਦੀ ਭਰਮਾਰ ਵੱਖ। ਮੰਨ ਲਓ ਕਿ ਵਿਆਹ ’ਤੇ ਬਣੀ ਫ਼ਿਲਮ ਨੇ ਚਾਰ ਪੈਸੇ ਕਮਾ ਲਏ ਤਾਂ ਸਮਝ ਲਓ ਕਿ ਅਗਲੀਆਂ ਫ਼ਿਲਮਾਂ ਵਿਆਹਾਂ ਦਾ ਜਲੂਸ ਕੱਢ ਕੇ ਹੀ ਦਮ ਲੈਣਗੀਆਂ। ਫ਼ਿਲਮਾਂ ਉਦੋਂ ਤਕ ਬਣਨਾ ਬੰਦ ਨਹੀਂ ਹੋਣਗੀਆਂ ਜਦੋਂ ਤਕ ਦਰਸ਼ਕਾਂ ਤੇ ਫ਼ਿਲਮਾਂ ਦਾ ਆਪਸ ਵਿਚ ਤਲਾਕ ਨਾ ਹੋ ਜਾਵੇ।


ਅੱਜਕੱਲ੍ਹ ਲਗਪਗ ਹਰ ਪੰਜਾਬੀ ਫ਼ਿਲਮ ਵਾਲਾ ਆਪਣੀ ਫ਼ਿਲਮ ਬਾਰੇ ਇਹ ਕਹਿੰਦਾ ਜ਼ਰੂਰ ਸੁਣਿਆ ਜਾ ਸਕਦਾ ਹੈ ਕਿ ਸਾਡੀ ਫ਼ਿਲਮ ਦੂਸਰੀਆਂ ਫ਼ਿਲਮਾਂ ਤੋਂ ਅਲੱਗ ਹੈ। ਸੱਚ ਇਹ ਹੁੰਦਾ ਹੈ ਕਿ ਜਿਹੜੀ ਕਹਾਣੀ ਨੂੰ ਵਿਲੱਖਣ ਤੇ ਵੱਖਰੀ ਕਿਹਾ ਜਾਂਦਾ ਹੈ ਉਸ ਵਿਚ ਕਹਾਣੀ ਹੁੰਦੀ ਹੀ ਨਹੀਂ। ਉਹ ਤਿੰਨ ਚਾਰ ਹੋਰ ਫ਼ਿਲਮਾਂ ਦੀ ਕਹਾਣੀ ਨਾਲ ਗੰਡ ਤੋਪਾ ਕਰਕੇ ਘੜੀ ਹੁੰਦੀ ਹੈ। ਹਕੀਕਤ ਇਹ ਹੈ ਕਿ ਬਹੁਤੀਆਂ ਪੰਜਾਬੀ ਫ਼ਿਲਮਾਂ ਹਿੰਦੀ ਤੇ ਹੋਰ ਭਾਸ਼ਾਵਾਂ ਦੀਆਂ ਅੱਧ-ਪੱਕੀਆਂ ਨਕਲਾਂ ਹੁੰਦੀਆਂ ਹਨ। ਉੱਧਰ ਕੁਝ ਅਖੌਤੀ ਗਾਇਕਾਂ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਜੇਕਰ ਉਹ ਗੀਤ ਦੇ ਵੀਡੀਓ ਵਿਚ ਅਦਾਕਾਰੀ ਕਰ ਸਕਦੇ ਹਨ ਤਾਂ ਫਿਰ ਫ਼ਿਲਮ ਵਿਚ ਅਦਾਕਾਰੀ ਕਰਨਾ ਉਨ੍ਹਾਂ ਲਈ ਕਿਹੜਾ ਕਿਤੇ ਔਖਾ ਕੰਮ ਹੈ। ਬਹੁਤੇ ਆਪਣੀ ਕੱਚੀ ਪਿੱਲੀ ਤੇ ਪ੍ਰਭਾਵਹੀਣ ਅਦਾਕਾਰੀ ਨਾਲ ਬਚੇ ਖੁਚੇ ਦਰਸ਼ਕਾਂ ਦਾ ਵੀ ਪੰਜਾਬੀ ਸਿਨਮਾ ਤੋਂ ਮੋਹ ਭੰਗ ਕਰਵਾਉਣ ਵਿਚ ਅਹਿਮ ਕਿਰਦਾਰ ਨਿਭਾਉਂਦੇ ਹਨ।


ਪੰਜਾਬੀ ਸਿਨਮਾ ਨੂੰ ਨਿਘਾਰ ਵੱਲ ਲਿਜਾਉਣ ਵਿਚ ਵੱਡਾ ਕਸੂਰ ਉਨ੍ਹਾਂ ਦਰਸ਼ਕਾਂ ਦਾ ਵੀ ਹੈ ਜੋ ਕੇਵਲ ਹਲਕੇ ਪੱਧਰ ਤੇ ਫੂਹੜ ਕਾਮੇਡੀ ਫ਼ਿਲਮਾਂ ਦੇਖਣਾ ਹੀ ਪਸੰਦ ਕਰਦੇ ਹਨ। ਇਸਦੇ ਚੱਲਦਿਆਂ ਜਿਹੜੇ ਚੋਣਵੇਂ ਲੋਕ ਪੰਜਾਬੀ ਸਿਨਮਾ ਨੂੰ ਗੰਭੀਰਤਾ ਨਾਲ ਲੈ ਕੇ ਸਮਾਂਤਰ ਸਿਨਮਾ ਸਿਰਜਣਾ ਚਾਹੁੰਦੇ ਹਨ। ਪੰਜਾਬ ਦੇ ਮੌਜੂਦਾ ਹਾਲਾਤ, ਮੁੱਦਿਆਂ, ਸਮੱਸਿਆਵਾਂ, ਮੁਸ਼ਕਿਲਾਂ, ਵਿਸ਼ਿਆਂ ਆਦਿ ਨੂੰ ਲੈ ਕੇ ਫ਼ਿਲਮਾਂ ਬਣਾਉਣਾ ਚਾਹੁੰਦੇ ਹਨ, ਫਿਰ ਜਦੋਂ ਉਹ ਫ਼ਿਲਮਾਂ ਟਿਕਟ ਖਿੜਕੀ ’ਤੇ ਮੂਧੇ ਮੂੰਹ ਪੈਂਦੀਆਂ ਹਨ ਤਾਂ ਉਹ ਵੀ ਇਕ ਦੋ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਇਸ ਤੋਂ ਕਿਨਾਰਾ ਕਰ ਲੈਂਦੇ ਹਨ। ਸੋ ਪੰਜਾਬੀ ਸਿਨਮਾ ਵਾਲਿਆਂ ਨੂੰ ਪੰਜਾਬੀ ਸਿਨਮਾ ਪ੍ਰਤੀ ਗੰਭੀਰ ਤੌਰ ’ਤੇ ਚਿੰਤਾ ਕਰਨ ਦੀ ਤੇ ਚਿੰਤਨਸ਼ੀਲ ਹੋਣ ਦੀ ਸਖ਼ਤ ਲੋੜ ਹੈ।

Leave a Reply

Your email address will not be published. Required fields are marked *

‘ਅੜਬ ਮੁਟਿਆਰਾਂ’ ਦੀ ਰਿਲੀਜ਼ ਵੇਟ ਬਦਲੀ ਹੁਣ 18 ਅਕਤੂਬਰ ਨੂੰ ਹੋਵੇਗੀ ਰਿਲੀਜ਼

ਪਹਿਲੀਆਂ 2 ਦਾ ਰਿਕਾਰਡ ਤੋੜੇਗੀ ਤੀਜੀ ‘ਨਿੱਕਾ ਜੈਲਦਾਰ’, 20 ਨੂੰ ਹੋਵੇਗੀ ਰਿਲੀਜ