‘ਅੰਗਰੇਜ਼’, ‘ਲਵ ਪੰਜਾਬ’, ‘ਬੰਬੂਕਾਟ’, ‘ਲਹੌਰੀਏ’, ‘ਵੇਖ ਬਰਾਤਾਂ ਚੱਲੀਆਂ’ ਸਮੇਤ ਕਈ ਸੁਪਰਹਿੱਟ ਫ਼ਿਲਮਾਂ ਪੰਜਾਬੀ ਸਿਨੇਮੇ ਦੀ ਝੋਲੀ ਪਾਉਣ ਵਾਲੇ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਦੀ ਨਵੀਂ ਫ਼ਿਲਮ 13 ਅਪ੍ਰੈਲ ਨੂੰ ਵਿਸਾਖੀ ਦੇ ਤੋਹਫ਼ੇ ਵਜੋਂ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਰਿਲੀਜ਼ ਹੋ ਰਹੀ ਹੈ। ਇਸ ਵਾਰ ਇਸ ‘ਰਿਦਮ ਬੁਆਏਜ਼’ ਨਾਲ ‘ਹੇਅਰ ਓਮ ਜੀ ਸਟੂਡੀਓਜ਼’ ਬੈਨਰ ਵੀ ਨਿਰਮਾਤਾ ਵਜੋਂ ਸਾਹਮਣੇ ਆਇਆ ਹੈ। ਇਹ ਫ਼ਿਲਮ ਨੋਟਬੰਦੀ ਦੀ ਗੱਲ ਕਰਦੀ ਹੈ, ਜਦੋਂ ਰਾਤੋ-ਰਾਤ 1000 ਤੇ 500 ਦੇ ਨੋਟ ਬੰਦ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ। ਫ਼ਿਲਮ ਅਜਿਹੀ ਕਹਾਣੀ ਬਿਆਨ ਕਰਦੀ ਹੈ, ਜੋ ਮਨੋਰੰਜਕ ਵੀ ਹੈ ਤੇ ਸੰਦੇਸ਼ਮਈ ਵੀ। ਫਿਲਮ ਵਿਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਮੁੱਖ ਭੂਮਿਕਾ ‘ਚ ਹਨ। ਉਨ੍ਹਾਂ ਦਾ ਪਿਆਰ ਤੇ ਨੋਕ-ਝੋਕ ਫ਼ਿਲਮ ਵਿਚ ਕਮਾਲ ਦੇ ਰੰਗ ਭਰਦੀ ਹੈ। ਜਸਵਿੰਦਰ ਭੱਲਾ ਤੇ ਬੀ. ਐੱਨ. ਸ਼ਰਮਾ ਦੀ ਅਦਾਕਾਰੀ ਤੇ ਕਾਮੇਡੀ ਦੇਖਣਯੋਗ ਹੋਵੇਗੀ। ਅਨੀਤਾ ਦੇਵਗਣ ਅਤੇ ਵਿਜੇ ਟੰਡਨ ਦਾ ਕਿਰਦਾਰ ਫ਼ਿਲਮ ਦੀ ਰਫ਼ਤਾਰ ਨੂੰ ਵਧਾਉਂਦੇ ਹਨ। ਫਿਲਮ ਵਿਚ ਮਹਿਮਾਨ ਅਦਾਕਾਰ ਦੇ ਤੌਰ ‘ਤੇ ਅਮਰਿੰਦਰ ਗਿੱਲ ਦੀ ਐਂਟਰੀ ਹੋਵੇਗੀ। ਅਮਰਿੰਦਰ ਦਾ ਇਸ ਫਿਲਮ ਵਿਚ ਸ਼ੁੱਧ ਦੇਸੀ ਪੇਂਡੂ ਰੂਪ ਦਰਸ਼ਕਾਂ ਨੂੰ ਹੋਰ ਵੀ ਚੰਗਾ ਲੱਗਣ ਵਾਲਾ ਹੈ।

ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ। ਕਹਾਣੀ ਧੀਰਜ ਰਤਨ ਦੀ ਹੈ ਤੇ ਸੰਵਾਦ ਰਾਕੇਸ਼ ਧਵਨ ਦੇ ਹਨ। ਸੰਗੀਤ ਜਤਿੰਦਰ ਸ਼ਾਹ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ।ਸਹਿ ਨਿਰਮਾਤਾ ਅਮੀਰ ਵਿਰਕ, ਜਸਪਾਲ ਸੰਧੂ ਤੇ ਮੁਨੀਸ਼ ਸਾਹਨੀ ਹਨ। ਫ਼ਿਲਮ ਦਾ ਖੂਬਸੂਰਤ ਟ੍ਰੇਲਰ, ਜਿਸ ਦਿਨ ‘ਯੂ-ਟਿਊਬ’ ‘ਤੇ ਰਿਲੀਜ਼ ਹੋਇਆ, ਉਸੇ ਦਿਨ ਪਤਾ ਲੱਗ ਗਿਆ ਸੀ ਕਿ ਫ਼ਿਲਮ ਆਮ ਫ਼ਿਲਮਾਂ ਤੋਂ ਵੱਖਰੀ ਹੈ। ਜਿੱਥੇ ਇਸ ਵਿਚ ਪੇਂਡੂ ਧਰਾਤਲ ਦੀ ਪੇਸ਼ਕਾਰੀ ਕੀਤੀ ਗਈ ਹੈ, ਉਥੇ ਸਧਾਰਨ ਇਨਸਾਨ ਦੀ ਜ਼ਿੰਦਗੀ ਵਿਚ ਪੈਸੇ ਦਾ ਮਹੱਤਵ ਅਤੇ ਪੈਸਾ ਕਮਾਉਣ ਤੇ ਬਚਾਉਣ ਲਈ ਕੀਤੀਆਂ ਜਾਂਦੀਆਂ ਜੁਗਤਬੰਦੀਆਂ ਦੀ ਪੇਸ਼ਕਾਰੀ ਹੈ। ਦਰਸ਼ਕਾਂ ਨੂੰ ਆਸ ਹੈ ਕਿ ਇਹ ਫ਼ਿਲਮ ਚਾਲੂ ਸਾਲ ਦੀ ਪਹਿਲੀ ਸੁਪਰਹਿੱਟ ਪੰਜਾਬੀ ਫ਼ਿਲਮ ਹੋਣ ਦਾ ਮਾਣ ਹਾਸਲ ਕਰੇਗੀ।

in News
ਗੋਲਕ ਬੁਗਨੀ ਬੈਂਕ ਤੇ ਬਟੂਆ : ਰੁਮਾਂਸ ਤੇ ਕਾਮੇਡੀ ਨੂੰ ‘ਨੋਟਬੰਦੀ ਦਾ ਤੜਕਾ


