ਚੰਡੀਗੜ੍ਹ : ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ’ਚ ਦੀਪ ਸਿੱਧੂ ਤੇ ਸੁਖਦੀਪ ਸੁੱਖ ਨਜ਼ਰ ਆ ਰਹੇ ਹਨ। ਪੋਸਟਰ ’ਚ ਇਕ ਤਸਵੀਰ ਹੈ, ਜੋ ਫਟੀ ਹੋਈ ਹੈ। ਨਾਲ ਹੀ ਤਸਵੀਰ ਉੱਪਰ ਪਿਸਤੌਲ ਵੀ ਪਿਆ ਹੈ।
ਸਾਗਾ ਮਿਊਜ਼ਿਕ ਵਲੋਂ ਇਸ ਪੋਸਟਰ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਗਿਆ ਹੈ। ਇਸ ਪੋਸਟਰ ਨਾਲ ਸਾਗਾ ਮਿਊਜ਼ਿਕ ਨੇ ਲਿਖਿਆ, ‘ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਘਾੜਦੀ ਆਪਣੀ ਫ਼ਿਲਮ ‘ਸਾਡੇ ਆਲੇ’। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾ ਕੇ ਰੱਖੀ ਹੈ, ‘ਸਾਡੇ ਆਲੇ’ ਉਸੇ ਖ਼ੂਬਸੂਰਤੀ ਦਾ ਜਸ਼ਨ ਹੈ। ਇਹ ਉਨ੍ਹਾਂ ਕਿਰਦਾਰਾਂ ਦੀ ਕਹਾਣੀ ਹੈ, ਜੋ ਖੇਡ ਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ’ਚ ਲੱਗੇ ਹੋਏ ਹਨ। ਫ਼ਿਲਮ ‘ਸਾਡੇ ਆਲੇ’ ਦੁਨੀਆ ਭਰ ’ਚ 29 ਅਪ੍ਰੈਲ, 2022 ਨੂੰ ਰਿਲੀਜ਼ ਹੋ ਰਹੀ ਹੈ। ਟਰੇਲਰ ਜਲਦ ਆ ਰਿਹਾ ਹੈ।’
ਦੱਸ ਦੇਈਏ ਕਿ ਫ਼ਿਲਮ ’ਚ ਦੀਪ ਸਿੱਧੂ ਤੇ ਸੁਖਦੀਪ ਸੁੱਖ ਤੋਂ ਇਲਾਵਾ ਗੁੱਗੂ ਗਿੱਲ, ਅੰਮ੍ਰਿਤ ਔਲਖ, ਮਹਾਬੀਰ ਭੁੱਲਰ, ਹਰਵਿੰਦਰ ਕੌਰ ਬਬਲੀ, ਅਮਰਿੰਦਰ ਬਿਲਿੰਗ ਤੇ ਸੋਨਪ੍ਰੀਤ ਜਵੰਦਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਜਤਿੰਦਰ ਮੌਹਾਰ ਨੇ ਬਣਾਈ ਹੈ, ਜਿਸ ਨੂੰ ਸੁਮੀਤ ਸਿੰਘ, ਮਨਦੀਪ ਸਿੱਧੂ ਤੇ ਮਨਦੀਪ ਸਿੰਘ ਮੰਨਾ ਨੇ ਪ੍ਰੋਡਿਊਸ ਕੀਤਾ ਹੈ।
ਫ਼ਿਲਮ ਦੇ ਮੁੱਖ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਦੀਪ ਸਿੱਧੂ ਆਪਣੀ ਸਕਾਰਪੀਓ ਗੱਡੀ ’ਚ ਸਵਾਰ ਹੋ ਕੇ ਦਿੱਲੀ ਤੋਂ ਪੰਜਾਬ ਵਾਪਸ ਪਰਤ ਰਹੇ ਸਨ ਪਰ ਰਸਤੇ ’ਚ ਕੁੰਡਲੀ ਮਾਨੇਸਰ ਬਾਰਡਰ ’ਤੇ ਉਨ੍ਹਾਂ ਦੀ ਸਕਾਰਪੀਓ ਗੱਡੀ ਟਰੱਕ ਨਾਲ ਜਾ ਟਕਰਾਈ, ਜਿਸ ਦੇ ਚਲਦਿਆਂ ਉਨ੍ਹਾਂ ਦੀ ਮੌਤ ਹੋ ਗਈ।