in

ਡ੍ਰੀਮ ਗਰਲ ਹੇਮਾ ਮਾਲਿਨੀ ਬਣੀ ਪੰਜਾਬੀ ਫ਼ਿਲਮ ਪ੍ਰੋਡਿਊਸਰ, ਪਹਿਲੀ ਫ਼ਿਲਮ ‘ਮਿੱਟੀ, ਵਿਰਾਸਤ ਬੱਬਰਾਂ ਦੀ’ ਦੀ ਸ਼ੂਟਿੰਗ ਸ਼ੁਰੂ

ਪੰਜਾਬੀ ਸਿਨੇਮੇ ਦੀ ਦਿਨੋਂ ਦਿਨ ਵੱਧ ਰਹੀ ਪ੍ਰਫੁੱਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਫ਼ਿਲਮ ਇੰਡਸਟਰੀ ਦੀ ਡ੍ਰੀਮ ਗਰਲ ਯਾਨੀ ਹੇਮਾ ਮਾਲਿਨੀ ਬਤੌਰ ਫ਼ਿਲਮ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੀ ਹੈ। ਆਪਣੀ ਇਸ ਪਹਿਲੀ ਪੰਜਾਬੀ ਫ਼ਿਲਮ ਦੇ ਮਹੂਰਤ ਲਈ ਚੰਡੀਗੜ• ਪੁੱਜੀ ਹੇਮਾ ਮਾਲਿਨੀ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮੇ ਨਾਲ ਜੁੜਨਾ ਉਹ ਮਾਣ ਵਾਲੀ ਗੱਲ ਮਹਿਸੂਸ ਕਰ ਰਹੀ ਹੈ।

ਹੇਮਾ ਮਾਲਿਨੀ ਵੱਲੋਂ ਵਿੰਕੀ ਰਾਏ ਨਾਲ ਮਿਲਕੇ ‘ਐਚ ਐਮ ਕਰੀਏਸ਼ਨ ਅਤੇ ਉਤਰਾ ਫੂਡ ਤੇ ਫੀਡ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠਾਂ ਪੰਜਾਬੀ ਫ਼ਿਲਮ ‘ਮਿੱਟੀ, ਵਿਰਾਸਤ ਬੱਬਬਾਂ ਦੀ’ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਚੰਡੀਗੜ• ਅਤੇ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਜਾਣ ਵਾਲੀ ਇਸ ਫ਼ਿਲਮ ਨੂੰ ਬਾਲੀਵੁੱਡ ਦੇ ਨਾਮਵਰ ਫ਼ਿਲਮ ਨਿਰਦੇਸ਼ਕ ਹਿਰਦੇ ਸ਼ੈਟੀ ਨਿਰਦੇਸ਼ਤ ਕਰ ਰਹੇ ਹਨ। ਫ਼ਿਲਮ ਦੇ ਹੀਰੋ ਲਖਵਿੰਦਰ ਕੰਡੋਲਾ ਵੱਲੋਂ ਹੀ ਇਸ ਦੀ ਕਹਾਣੀ ਲਿਖੀ ਗਈ ਹੈ। ਸੰਜੇ ਬਾਲੀ ਵੱਲੋਂ ਡਿਜ਼ਾਈਨ ਕੀਤੀ ਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਸ ਫ਼ਿਲਮ ‘ਚ ਮੁੱਖ ਭੂਮਿਕਾ ਲਖਵਿੰਦਰ ਕੰਡੋਲਾ ਵੱਲੋਂ ਨਿਭਾਈ ਜਾ ਰਹੀ ਹੈ। ਉਸ ਨਾਲ ਫ਼ਿਲਮ ‘ਚ ਕੁਲਜਿੰਦਰ ਸਿੱਧੂ, ਨਿਸ਼ਾਵਨ ਭੁੱਲਰ, ਅਦਾਕਾਰਾ ਜਪਜੀ ਖਹਿਰਾ, ਅਕਿਸ਼ਤਾ ਸਰੀਨ, ਜਗਜੀਤ ਸੰਧੂ, ਧੀਰਜ ਕੁਮਾਰ, ਪਾਲੀ ਸੰਧੂ, ਸ਼ਵਿੰਦਰ ਮਾਹਲ, ਅਨੀਤਾ ਸ਼ਬਦੀਸ਼, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ ਸਿੰਘ ਅਤੇ ਲੱਕੀ ਧਾਲੀਵਾਲ ਨਜ਼ਰ ਆਉਂਣਗੇ।

ਲਖਵਿੰਦਰ ਕੰਡੋਲਾ ਨੇ ਦੱਸਿਆ ਕਿ ਉਹ ਇਸ ਫ਼ਿਲਮ ਦੀ ਕਹਾਣੀ ‘ਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਮਿੱਟੀ’ ਵਿੱਚ ਬਤੌਰ ਹੀਰੋ ਨਜ਼ਰ ਆ ਚੁੱਕੇ ਹਨ। ਇਹ ਫ਼ਿਲਮ ਮਿੱਟੀ ਦਾ ਅਗਲਾ ਅਧਿਆਏ ਕਿਹਾ ਜਾ ਸਕਦਾ ਹੈ, ਪਰ ਇਸ ਵਾਰ ਫ਼ਿਲਮ ਦਾ ਵਿਸ਼ਾ ਅਤੇ ਮੰਤਵ ਬਿਲਕੁਲ ਵੱਖਰਾ ਹੈ। ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਤਾਂ ਦੇ ਨਾਲ ਨਾਲ ਸਾਲ 1920 ਦੇ ਦੌਰ ‘ਚ ਚੱਲੀ ਬੱਬਰ ਅਕਾਲੀ ਲਹਿਰ ਨੂੰ ਪਰਦੇ ‘ਤੇ ਪੇਸ਼ ਕਰੇਗੀ। ਇਹ ਫ਼ਿਲਮ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੇ ਨਾਲ ਨਾਲ ਪੰਜਾਬ ਦੇ ਅਮੀਰ ਤੇ ਅਣਗੌਲੀ ਵਿਰਾਸਤ ਨੂੰ ਵੀ ਅਜੌਕੇ ਦਰਸ਼ਕਾਂ ਦੇ ਰੂਬਰੂ ਕਰੇਗੀ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਹਿਰਦੈ ਸ਼ੈਟੀ ਨੇ ਦੱਸਿਆ ਕਿ ਬਤੌਰ ਨਿਰਦੇਸ਼ਕ ਉਸ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦਾ ਵਿਸ਼ਾ ਏਨਾ ਖੂਬਸੂਰਤ ਹੈ ਕਿ ਉਹ ਇਸ ਤੋਂ ਨਿੱਜੀ ਤੌਰ ‘ਤੇ ਪ੍ਰਭਾਵਿਤ ਹਨ। ਅਜਿਹੀਆਂ ਫ਼ਿਲਮਾਂ ਹੀ ਕਿਸੇ ਭਾਸ਼ਾ ਦੇ ਸਿਨੇਮੇ ਦਾ ਮਿਆਰ ਤੇ ਕੱਦ ਉੱਚਾ ਚੁੱਕਣ ‘ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਇਸ ਮੌਕੇ ਹਾਜ਼ਰ ਫ਼ਿਲਮ ਦੀ ਨਾਇਕਾ ਜਪਜੀ ਖਹਿਰਾ ਨੇ ਕਿਹਾ ਕਿ ਉਹ ਇਸ ਫ਼ਿਲਮ ਦੀ ਮੁੱਖ ਸੂਤਰਧਾਰ ਹੈ। ਫ਼ਿਲਮ ਦੀ ਸ਼ੁਰੂਆਤ ਅਤੇ ਅੰਤ ਉਸਦੇ ਕਿਰਦਾਰ ਤੋਂ ਹੀ ਹੁੰਦਾ ਹੈ। ਉਹ ਇਸ ਫ਼ਿਲਮ ਵਿੱਚ ਇਕ ਰਿਸਰਚ ਸਕਾਲਰ ਦੀ ਭੂਮਿਕਾ ‘ਚ ਨਜ਼ਰ ਆਵੇਗੀ।

ਇਸ ਮੌਕੇ ਹਾਜ਼ਰ ਬਾਕੀ ਕਲਾਕਾਰਾਂ ਨੇ ਵੀ ਆਪਣੇ ਕਿਰਦਾਰਾਂ ਬਾਰੇ ਜਾਣਕਾਰੀ ਦਿੰਦਿਆਂ ਇਸ ਫ਼ਿਲਮ ਨਾਲ ਜੁੜਨਾ ਆਪਣੀ ਖੁਸ਼ਕਿਸਮਤੀ ਦੱਸਿਆ। ਲਾਈਨ ਨਿਰਮਾਤਾ ਨਿਤਿਨ ਗੁਪਤਾ ਅਤੇ ਚੰਨਪ੍ਰੀਤ ਧਨੋਆ ਦੀ ਨਿਗਰਾਨੀ ਚ ਬਣਨ ਜਾ ਰਹੀ ਇਸ ਫ਼ਿਲਮ ਦਾ ਕੈਮਰਾਮੈਨ ਫ਼ਾਰੂਕ ਖ਼ਾਨ ਹੋਵੇਗਾ ਜਦਕਿ ਮਿਊਜ਼ਿਕ ਮਿਸਟਰ ਵਾਅੋ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਹ ਫ਼ਿਲਮ ਅਗਲੇ ਸਾਲ 1 ਮਾਰਚ ਨੂੰ ਸਿਨੇਮਾਘਰਾਂ ‘ਚ ਦੇਖਣ ਨੂੰ ਮਿਲੇਗੀ।

Leave a Reply

Your email address will not be published. Required fields are marked *

ਖੂਬਸੂਰਤ ਰੋਮਾਂਟਿਕ ਗੀਤ ‘ਖਾਬ’ ਨਾਲ ਮਨਲੀਨ ਰੇਖੀ ਦਾ ਹੋਇਆ ਗਾਇਕੀ ਸਫਰ ਸ਼ੁਰੂ

2 ਨਵੰਬਰ ਨੂੰ ਰਿਲੀਜ਼ ਹੋਵੇਗਾ ‘ਰੰਗ ਪੰਜਾਬ ਦਾ ਟ੍ਰੇਲਰ, 23 ਨਵੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ