ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ’ ਅਤੇ ‘ਸਰਦਾਰ ਮੁਹੰਮਦ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ‘ਚ ਆਪਣਾ ਸਥਾਨ ਪੱਕਾ ਕਰ ਚੁੱਕਿਆ ਤਰਸੇਮ ਜੱਸੜ ਹੁਣ ਆਪਣੀ ਤੀਜੀ ਪੰਜਾਬੀ ਫ਼ਿਲਮ ‘ਅਫ਼ਸਰ’ ਨਾਲ ਵੀ ਦਰਸ਼ਕਾਂ ਦੀ ਵਾਹ ਵਾਹ ਖੱਟੇਗਾ। ਦੋ ਦਿਨ ਬਾਅਦ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਪੰਜਾਬੀ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਨਦਰ ਫ਼ਿਲਮਸ ਅਤੇ ਵਿਹਲੀ ਜਨਤਾ ਫ਼ਿਲਮਸ ਦੇ ਬੈਨਰ ਹੇਠ ਬਣੀ ਨਿਰਮਾਤਾ ਅਮੀਕ ਸਿੰਘ ਵਿਰਕ ਅਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ਦੀ ਕਹਾਣੀ ਉੱਘੇ ਫ਼ਿਲਮ ਲੇਖਕ ਜੱਸ ਗਰੇਵਾਲ ਨੇ ਲਿਖੀ ਹੈ। ਗੁਲਸ਼ਨ ਸਿੰਘ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕਾ ਨਿਮਰਤ ਖਹਿਰਾ ਪਹਿਲੀ ਵਾਰ ਬਤੌਰ ਹੀਰੋਇਨ ਪਰਦੇ ‘ਤੇ ਪੇਸ਼ ਹੋਵੇਗੀ।
ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਰਦੀਪ ਗਿੱਲ, ਹੌਬੀ ਧਾਲੀਵਾਲ, ਹਾਰਬੀ ਸੰਘਾ ਅਤੇ ਪੁਖਰਾਜ ਭੱਲਾ ਦੀ ਅਹਿਮ ਭੂਮਿਕਾ ਵਾਲੀ ਇਹ ਫ਼ਿਲਮ ਜੱਸੜ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਲੀਕ ਤੋਂ ਹਟਵੀ ਹੋਵੇਗੀ। ਪੇਂਡੂ ਸਮਾਜ, ਰਿਸ਼ਤਿਆਂ ਅਤੇ ਪਿੰਡਾਂ ਦੇ ਨਾਲ ਜੁੜੇ ਸਰਕਾਰੀ ਅਫ਼ਸਰਾਂ ਦੀ ਤਰਜਮਾਨੀ ਕਰਦੀ ਇਹ ਫ਼ਿਲਮ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਵਾਲੀ ਫ਼ਿਲਮ ਹੈ। ਫ਼ਿਲਮ ਦੇ ਟ੍ਰੇਲਰ ‘ਚ ਦਿਖਦਾ ਹੈ ਕਿ ਇਸ ਫ਼ਿਲਮ ‘ਚ ਵੱਡਾ ਮਸਲਾ ਪਟਵਾਰੀ ਦਾ ਹੈ। ਇਹ ਸੁਆਲ ਵੀ ਹੈ ਕਿ ਪਟਵਾਰੀ ਵੱਡਾ ਹੈ ਜਾਂ ਫਿਰ ਕਾਨੂੰਨਗੋ। ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਦੀਆਂ ਮਸ਼ਕਰੀਆਂ ਨਾਲ ਭਰਪੂਰ ਇਸ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣ ਚੁੱਕਾ ਹੈ।

in News
ਤਰਸੇਮ ਜੱਸੜ ਦੀ ਤੀਜੀ ਪੰਜਾਬੀ ਫ਼ਿਲਮ ‘ਅਫਸਰ’ ਵੀ ਹੋਵੇਗੀ ਲੀਕ ਤੋਂ ਹਟਵੀਂ, 5 ਅਕਤੂਬਰ ਨੂੰ ਹੋਵੇਗੀ ਰਿਲੀਜ਼


