ਚੰਡੀਗੜ੍ਹ : ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ ਫ਼ਿਲਮ ‘ਲੇਖ’ ਦੂਜੇ ਹਫ਼ਤੇ ’ਚ ਦਾਖ਼ਲ ਹੋ ਚੁੱਕੀ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਪਹਿਲੇ ਹਫ਼ਤੇ ਦੀ ਕਮਾਈ ਵੀ ਸਾਹਮਣੇ ਆ ਗਈ ਹੈ। ਫ਼ਿਲਮ ਦੇ ਲੇਖਕ ਜਗਦੀਪ ਸਿੱਧੂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਦੱਸ ਦੇਈਏ ਕਿ ‘ਲੇਖ’ ਨੇ ਪਹਿਲੇ ਹਫ਼ਤੇ 10.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਪੋਸਟ ਨਾਲ ਜਗਦੀਪ ਸਿੱਧੂ ਲਿਖਦੇ ਹਨ, ‘ਧੰਨਵਾਦ ਇੰਨਾ ਸੁਪੋਰਟ ਕਰਨ ਲਈ। ‘ਆਰ. ਆਰ. ਆਰ.’ ਵਰਗੀ ਵੱਡੀ ਫ਼ਿਲਮ ਦੇ ਸਾਹਮਣੇ ਖੜ੍ਹਾ ਕਰਨ ਲਈ।’
‘ਲੇਖ’ ਫ਼ਿਲਮ ਨੂੰ ਮਨਵੀਰ ਬਰਾੜ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਜਗਦੀਪ ਸਿੱਧੂ ਵਲੋਂ ਲਿਖੇ ਗਏ ਹਨ। ਫ਼ਿਲਮ ’ਚ ਗੁਰਨਾਮ ਭੁੱਲਰ ਤੇ ਤਾਨੀਆ ਤੋਂ ਇਲਾਵਾ ਸਵਰਗੀ ਕਾਕਾ ਕੌਟਕੀ, ਨਿਰਮਲ ਰਿਸ਼ੀ, ਹਰਮਨ ਧਾਲੀਵਾਲ ਤੇ ਹਰਮਨ ਬਰਾੜ ਨੇ ਅਹਿਮ ਭੂਮਿਕਾ ਨਿਭਾਈ ਹੈ।
ਫ਼ਿਲਮ ਨੂੰ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੰਘ ਸਿੱਧੂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ’ਚ ਗੁਰਨਾਮ ਭੁੱਲਰ ਤੇ ਤਾਨੀਆ ਨੂੰ ਆਪਣੀ ਲੁੱਕ ਕਾਰਨ ਕਾਫੀ ਤਾਰੀਫ਼ ਮਿਲ ਰਹੀ ਹੈ। ਦੋਵਾਂ ਹੀ ਕਲਾਕਾਰਾਂ ਨੇ ਫ਼ਿਲਮ ਲਈ ਆਪਣੇ ਭਾਰ ਤੇ ਆਪਣੀ ਫਿਟਨੈੱਸ ਨਾਲ ਤਜਰਬਾ ਕੀਤਾ ਸੀ, ਜੋ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ।