ਸਾਲ 2012 ਵਿੱਚ ਆਈ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ’ ਨੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਪੱਧਰ ਉੱਚਾ ਚੁੱਕਿਆ ਸੀ। ਇਸ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਨੂੰ ਸੁਮੱਚੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ‘ਚ ਵੀ ਪਹਿਚਾਣ ਦਿਵਾਈ ਸੀ। ਇਸ ਫ਼ਿਲਮ ਦੇ ਸੀਕੁਅਲ ”ਕੈਰੀ ਆਨ ਜੱਟਾ 2” ‘ਚ ਕੰਮ ਕਰਨਾ ਉਸ ਦੀ ਖੁਸ਼ ਕਿਸਮਤੀ ਹੈ। ਇਹ ਕਹਿਣਾ ਹੈ ਨਾਮਵਰ ਪੰਜਾਬੀ ਹੀਰੋਇਨ ਸੋਨਮ ਬਾਜਵਾ ਦਾ। ਸੋਨਮ ਨੇ ਦੱਸਿਆ ਕਿ ਗਿੱਪੀ ਗਰੇਵਾਲ ਨਾਲ ਇਹ ਉਸ ਦੀ ਤੀਜੀ ਫ਼ਿਲਮ ਹੋਵੇਗੀ, ਇਸ ਤੋਂ ਪਹਿਲਾਂ ਉਹ ਗਿੱਪੀ ਨਾਲ ਮੰਜੇ ਬਿਸਤਰੇ ਅਤੇ ਬੈਸਟ ਆਫ਼ ਲੱਕ ਵਿੱਚ ਕੰਮ ਕਰ ਚੁੱਕੀ ਹੈ।

ਸੋਨਮ ਨੇ ਕਿਹਾ ਕਿ ਪੰਜਾਬ ਦੇ ਨਾਮੀਂ ਕਲਾਕਾਰਾਂ ਨਾਲ ਇਸ ਫ਼ਿਲਮ ‘ਚ ਕੰਮ ਕਰਨ ਦਾ ਤਜਰਬਾ ਉਸ ਲਈ ਬਹੁਤ ਵਧੀਆ ਰਿਹਾ। ਨਿਰਦੇਸ਼ਕ ਸਮੀਪ ਕੰਗ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਖੂਬ ਹਸਾਏਗੀ। ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਦੀ ਇਸ ਫ਼ਿਲਮ ‘ਚ ਉਹ ਇਕ ਐਨਆਰਆਈ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਕੈਨੇਡਾ ਤੋਂ ਪੰਜਾਬ ਆਉਂਦੀ ਹੈ, ਜਿਥੇ ਉਸਦੀ ਮੁਲਾਕਾਤ ਫ਼ਿਲਮ ਦੇ ਹੀਰੋ ਜੱਸ ਯਾਨੀਕਿ ਗਿੱਪੀ ਗਰੇਵਾਲ ਨਾਲ ਹੁੰਦੀ ਹੈ। ਗਿੱਪੀ ਉਸ ਨੂੰ ਆਪਣੇ ਪਿਆਰ ਦੇ ਜਾਲ ‘ਚ ਫ਼ਸਾ ਕੇ ਉਸ ਨਾਲ ਕੈਨੇਡਾ ਜਾਣਾ ਚਾਹੁੰਦਾ ਹੈ। ਸੋਨਮ ਬਾਜਵਾ ਨੇ ਕਿਹਾ ਫ਼ਿਲਮ ਦੀ ਲਗਭਗ ਸਾਰੀ ਟੀਮ ਪਹਿਲਾਂ ਵਾਲੀ ਹੀ ਹੈ, ਪਰ ਸੀਕੁਅਲ ‘ਚ ਸਿਰਫ਼ ਉੁਹੀ ਨਵੀਂ ਹੈ। ਕੈਰੀ ਆਨ ਜੱਟਾ 1 ਵਿੱਚ ਮਾਹੀ ਗਿੱਲ ਸੀ। ਉਸ ਨੇ ਖੁਦ ਇਹ ਫ਼ਿਲਮ ਕਈ ਵਾਰ ਦੇਖੀ ਹੈ। ਇਹ ਉਸਦੀ ਪਸੰਦੀਦਾ ਫ਼ਿਲਮ ਹੈ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਨੂੰ ਇਸ ਦੇ ਸੀਕੁਅਲ ‘ਚ ਕੰਮ ਕਰਨਾ ਦਾ ਮੌਕਾ ਮਿਲੇਗਾ।

ਸੋਨਮ ਮੁਤਾਬਕ ਫ਼ਿਲਮ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਬਹੁਤ ਵਧੀਆ ਹੈ, ਜਿਸ ਨੂੰ ਦਰਸ਼ਕ ਖੂਬ ਸੁਣ ਰਹੇ ਹਨ। ਸੋਨਮ ਮੁਤਾਬਕ ਦਰਸ਼ਕ ਉਸ ਨੂੰ ਇਸ ਫ਼ਿਲਮ ‘ਚ ਇਕ ਵੱਖਰੀ ਲੁੱਕ ‘ਚ ਦੇਖਣਗੇ। ਉਸ ਮੁਤਾਬਕ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਮੁੜ ਤੋਂ ਉੱਚਾ ਚੁੱਕੇਗੀ। ਇਸ ਫ਼ਿਲਮ ਨਾਲ ਪੰਜਾਬੀ ਸਿਨੇਮੇ ਦੇ ਇਤਿਹਾਸ ‘ਚ ਇਕ ਹੋਰ ਪੰਨਾ ਜੁੜੇਗਾ।

in News
ਕੈਰੀ ਆਨ ਜੱਟਾ 2′ ਦਾ ਹਿੱਸਾ ਬਣਕੇ ਬਾਗੋਬਾਮ ਹੈ ਸੋਨਮ ਬਾਜਵਾ


