ਯੋਗਰਾਜ ਸਿੰਘ ਪੰਜਾਬੀ ਸਿਨੇਮੇ ਦਾ ਬਾਬਾ ਬੋਹੜ ਤੇ ਸਮਰੱਥ ਅਦਾਕਾਰ ਹੈ। ਆਪਣੇ ਰੋਹਬਦਾਰ ਜੁੱਸੇ ਅਤੇ ਦਮਦਾਰ ਆਵਾਜ਼ ਨਾਲ ਲੰਮੇ ਸਮੇਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਯੋਗਰਾਜ ਸਿੰਘ ਨੇ ਆਪਣੇ ਅਦਾਕਾਰ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਹਿੰਦੀ ਫ਼ਿਲਮ ‘ਭਾਗ ਮਿਲਖਾ ਭਾਗ’ ਤੋਂ ਕੀਤੀ ਸੀ। ਇਸ ਫ਼ਿਲਮ ‘ਚ ਨਿਭਾਇਆ ਯਾਦਗਾਰੀ ਕਿਰਦਾਰ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਯੋਗਰਾਜ ਸਿੰਘ ਨੇ ਭਾਵੇਂ ਦਰਜਨਾਂ ਫ਼ਿਲਮ ‘ਚ ਵੱਡੀ ਛੋਟੀ ਭੂਮਿਕਾ ਨਿਭਾਈ ਹੈ, ਪਰ ਉਸ ਨੂੰ ਦਿਲੀ ਸੁਤੰਸ਼ਟੀ ਬਹੁਤ ਘੱਟ ਕਿਰਦਾਰਾਂ ਤੋਂ ਮਿਲੀ ਹੈ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਵਿੱਚ ਤਜਰਬੇਕਾਰ ਫ਼ੌਜੀ ਅਫ਼ਸਰ ਜ਼ੋਰਾਵਰ ਸਿੰਘ ਦਾ ਦਮਦਾਰ ਕਿਰਦਾਰ ਨਿਭਾ ਕੇ ਯੋਗਰਾਜ ਸਿੰਘ ਮਾਣ ਮਹਿਸੂਸ ਕਰ ਰਿਹਾ ਹੈ।

ਨਿਰਮਾਤਾ ਜੈ ਸਾਹਨੀ ਅਤੇ ਸੋਹਨਾ ਸਾਹਨੀ ਦੀ ਨਿਰਦੇਸ਼ਕ ਪੰਕਜ ਬਤਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਸਬੰਧੀ ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਮਾਸਟਪੀਸ ਫ਼ਿਲਮ ਸਾਬਤ ਹੋਵੇਗੀ। ਇਸ ਫ਼ਿਲਮ ‘ਚ ਉਹ ਜ਼ੋਰਾਵਰ ਸਿੰਘ ਨਾਂ ਦੇ ਫ਼ੌਜੀ ਅਫ਼ਸਰ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਨੇ ਪਹਿਲੇ ਵਿਸ਼ਵ ਯੁੱਧ ‘ਚ ਇਕ ਨੀਤੀਘਾੜੇ ਅਤੇ ਆਪਣੇ ਰੰਗਰੂਟਾਂ ਦੀ ਅਗਵਾਈ ਕੀਤੀ ਸੀ। ਜ਼ੋਰਾਵਾਰ ਸਿੰਘ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਕਈ ਲੜਾਈਆਂ ਲੜ ਚੁੱਕਿਆ ਸੀ, ਇਸ ਲਈ ਉਸਨੂੰ ਗੋਰਿਆ ਵੱਲੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਫ਼ੌਜੀ ਜਵਾਨਾਂ ਦੀ ਅਗਵਾਈ ਲਈ ਬੁਲਾਇਆ ਗਿਆ ਸੀ। ਦਿਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਰਾਜਸਥਾਨ ਅਤੇ ਇੰਗਲੈਂਡ ਦੇ ਬਾਹਰੀ ਹਿੱਸੇ ‘ਚ ਕੀਤੀ ਗਈ ਹੈ। ਪਹਿਲੇ ਵਿਸ਼ਵ ਯੁੱਧ ‘ਤੇ ਅਧਾਰਿਤ ਇਸ ਫ਼ਿਲਮ ਦੇ ਟ੍ਰੇਲਰ ‘ਚ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯੋਗਰਾਜ ਸਿੰਘ ਇਸ ਵਾਰ ਇਕ ਵੱਖਰੇ ਤੇ ਯਾਦਗਾਰੀ ਅੰਦਾਜ਼ ‘ਚ ਦਰਸ਼ਕਾਂ ਦੇ ਰੂਬਰੂ ਹੋਵੇਗਾ।

ਯੋਗਰਾਜ ਸਿੰਘ ਦੀ ਜ਼ਿੰਦਾਦਿਲੀ ਅਤੇ ਮਿਹਨਤ ਨੂੰ ਸਲਾਮ ਕਰਦਿਆਂ ਦਿਲਜੀਤ ਦੁਸਾਂਝ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਸੀ। ਜਿਸ ‘ਚ ਉਹਨਾਂ ਆਖਿਆ ਸੀ ਕਿ ਯੋਗਰਾਜ ਸਿੰਘ ਨਿੱਜੀ ਜ਼ਿੰਦਗੀ ‘ਚ ਬਹੁਤ ਮਿਲਣਸਾਰ ਹਨ। ਉਹ ਕਦੇ ਕੰਮ ਨਾਲ ਸਮਝੌਤਾ ਨਹੀਂ ਕਰਦੇ। ਸ਼ੂਟਿੰਗ ਦੌਰਾਨ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਆਪਣੇ ਕਿਰਦਾਰ ਬਿਨਾਂ ਥਕਾਵਟ ਮਹਿਸੂਸ ਕੀਤਿਆਂ ਪੂਰੀ ਤਨਦੇਹੀ ਨਾਲ ਨਿਭਾਇਆ। ਯੋਗਰਾਜ ਸਿੰਘ ਵੀ ਇਸ ਫ਼ਿਲਮ ‘ਚ ਕੰਮ ਕਰਨਾ ਆਪਣਾ ਸੁਭਾਗ ਮੰਨ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਮਹਾਨ ਸੂਰਵੀਰਾਂ ਦੀ ਜ਼ਿੰਦਗੀ ‘ਤੇ ਬਣੀ ਇਸ ਫ਼ਿਲਮ ‘ਚ ਕੰਮ ਕਰਨਾ ਕਿਸੇ ਸਨਮਾਨ ਤੋਂ ਘੱਟ ਨਹੀਂ ਹੈ। ਇਹ ਫ਼ਿਲਮ ਸੁਮੱਚੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮਾਣ ਮਹਿਸੂਸ ਕਰਵਾਏਗੀ। ਉਹਨਾਂ ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਦੀ ਵੀ ਰੱਜ ਕੇ ਤਾਰੀਫ਼ ਕੀਤੀ। ਯੋਗਰਾਜ ਮੁਤਾਬਕ ਪੰਕਜ ਬਤਰਾ ਪੰਜਾਬੀ ਦਰਸ਼ਕਾਂ ਦੀ ਰਮਝ ਨੂੰ ਪਹਿਚਾਣਦਾ ਹੈ। ਉਸ ਨੂੰ ਕਹਾਣੀ ਨੂੰ ਪਰਦੇ ‘ਤੇ ਪੇਸ਼ ਕਰਨਾ ਆਉਂਦਾ ਹੈ। ਉਹ ਕਿਸੇ ਵੀ ਕਲਾਕਾਰ ਤੋਂ ਆਪਣੀ ਮਰਜ਼ੀ ਮੁਤਾਬਕ ਕੰਮ ਕਰਵਾ ਸਕਦਾ ਹੈ। #Fivewood



