ਮਨੋਰੰਜਨ ਦੇ ਦੌਰ ਵਿਚ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ‘ਤੇ ਫ਼ਿਲਮਾਂ ਬਣਨਾ ਇਕ ਚੰਗਾ ਕਦਮ ਹੈ। ਛੋਟੇ ਪਰਦੇ ‘ਤੇ ਵੱਡੀ ਪਛਾਣ ਰੱਖਣ ਵਾਲਾ ਕਾਮੇਡੀ-ਅਦਾਕਾਰ ਕਪਿਲ ਸ਼ਰਮਾ ਆਪਣੀ ਨਵੀਂ ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਲੈ ਕੇ ਆ ਰਿਹਾ ਹੈ ਜੋ ਪਿਤਾ ਪੁੱਤਰ ਦੇ ਸੁਪਨਿਆਂ ਅਧਾਰਿਤ ਹੈ। ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਇਕ ਮੱਧ-ਵਰਗੀ ਪਰਿਵਾਰ ਦੀਆਂ ਭਾਵਨਾਵਾਂ, ਸੁਪਨਿਆਂ ਅਧਾਰਿਤ ਇਕ ਸਮਾਜਿਕ ਕਹਾਣੀ ਹੈ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਸ ਦੀ ਸੰਤਾਨ ਪੜ੍ਹ ਲਿਖ ਕੇ ਵੱਡੇ ਰੁਤਬੇ ‘ਤੇ ਕਮਾਈਆਂ ਕਰੇ। ਇਸ ਫ਼ਿਲਮ ਦਾ ਨਾਇਕ ਮਨਜੀਤ ਸਿੰਘ (ਗੁਰਪ੍ਰੀਤ ਘੁੱਗੀ) ਵੀ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਵੱਡਾ ਅਫ਼ਸਰ ਵੇਖਣ ਲਈ ਦਿਨ ਰਾਤ ਮਿਹਨਤ ਕਰਦਾ ਹੈ, ਉਧਾਰ ਪੈਸੇ ਲੈ ਕੇ ਸਕੂਲ ਦੀਆਂ ਮੋਟੀਆਂ ਫ਼ੀਸਾਂ ਭਰਦਾ ਹੈ ਪਰ ਬੇਟਾ ਜੈਵੀਰ( ਦਮਨਪ੍ਰੀਤ) ਧੋਨੀ ਭੱਜੀ ਵਾਂਗ ਇਕ ਵੱਡਾ ਕ੍ਰਿਕਟਰ ਬਣਨ ਦਾ ਸੁਪਨਾ ਦੇਖਦਾ ਹੈ, ਜਿਸ ਬਾਰੇ ਪਤਾ ਲੱਗਣ ‘ਤੇ ਉਸਦਾ ਪਿਤਾ ਸਖ਼ਤ ਨਾਰਾਜ਼ ਹੁੰਦਾ ਹੈ। ਅਖੀਰ ਵਿਚ ਕਿਸ ਦੇ ਸੁਪਨੇ ਸੱਚ ਹੁੰਦੇ ਹਨ, ਇਹ ਇਕ ਦਿਲਚਸਪ ਕਹਾਣੀ ਹੈ ਜੋ ਪਰਦੇ ‘ਤੇ ਹੀ ਨਜ਼ਰ ਆਵੇਗੀ।
ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਇਸ ਫ਼ਿਲਮ ਵਿਚ ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨੀਆਂ, ਕਰਮਜੀਤ ਅਨਮੋਲ, ਮਲਕੀਤ ਰੌਣੀ, ਬੀ ਐਨ ਸ਼ਰਮਾ, ਦੀਪ ਮਨਦੀਪ ਹਾਰਬੀ ਸੰਘਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸਕਰੀਨ ਪਲੇਅ ਧੀਰਜ ਰਤਨ ਤੇ ਡਾਇਲਾਗ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜੋ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਹੋਵੇਗਾ। ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਮਨੁੱਖੀ ਭਾਵਨਾਵਾਂ ਦੀ ਵੀ ਪੇਸ਼ਕਾਰੀ ਹੋਵੇਗੀ। -ਸੁਰਜੀਤ ਜੱਸਲ