ਚੰਡੀਗੜ੍ਹ : ਲੰਮੇ ਸਮੇਂ ਬਾਅਦ ਜੰਮੀ ਸ਼ੇਰਗਿੱਲ ਪੰਜਾਬੀ ਫ਼ਿਲਮ ਇੰਡਸਟਰੀ ’ਚ ਵਾਪਸੀ ਲਈ ਤਿਆਰ ਹਨ। ਬੇਸ਼ੱਕ ਉਹ ਬਾਲੀਵੁੱਡ ਫ਼ਿਲਮਾਂ ਤੇ ਵੈੱਬ ਸੀਰੀਜ਼ ’ਚ ਸਰਗਰਮ ਰਹੇ ਪਰ 4 ਸਾਲਾਂ ਬਾਅਦ ਉਨ੍ਹਾਂ ਦੀ ਕੋਈ ਪੰਜਾਬੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।
ਜਿੰਮੀ ਦੀ ਇਸ ਫ਼ਿਲਮ ਦਾ ਨਾਂ ਹੈ ‘ਸ਼ਰੀਕ 2’। ਇਸ ਫ਼ਿਲਮ ਦੇ ਐਲਾਨ ਦੇ ਨਾਲ ਹੀ ਜਿੰਮੀ ਨੇ ਇਸ ਦੀ ਰਿਲੀਜ਼ ਡੇਟ ਵੀ ਸਾਂਝੀ ਕਰ ਦਿੱਤੀ ਹੈ। ਇਹ ਫ਼ਿਲਮ ਇਸੇ ਸਾਲ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦੇਈਏ ਕਿ ਫ਼ਿਲਮ ਦੀ ਪਹਿਲਾਂ 2 ਵਾਰ ਰਿਲੀਜ਼ ਡੇਟ ਬਦਲੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਨਾਲ ਪੰਜਾਬੀ ਇੰਡਸਟਰੀ ਦੇ ਤਿੰਨ ਵੱਡੇ ਬੈਨਰ ਵ੍ਹਾਈਟ ਹਿੱਲ ਸਟੂਡੀਓਜ਼, ਓਹਰੀ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਮਿਕਚਰਜ਼ ਇਕੱਠੇ ਕੰਮ ਕਰ ਰਹੇ ਹਨ।
ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਜਿੰਮੀ ਸ਼ੇਰਗਿੱਲ ਲਿਖਦੇ ਹਨ, ‘ਆਵਦੇ ਲਹੂ ’ਚੋਂ ਨਿਕਲਿਆ ਵੈਰ ਪੁਸ਼ਤਾਂ ਤੱਕ ਬਰਬਾਦ ਕਰ ਦਿੰਦਾ। ‘ਸ਼ਰੀਕ 2’ 29 ਜੁਲਾਈ, 2022 ਨੂੰ ਰਿਲੀਜ਼ ਹੋ ਰਹੀ ਹੈ।’
ਦੱਸ ਦੇਈਏ ਕਿ ਫ਼ਿਲਮ ’ਚ ਜਿੰਮੀ ਸ਼ੇਰਗਿੱਲ, ਦੇਵ ਖਰੌੜ ਤੇ ਯੋਗਰਾਜ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨਵਨੀਅਤ ਸਿੰਘ ਵਲੋਂ ਡਾਇਰੈਕਟ ਕੀਤੀ ਗਈ ਹੈ। ਇਸ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ। ਫ਼ਿਲਮ ਨੂੰ ਵਿਵੇਕ ਓਹਰੀ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਦਲਜੀਤ ਸਿੰਘ ਥਿੰਦ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਸਾਲ 2015 ’ਚ ਆਈ ਫ਼ਿਲਮ ‘ਸ਼ਰੀਕ’ ਦਾ ਹੀ ਸੀਕੁਅਲ ਹੈ।