ਜੱਸ ਗਰੇਵਾਲ ਪੰਜਾਬੀ ਸਿਨੇਮੇ ਦਾ ਸਮਰੱਥ ਫ਼ਿਲਮ ਲੇਖਕ ਹੈ। ‘ਬੰਬੂਕਾਟ’ ਰਾਹੀਂ ਉਸ ਨੇ ਸਾਬਤ ਕੀਤਾ ਹੈ ਕਿ ਉਸਦੀ ਪੰਜਾਬ ਨਾਲ ਸਬੰਧਿਤ ਖ਼ਾਸ ਤੌਰ ‘ਤੇ ਪੁਰਾਤਨ ਪੰਜਾਬ ਨਾਲ ਸਬੰਧਿਤ ਵਿਸ਼ਿਆਂ ‘ਤੇ ਚੰਗੀ ਪਕੜ ਹੈ। ਇਸੇ ਮਹੀਨੇ 31 ਮਾਰਚ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ’ ਵੀ ਜੱਸ ਗਰੇਵਾਲ ਦੀ ਮੁਹਾਰਤ ਦਾ ਨਮੂਨਾ ਬਣ ਸਕਦੀ ਹੈ। ਨਿਰਦੇਸ਼ਕ ਤਰੁਣਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਸਾਂਝੇ ਤੌਰ ‘ਤੇ ਨਿਰਦੇਸ਼ਤ ਕੀਤੀ ਇਹ ਫ਼ਿਲਮ 1990 – 92 ਦੇ ਪੰਜਾਬ ਨੂੰ ਪਰਦੇ ‘ਤੇ ਪੇਸ਼ ਕਰੇਗੀ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਉਸ ਖੁਸ਼ਹਾਲ ਪੰਜਾਬ ਨੂੰ ਪਰਦੇ ‘ਤੇ ਪੇਸ਼ ਕਰੇਗੀ, ਜਦੋਂ ਪੰਜਾਬੀ ਸੱਭਿਆਚਾਰ ਅਤੇ ਪਰਿਵਾਰਕ ਕਦਰਾਂ ਕੀਮਤਾਂ ਸਿਖਰਾਂ ‘ਤੇ ਸੀ। ਪਰਿਵਾਰਾਂ ‘ਚ ਪੈਂਦੀਆਂ ਵੰਡੀਆਂ ਤੇ ਉਹਨਾਂ ਕਾਰਨ ਪੈਦਾ ਹੁੰਦੇ ਹਾਲਾਤ ਇਸ ਫ਼ਿਲਮ ਦਾ ਕੇਂਦਰ ਬਿੰਦੂ ਹਨ। ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਤਰਸੇਮ ਜੱਸੜ ਬਤੌਰ ਅਦਾਕਾਰ ਨਜ਼ਰ ਆਵੇਗਾ। ਉਹ ਇਸ ‘ਚ ਮਨਜਿੰਦਰ ਸਿੰਘ ਨਾਂ ਦੇ ਅਮੀਰ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ। ਮਨਜਿੰਦਰ ਹੀ ਫ਼ਿਲਮ ਦਾ ਸਭ ਤੋਂ ਅਮੀਰ ਤੇ ਪੜਿਆ ਲਿਖਿਆ ਕਿਰਦਾਰ ਹੈ। ਫ਼ਿਲਮ ‘ਚ ਦੋ ਹੀਰੋਇਨਾਂ ਸਿੰਮੀ ਚਾਹਲ ਤੇ ਮੈਂਡੀ ਤੱਖੜ ਨਜ਼ਰ ਆਉਂਣਗੀਆਂ। ਬੰਬੂਕਾਟ ਤੋਂ ਬਾਅਦ ਦਰਸ਼ਕ ਸਿੰਮੀ ਚਾਹਲ ਨੂੰ ਮੁੜ ਉਸੇ ਅਵਤਾਰ ‘ਚ ਦੇਖਣਗੇ। ਉਹ ਇਸ ‘ਚ ਗੁੱਡੀ ਦਾ ਕਿਰਦਾਰ ਨਿਭਾ ਰਹੀ ਹੈ। ਮੈਂਡੀ ਤੱਖੜ ਦਾ ਵੀ ਫ਼ਿਲਮ ‘ਚ ਨਵਾਂ ਹੀ ਰੰਗ ਦੇਖਣ ਨੂੰ ਮਿਲੇਗਾ। ਪਿਓ ਦੀ ਮੌਤ ਤੋਂ ਬਾਅਦ ਚਾਚਿਆਂ ਵੱਲੋਂ ਪਾਲੀ ਇਹ ਨਸੀਬ ਕੌਰ ਦੱਬੀ ਜਿਹੀ ਕੁੜੀ ਹੈ। ਵਿਆਹ ਦਾ ਫ਼ੈਸਲਾ ਉਸਦੀ ਜ਼ਿੰਦਗੀ ‘ਚ ਤਰਥੱਲੀ ਮਚਾਉਂਦਾ ਹੈ। ਫ਼ਿਲਮ ‘ਚ ਮਲਕੀਤ ਰੌਣੀ, ਅਨੀਤਾ ਦੇਵਗਨ ਤੇ ਨਿਰਮਲ ਰਿਸ਼ੀ ਨੇ ਅਹਿਮ ਭੂਮਿਕਾ ਨਿਭਾਈ ਹੈ। ‘ਵਿਹਲੀ ਜਨਤਾ ਟੀਮ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਮਨਪ੍ਰੀਤ ਜੌਹਲ ਹਨ। ਫ਼ਿਲਮ ਦੇ ਟ੍ਰੇਲਰ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਮਨੋਰਜੰਨ ਕਰਨ ਦਾ ਦਮ ਰੱਖਦੀ ਹੈ।