in

ਮਿਊਜ਼ੀਕਲ ਪ੍ਰੇਮ ਕਹਾਣੀ ਹੋਵੇਗੀ ‘ਵੈਸਟਨ ਗਵੱਈਆ’, ਆਰਿਆ ਬੱਬਰ ਤੇ ਮਨਰੀਤ ਸਰਾਂ ਨਿਭਾਉਣਗੇ ਮੁੱਖ ਭੂਮਿਕਾ

ਚੰਡੀਗੜ੍ਹ– “ਮੇਰੇ ਪਿਤਾ ਨੂੰ ਹਿੰਦੀ ਸਿਨੇਮੇ ਤੋਂ ਪਹਿਲਾਂ ਪੰਜਾਬੀ ਸਿਨੇਮੇ ਨੇ ਪਛਾਣ ਦਿੱਤੀ ਸੀ। ਪਿਤਾ ਵਾਂਗ ਹੀ ਮੇਰਾ ਵੀ ਪੰਜਾਬੀ ਸਿਨੇਮਾ ਨਾਲ ਦਿਲੋਂ ਪਿਆਰ ਹੈ। ਮੇਰੀ ਪਛਾਣ ਵੀ ਪੰਜਾਬੀ ਸਿਨੇਮਾ ਹੀ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਨਾਮਵਰ ਅਦਾਕਾਰ ਆਰਿਆ ਬੱਬਰ ਨੇ ਕੀਤਾ। ਆਰਿਆ ਬੱਬਰ ਮਸ਼ਹੂਰ ਅਦਾਕਾਰ ਰਾਜ ਬੱਬਰ ਦੇ ਪੁੱਤਰ ਹਨ। ਉਹ ਅੱਜ ਇਥੇ ਆਪਣੀ ਨਵੀਂ ਪੰਜਾਬੀ ਫ਼ਿਲਮ ‘ਵੈਸਟਨ ਗਵੱਈਆ’ ਦੇ ਐਲਾਨ ਤੇ ਪੋਸਟਰ ਰਿਲੀਜ਼ ਕਰਨ ਪਹੁੰਚੇ ਸਨ। ਇਸ ਮੌਕੇ ਆਰਿਆ ਬੱਬਰ ਦੇ ਨਾਲ ਫ਼ਿਲਮ ਦੀ ਨਾਇਕਾ ਮਨਰੀਤ ਸਰਾਂ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹਨੀ ਅਲਬੇਲਾ, ਦੀਦਾਰ ਸੰਧੂ, ਬਾਲ ਕਲਾਕਾਰ ਮਨਰਾਜ ਸਿੰਘ ਸਿੱਧੂ, ਫ਼ਿਲਮ ਦੇ ਨਿਰਦੇਸ਼ਕ ਪਰਮਜੀਤ ਸਿੰਘ, ਲੇਖਕ ਰਿਸ਼ੀ ਮੱਲੀ, ਨਿਰਮਾਤਾ ਗੁਰਦਿਆਲ ਸਿੰਘ ਸਿੱਧੂ, ਦਿਲਜੀਤ ਸਿੰਘ, ਸਹਿ-ਨਿਰਮਾਤਾ ਦੀਪਕਜੋਤ ਸਿੰਘ, ਸਤਵੰਤ ਸਿੰਘ ਮਾਨ ਤੇ ਦਵਿੰਦਰ ਸਿੰਘ ਹਾਜ਼ਰ ਸਨ।

ਇਸ ਮੌਕੇ ਫ਼ਿਲਮ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਫ਼ਿਲਮ ਇਕ ਮਿਊਜ਼ੀਕਲ ਡਰਾਮਾ ਫ਼ਿਲਮ ਹੈ, ਜੋ ਆਮ ਪੰਜਾਬੀ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਹੋਵੇਗੀ। ਇਸ ਦੀ ਸ਼ੂਟਿੰਗ ਯੂ. ਕੇ. ਦੀਆਂ ਵੱਖ-ਵੱਖ ਲੋਕੇਸ਼ਨਜ਼ ’ਤੇ ਕੀਤੀ ਜਾਵੇਗੀ। ਨਿਰਮਾਤਾ ਗੁਰਦਿਆਲ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਬੈਨਰ ‘ਐਲਪਾਇਨ ਮੋਸ਼ਨ ਪਿਕਚਰਜ਼’ ਦੀ ਇਹ ਤੀਜੀ ਫ਼ਿਲਮ ਹੈ, ਉਹ ਇਸ ਤੋਂ ਪਹਿਲਾਂ ‘ਅੰਗਰੇਜ਼ ਪੁੱਤ’ ਤੇ ‘ਟੀਚਰ ਜੀ’ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਇਹ ਫ਼ਿਲਮ ਉਨ੍ਹਾਂ ਵਲੋਂ ਨਿਰਮਾਤਾ ਦਲਜੀਤ ਸਿੰਘ, ਦੀਪਕਜੋਤ ਸਿੰਘ, ਸਤਵੰਤ ਸਿੰਘ ਮਾਨ ਤੇ ਦਵਿੰਦਰ ਸਿੰਘ ਨਾਲ ਮਿਲ ਕੇ ਬਣਾਈ ਜਾ ਰਹੀ ਹੈ। ਉਨ੍ਹਾਂ ਦੀ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

ਇਸ ਮੌਕੇ ਆਰਿਆ ਬੱਬਰ ਨੇ ਆਪਣੀ ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਫ਼ਿਲਮ ’ਚ ਇਕ ਅਜਿਹੇ ਸਿਰਫਿਰੇ ਗਾਇਕ ਦਾ ਕਿਰਦਾਰ ਨਿਭਾਅ ਰਿਹਾ ਹੈ, ਜਿਸ ਨੂੰ ਭਾਵੇਂ ਗਾਇਕੀ ਦੀ ਕੋਈ ਸਮਝ ਨਹੀਂ ਹੈ ਪਰ ਉਸ ਨੂੰ ਲੱਗਦਾ ਹੈ ਕਿ ਉਹ ਵੱਡਾ ਗਾਇਕ ਹੈ। ਉਸ ਦੇ ਨਾਲ ਰਹਿਣ ਵਾਲੇ ਉਸ ਦੇ ਦੋਸਤ ਵੀ ਉਸ ਨੂੰ ਸਦਾ ਇਸੇ ਵਹਿਮ ’ਚ ਹੀ ਰੱਖਦੇ ਹਨ। ਇਸ ’ਚ ਉਸ ਦੇ ਦੋਸਤ ਦੀ ਭੂਮਿਕਾ ’ਚ ਕਸ਼ਮੀਰ ਸਿੰਘ ਸੰਘਾ ਨਜ਼ਰ ਆਵੇਗਾ।

ਉਹ ਪਹਿਲੀ ਵਾਰ ਅਜਿਹਾ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੀ ਨਾਇਕਾ ਮਨਰੀਤ ਸਰਾਂ ਨੇ ਕਿਹਾ ਕਿ ਉਹ ਖ਼ੁਸ਼ ਹੈ ਕਿ ਉਸ ਨੂੰ ਇਸ ਸ਼ਾਨਦਾਰ ਫ਼ਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਸ ਮੌਕੇ ਹਾਜ਼ਰ ਬਾਕੀ ਕਲਾਕਾਰਾਂ ਨੇ ਵੀ ਫ਼ਿਲਮ ਦੇ ਸਬਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਪੰਜਾਬੀ ਸਿਨੇਮਾ ’ਚ ਇਸ ਤਰ੍ਹਾਂ ਦੀਆਂ ਲੀਕ ਤੋਂ ਹੱਟਵੀਆਂ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਇਸ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰ ਚੁੱਕੇ ਹਨ। ਉਹ ਜਾਣਦੇ ਹਨ ਕਿ ਇਹ ਪ੍ਰੋਡਕਸ਼ਨ ਹਾਊਸ ਪੰਜਾਬੀ ਦਰਸ਼ਕਾਂ ਦੀ ਝੋਲੀ ਅਜਿਹੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਹੀ ਪਾਵੇਗਾ।

Leave a Reply

Your email address will not be published. Required fields are marked *

ਸਿੰਗਾ ਨੇ ਸ਼ੁਰੂ ਕੀਤੀ ਨਵੀਂ ਫ਼ਿਲਮ ‘ਬੇਫ਼ਿਕਰਾ’ ਦੀ ਸ਼ੂਟਿੰਗ

ਢਿੱਡੀ ਪੀੜਾਂ ਪਾਵੇਗੀ “ਖਾਓ ਪੀਓ ਐਸ਼ ਕਰੋ” 1 ਜੁਲਾਈ ਨੂੰ ਹੋਵੇਗੀ ਰਿਲੀਜ