ਇਸ ਸਾਲ ਅਪ੍ਰੈਲ ‘ਚ ਸ਼ੁਰੂ ਹੋ ਰਹੀ ਪੰਜਾਬੀ ਫ਼ਿਲਮ ‘ਭਾਈ ਜੈਤਾ’ 20 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ। ਫ਼ਿਲਮ ‘ਚ ਭਾਈ ਜੈਤਾ ਜੀ ਦਾ ਕਿਰਦਾਰ ਗਿੱਪੀ ਗਰੇਵਾਲ ਨਿਭਾਏਗਾ। ਉਹਨਾਂ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ 50 ਤੋਂ ਵੱਧ ਕਲਾਕਾਰ ਇਸ ਫ਼ਿਲਮ ਦਾ ਅਹਿਮ ਹਿੱਸਾ ਬਣਨਗੇ। ਉਂਝ ਫ਼ਿਲਮ ‘ਚ 150 ਤੋਂ ਵੱਧ ਕਲਾਕਾਰ ਨਜ਼ਰ ਆਉਂਣਗੇ। ਇਸ ਫ਼ਿਲਮ ਲਈ ਗਿੱਪੀ ਗਰੇਵਾਲ ਨੂੰ ਪਹਿਲਾਂ ਆਪਣਾ 10 ਕਿਲੋ ਦੇ ਨੇੜੇ ਭਾਰ ਘਟਾਉਣਾ ਪਵੇਗਾ ਅਤੇ ਉਸ ਤੋਂ ਬਾਅਦ ਇਹੀ ਭਾਰ ਮੁੜ ਤੋਂ ਵਧਾਉਣਾ ਵੀ ਪਵੇਗਾ। ਗਿੱਪੀ ਅੱਜ ਕੱਲ• ਮੁੰਬਈ ‘ਚ ਆਪਣੀ ਪਹਿਲੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਸ਼ੂਟਿੰਗ ਤੋਂ ਵਹਿਲੇ ਹੁੰਦਿਆਂ ਹੀ ਉਹ ਆਪਣਾ ਭਾਰ ਘਟਾਉਣ ਅਤੇ ‘ਮੰਜੇ ਬਿਸਤਰੇ’ ਦੀ ਪ੍ਰੋਮੋਸ਼ਨ ‘ਚ ਰੁੱਝ ਜਾਵੇਗਾ। ਇਸ ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਹੈ। ਫ਼ਿਲਮ ਦੀ ਪਟਕਥਾ ਅਤੇ ਸੰਵਾਦ ਸਿਮਰਜੀਤ ਸਿੰਘ ਅਤੇ ਰਾਸ਼ਿਦ ਰੰਗਰੇਜ ਨੇ ਸਾਂਝੇ ਤੌਰ ‘ਤੇ ਲਿਖੇ ਹਨ। ‘ਅੰਗਰੇਜ਼’ ਅਤੇ ‘ਨਿੱਕਾ ਜੈਲਦਾਰ’ ਵਰਗੀਆਂ ਯਾਦਗਾਰੀ ਫ਼ਿਲਮਾਂ ਜ਼ਰੀਏ ਮੂਹਰਲੀ ਕਤਾਰ ‘ਚ ਸ਼ਾਮਲ ਹੋਏ ਨਿਰਦੇਸ਼ਕ ਸਿਮਰਜੀਤ ਸਿੰਘ ਇਸ ਤੋਂ ਪਹਿਲਾਂ ‘ਨਿੱਕਾ ਜੈਲਦਾਰ 2’ ਦੀ ਸ਼ੂਟਿੰਗ ਮੁਕੰਮਲ ਕਰਨਗੇ। ਉਸ ਤੋਂ ਬਾਅਦ ਅਪ੍ਰੈਲ ਦੇ ਦੂਜੇ ਹਫ਼ਤੇ ‘ਭਾਈ ਜੈਤਾ’ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਇਤਿਹਾਸਕ ਤੇ ਪ੍ਰੀਰੀਅਡ ਫ਼ਿਲਮ ਹੋਣ ਕਾਰਨ ਇਸ ਦੇ ਹਰ ਪਹਿਲੂ ‘ਤੇ ਬੇਹੱਦ ਮਿਹਨਤ ਲੱਗਣੀ ਹੈ। ਦੱਸ ਦਈਏ ਕਿ ਭਾਈ ਜੈਤਾ ਜੀ ਦਸਵੇਂ ਪਾਤਸ਼ਾਹ ਸ਼ੀ੍ਰ ਗੁਰੂ ਗੋਬਿੰਦ ਸਿੰਘ ਜੀ ਦੇ ਬੇਹੱਦ ਕਰੀਬੀ ਸਨ। ਉਹ ਗੁਰੂ ਜੀ ਦੇ ਪ੍ਰਮੁੱਖ ਅੰਗ ਰੱਖਿਅਕ ਸਨ। ਭਾਈ ਜੈਤਾ ਨਾਂ ਉਹਨਾਂ ਨੂੰ ਸ਼ੀ੍ਰ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ ਸੀ। ਭਾਈ ਜੈਤਾ ਜੀ ਹੀ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਲਿਆਏ ਸਨ। ਸਾਲ 1699 ‘ਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਅੰਮ੍ਰਿਤ ਚਕਾ ਨੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣਾਇਆ ਸੀ। ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ‘ਚ 15 ਤੋਂ ਵੱਧ ਵੱਡੀਆਂ ਲੜਾਈਆਂ ਲੜੀਆਂ ਸਨ। ਭਾਈ ਜੈਤਾ ਸਿੰਘ ਬਾਰੇ ਮਸ਼ਹੂਰ ਸੀ ਕਿ ਉਹ ਜੰਗ ਦੇ ਮੈਦਾਨ ‘ਚ ਘੋੜੇ ਦੀ ਲਗਾਮ ਮੂੰਹ ‘ਚ ਪਾ ਕੇ ਦੋਵਾਂ ਹੱਥਾਂ ਨਾਲ ਲੜਾਈ ਲੜਦੇ ਸਨ। ਇਸ ਮਹਾਨ ਸੂਰਬੀਰ ਦੀ ਜ਼ਿੰਦਗੀ ‘ਤੇ ਫ਼ਿਲਮ ਬਣਾਉਣਾ ਆਪਣੇ ਆਪ ‘ਚ ਮਹਾਨ ਅਤੇ ਚੁਣੌਤੀਪੂਰਵਕ ਕਾਰਜ ਹੈ।
ਪਤਾ ਲੱਗਾ ਹੈ ਕਿ ਫ਼ਿਲਮ ਦੀ ਟੀਮ ਇਸ ਵਿਸ਼ੇ ‘ਤੇ ਦੋ ਸਾਲਾਂ ਤੋਂ ਕੰਮ ਕਰ ਰਹੀ ਸੀ। ਅਜਿਹੇ ਵਿਸ਼ੇ ਨੂੰ ਬਣਾਉਂਦਿਆਂ ਟਾਈਮ ਪ੍ਰੀਰੀਅਡ, ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਇਤਿਹਾਸ ਦੇ ਤੱਥਾਂ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੁੰਦੈ। ਆਸ ਹੈ ਇਹ ਫ਼ਿਲਮ ਇਹਨਾਂ ਸਾਰੇ ਮੁੱਦਿਆਂ ਦਾ ਖਿਆਲ ਰੱਖਦੀ ਹੋਈ ਪੰਜਾਬੀ ਦੀ ਸ਼ਾਹਕਾਰ ਫ਼ਿਲਮ ਵਜੋਂ ਸਾਹਮਣੇ ਆਵੇਗੀ। ਸਾਲ 2018 ‘ਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਹਨ।- Sapan Manchanda, 95016 33900