ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਰਾਂਝਾ ਰੀਫਿਊਜੀ’ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਯੂ ਟਿਊਬ ਦੀ ਟਰੈਡਿੰਗ ‘ਚ ਚੱਲ ਰਹੇ ਇਸ ਫ਼ਿਲਮ ਦੇ ਟ੍ਰੇਲਰ ਨੂੰ ਮਹਿਜ਼ 24 ਘੰਟਿਆਂ ‘ਚ ਹੀ 20 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਇਹ ਟ੍ਰੇਲਰ ਸੋਸ਼ਲ ਮੀਡੀਆ ਦੇ ਨਾਲ ਨਾਲ ਵਟਸਐਪ ਗੁਰੱਪਾਂ ਵਿੱਚ ਵੀ ਲਗਾਤਾਰ ਵਾਇਰਲ ਹੋ ਰਿਹਾ ਹੈ।

26 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਵੱਖ ਵੱਖ ਕਿਰਦਾਰਾਂ ‘ਚ ਨਜ਼ਰ ਆ ਰਿਹਾ ਹੈ। ਨਿਰਦੇਸ਼ਕ ਅਵਤਾਰ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਨਾਲ ਕਰਮਜੀਤ ਅਨਮੋਲ, ਹਾਰ ਬੀ ਸੰਘਾ, ਮਲਕੀਤ ਰੌਣੀ ਅਤੇ ਸਾਨਵੀਂ ਧੀਮਾਨ ਨੇ ਅਹਿਮ ਭੂਮਿਕਾ ਨਿਭਾਈ ਹੈ। ਟ੍ਰੇਲਰ ਮੁਤਾਬਕ ਇਹ ਫ਼ਿਲਮ ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੈ। ਰੌਸ਼ਨ ਪ੍ਰਿੰਸ ਜਿਥੇ ਇਸ ਫ਼ਿਲਮ ‘ਚ ਰਾਂਝੇ ਨਾਂ ਦੇ ਨੌਜਵਾਨ ਦੇ ਰੂਪ ‘ਚ ਨਜ਼ਰ ਆ ਰਿਹਾ ਹੈ, ਉਥੇ ਸਰਹੱਦ ‘ਤੇ ਇਕ ਫ਼ੌਜੀ ਵਜੋਂ ਵੀ ਦਿਖਾਈ ਦੇ ਰਿਹਾ ਹੈ।
ਫ਼ਿਲਮ ‘ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਨਜ਼ਰ ਆ ਰਹੀ ਹੈ। ਜੇ ਬੀ ਮੂਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਟ੍ਰੇਲਰ ਦੇ ਆਖਰ ‘ਚ ਰੌਸ਼ਨ ਪ੍ਰਿੰਸ ਡਬਲ ਰੋਲ ‘ਚ ਵੀ ਦਿਖਾਈ ਦੇ ਰਹੇ ਹਨ। ਪਰ ਇਹ ਡਬਲ ਰੋਲ ਫ਼ਿਲਮ ‘ਚ ਵੀ ਨਜ਼ਰ ਆਵੇਗਾ ਜਾਂ ਫਿਰ ਇਹ ਕੋਈ ਹੋਰ ਭੁਲੇਖਾ ਹੈ। ਇਸ ਬਾਰੇ ਸਸਪੈਂਸ ਛੱਡਿਆ ਗਿਆ ਹੈ। ਯਾਦ ਰਹੇ ਕਿ ਰੌਸ਼ਨ ਪ੍ਰਿੰਸ ਦੀ ਇਸ ਤੋਂ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਲਾਵਾਂ ਫ਼ੇਰੇ’ ਨੂੰ ਵੱਡੇ ਪੱਧਰ ‘ਤੇ ਦਰਸ਼ਕਾਂ ਨੇ ਪਸੰਦ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਜਿਸ ਤਰ•ਾਂ ਦੀ ਦਰਸ਼ਕ ਰੌਸ਼ਨ ਪ੍ਰਿੰਸ ਤੋਂ ਉਮੀਦ ਕਰ ਰਹੇ ਹਨ। ਇਹ ਟ੍ਰੇਲਰ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰ ਰਿਹਾ ਹੈ। ਟ੍ਰੇਲਰ ਨੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਉਡੀਕ ਬੇਸਬਰੀ ‘ਚ ਬਦਲ ਦਿੱਤੀ ਹੈ।


