ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਲੌਂਗ ਲਾਚੀ 2’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ ਦੀ ਅਦਾਕਾਰਾ ਨੀਰੂ ਬਾਜਵਾ ਨੇ ਇਕ ਇੰਸਟਾਗ੍ਰਾਮ ਰੀਲ ਸਾਂਝੀ ਕਰਕੇ ਦਿੱਤੀ ਹੈ।
ਇਸ ਰੀਲ ’ਚ ਨੀਰੂ ਬਾਜਵਾ ਨੇ ਫ਼ਿਲਮ ਦੇ ਸ਼ੂਟ ਤੋਂ ਖਿੱਚੀਆਂ ਕੁਝ ਤਸਵੀਰਾਂ ਅਟੈਚ ਕੀਤੀਆਂ ਹਨ। ਪਹਿਲੀ ਤਸਵੀਰ ’ਚ ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਨਜ਼ਰ ਆ ਰਹੇ ਹਨ। ਉਥੇ ਦੂਜੀ ਤਸਵੀਰ ’ਚ ਨੀਰੂ ਬਾਜਵਾ ਅਮਰ ਨੂਰੀ ਤੇ ਜਸਵਿੰਦਰ ਬਰਾੜ ਨਾਲ ਦਿਖਾਈ ਦੇ ਰਹੀ ਹੈ।
ਇਸ ਤੋਂ ਇਲਾਵਾ ਇਕ ਤਸਵੀਰ ’ਚ ਫ਼ਿਲਮ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ ਤੇ ਅਖੀਰ ’ਚ ਨੀਰੂ ਬਾਜਵਾ ਕਲੈਪਬੋਰਡ ਨਾਲ ਦਿਖਾਈ ਦੇ ਰਹੀ ਹੈ।
ਦੱਸ ਦੇਈਏ ਕਿ ‘ਲੌਂਗ ਲਾਚੀ 2’ ਇਸੇ ਸਾਲ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਅੰਬਰਦੀਪ ਸਿੰਘ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਐਮੀ ਵਿਰਕ ਦੇ ਪ੍ਰੋਡਕਸ਼ਨ ਹਾਊਸ ਵਿਲੇਜਰਸ ਫ਼ਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨਸ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ ਹੈ।
ਫ਼ਿਲਮ 2018 ’ਚ ਆਈ ‘ਲੌਂਗ ਲਾਚੀ’ ਦਾ ਹੀ ਸੀਕੁਅਲ ਹੈ। ‘ਲੌਂਗ ਲਾਚੀ’ ਫ਼ਿਲਮ ਆਪਣੇ ਟਾਈਟਲ ਟਰੈਕ ਕਾਰਨ ਬੇਹੱਦ ਚਰਚਾ ’ਚ ਰਹੀ ਸੀ ਕਿਉਂਕਿ ਇਸ ਟਾਈਟਲ ਟਰੈਕ ਨੂੰ ਯੂਟਿਊਬ ’ਤੇ 1 ਬਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਪਹਿਲਾ ਪੰਜਾਬੀ ਗੀਤ ਸੀ, ਜਿਸ ਨੇ 1 ਬਿਲੀਅਨ ਵਿਊਜ਼ ਦਾ ਅੰਕੜਾ ਪਾਰ ਕੀਤਾ ਸੀ।