ਚੰਡੀਗੜ੍ਹ- ਪੰਜਾਬੀ ਸੰਗੀਤਕ ਐਲਬਮਾਂ ਵਿਚ ਅਦਾਕਾਰੀ ਸਦਕਾ ਚੰਗੀ ਪਛਾਣ ਬਣਾ ਚੁੱਕੀ ਮਾਡਲ ਤੇ ਅਦਾਕਾਰਾ ਤਨਵੀ ਨਾਗੀ ਨੇ ਹੁਣ ਪੰਜਾਬੀ ਫ਼ਿਲਮਾਂ ਵੱਲ ਕਦਮ ਵਧਾਇਆ ਹੈ। ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਵਿਚ ਤਨਵੀ ਨਾਗੀ ਬਤੌਰ ਨਾਇਕਾ ਮਹਿਤਾਬ ਵਿਰਕ ਨਾਲ ਨਜ਼ਰ ਆਵੇਗੀ। ਨਾਗੀ ਨੇ ਦੱਸਿਆ ਕਿ ਬਤੌਰ ਅਦਾਕਾਰਾ ਇਹ ਉਸ ਦੀ ਪਹਿਲੀ ਫ਼ਿਲਮ ਹੈ, ਜਿਸ ਵਿਚ ਉਸ ਨੇ ਸੀਰਤ ਨਾਂ ਦੀ ਮੈਡੀਕਲ ਦੀ ਪੜ੍ਹਾਈ ਕਰਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਆਪਣੇ ਨਾਲ ਪੜ੍ਹਦੇ ਮੁੰਡੇ ਮਹਿਤਾਬ ਵਿਰਕ ਨਾਲ ਪਿਆਰ ਹੋ ਜਾਂਦਾ ਹੈ। ਜਦੋਂ ਇਹ ਪਿਆਰ ਵਿਆਹੁਤਾ ਜ਼ਿੰਦਗੀ ਵਿਚ ਤਬਦੀਲ ਹੁੰਦਾ ਹੈ ਤਾਂ ਨੂੰਹ-ਸੱਸ ਦਾ ਤਕਰਾਰ ਭਰਿਆ ਮੁਕਾਬਲਾ ਸ਼ੁਰੂ ਹੁੰਦਾ ਹੈ।
ਇਹ ਫ਼ਿਲਮ ਜਿਥੇ ਦੋ ਦਿਲਾਂ ਵਿਚਾਲੇ ਪਿਆਰ ਦੀ ਕਹਾਣੀ ਹੈ, ਉਥੇ ਨੂੰਹ-ਸੱਸ ਦੀ ਖੱਟੀ-ਮਿੱਠੀ ਨੋਕ-ਝੋਕ ਵਾਲੀ ਪਰਿਵਾਰਕ ਕਾਮੇਡੀ ਦਾ ਵੀ ਸੁਮੇਲ ਹੈ। ਬਨਵੈਤ ਫ਼ਿਲਮਜ਼ ਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ, ਜੋ ਮਨੋਰੰਜਨ ਦੇ ਨਾਲ-ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਫ਼ਿਲਮ ਵਿਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ। ਪੀੜ੍ਹੀ ਦਰ ਪੀੜ੍ਹੀ ਰਿਸ਼ਤਿਆਂ ਵਿਚ ਆ ਰਹੇ ਬਦਲਾਅ ਇਸ ਫ਼ਿਲਮ ਦਾ ਅਹਿਮ ਧੁਰਾ ਹਨ। ਫ਼ਿਲਮ ਦਾ ਟਾਈਟਲ ਚਾਹੇ ਮਜੱਹੀਆ ਹੈ ਪਰ ਇਸ ਅੰਦਰ ਇਕ ਵੱਡਾ ਸੁਨੇਹਾ ਤੇ ਹਰ ਘਰ ਦੀ ਕਹਾਣੀ ਵੀ ਹੈ।
ਲੁਧਿਆਣਾ ਦੀ ਜੰਮਪਲ ਤਨਵੀ ਨਾਗੀ ਨੇ ਦੱਸਿਆ ਕਿ ਉਹ ਮੈਡੀਕਲ ਦੀ ਪੜ੍ਹਾਈ ਕਰਦਿਆਂ ਸ਼ੌਕ-ਸ਼ੌਕ ਵਿਚ ਹੀ ਮਾਡਲਿੰਗ ਦੇ ਖੇਤਰ ਵੱਲ ਆ ਗਈ। ਉਸ ਨੇ ਇਸ ਖੇਤਰ ਵਿਚ ਪ੍ਰਸਿੱਧੀ ਪਾਉਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਹ ਤਾਂ ਡਾਕਟਰ ਬਣਨਾ ਚਾਹੁੰਦੀ ਸੀ। 18 ਸਾਲ ਦੀ ਉਮਰ ਵਿਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਅਨੇਕਾਂ ਨਾਮੀ ਗਾਇਕਾਂ ਦੇ ਚਰਚਿਤ ਵੀਡੀਓਜ਼ ਵਿਚ ਅਦਾਕਾਰੀ ਕਰਕੇ ਵੱਖਰੀ ਪਛਾਣ ਬਣਾਈ। ਉਸ ਨੇ ਕੁਆਰੀ (ਮਨਕੀਰਤ ਔਲਖ), ਲੈਕਚਰ ਲਗਾ ਕੇ ਨਿਕਲੀ (ਨਛੱਤਰ ਗਿੱਲ), ਮੇਰੇ ਬਾਰੇ (ਗੈਰੀ ਸੰਧੂ), ਜੱਟਾਂ ਦਾ ਪੁੱਤ ਮਾੜਾ ਹੋ ਗਿਆ (ਨਿੰਜਾ), ਨੀਲੇ ਨੈਣ (ਫ਼ਿਰੋਜ਼ ਖ਼ਾਨ, ਕਮਾਲ ਖ਼ਾਨ, ਮਾਸ਼ਾ ਅਲੀ), ਨੌਟੀ ਮੁੰਡਾ (ਮਹਿਤਾਬ ਵਿਰਕ) ਆਦਿ ਗੀਤਾਂ ਵਿਚ ਕੰਮ ਕੀਤਾ।
ਆਪਣੇ ਫ਼ਿਲਮੀ ਸਫ਼ਰ ਦੇ ਆਗਾਜ਼ ਬਾਰੇ ਉਸ ਨੇ ਦੱਸਿਆ ਕਿ ਉਹ ਇਸ ਖੇਤਰ ਵਿਚ ਇਕ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹੈ, ਜਿਸ ਲਈ ਉਸ ਨੇ ਬਕਾਇਦਾ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਸਿੱਖਿਆ ਹੈ। ਫ਼ਿਲਮ ਦੀ ਸੂਟਿੰਗ ਦੌਰਾਨ ਸਾਰੇ ਹੀ ਸੀਨੀਅਰ ਕਲਾਕਾਰਾਂ ਦਾ ਬਹੁਤ ਸਹਿਯੋਗ ਮਿਲਿਆ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਪਿਆਰ-ਵਿਆਹ ਵਿਚ ਬੱਝੀ ਰੁਮਾਂਟਿਕ ਲਾਈਫ਼ ਤੇ ਨੂੰਹ-ਸੱਸ ਦੀ ਨੋਕ-ਝੋਕ ਆਧਾਰਿਤ ਇਸ ਫ਼ਿਲਮ ਵਿਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ, ਤਰਸੇਮ ਪੌਲ, ਦਿਲਾਵਰ ਸਿੱਧੂ, ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਉਸ ਨੂੰ ਆਸ ਹੈ ਕਿ ਮਿਊਜ਼ਿਕ ਵੀਡੀਓ ਵਾਂਗ ਫ਼ਿਲਮੀ ਪਰਦੇ ਉੱਤੇ ਵੀ ਦਰਸ਼ਕ ਉਸ ਨੂੰ ਭਰਵਾਂ ਪਿਆਰ ਦੇਣਗੇ।