in

ਦਰਸ਼ਕਾਂ ਦੀਆਂ ਵੱਖੀਆਂ ਦੂਹਰੀਆਂ ਕਰ ਦੇਵੇਗੀ ‘ਮੰਜੇ ਬਿਸਤਰੇ 2’

ਚੰਡੀਗੜ੍ਹ, 20 ਮਾਰਚ : ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਮੰਜੇ ਬਿਸਤਰੇ 2’ ਅੱਜ ਕੱਲ੍ਹ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਸਾਖੀ ‘ਤੇ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਆਮ ਦਰਸ਼ਕਾਂ ‘ਚ ਇਸ ਫ਼ਿਲਮ ਪ੍ਰਤੀ ਉਤਸ਼ਾਹਿਤ ਵੱਧਦਾ ਜਾ ਰਿਹਾ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਘਰੇਲੂ ਬੈਨਰ ‘ਹੰਬਲ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਸਾਲ 2017 ਵਿੱਚ ਆਈ ਸੁਪਰਹਿੱਟ ਫ਼ਿਲਮ ‘ਮੰਜੇ ਬਿਸਤਰੇ’ ਦਾ ਸੀਕੁਅਲ ਹੈ।

ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਬਣਾਈ ਗਈ ਇਸ ਫ਼ਿਲਮ ਨੇ ਪੰਜਾਬ ਵਿੱਚ ਵਿਆਹਾਂ ਵਾਲੀਆਂ ਫ਼ਿਲਮਾਂ ਦਾ ਇਕ ਨਵਾਂ ਰੁਝਾਨ ਸ਼ੁਰੂ ਕੀਤਾ ਸੀ, ਜੋ ਬਾਦਸਤੂਰ ਜਾਰੀ ਹੈ। ਹੁਣ ਰਿਲੀਜ਼ ਹੋਣ ਜਾ ਰਹੀ ‘ਮੰਜੇ ਬਿਸਤਰੇ 2’ ਨੂੰ ਵੀ ਬਲਜੀਤ ਸਿੰਘ ਦਿਓ ਨੇ ਹੀ ਨਿਰਦੇਸ਼ਤ ਕੀਤਾ ਹੈ। ਗਿੱਪੀ ਗਰੇਵਾਲ ਦੀ ਲਿਖੀ ਇਸ ਫਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ।

ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਬਾਕੀ ਅਹਿਮ ਕਲਾਕਾਰਾਂ ਵਿੱਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਮਲਕੀਤ ਸਿੰਘ, ਜੱਗੀ ਸਿੰਘ, ਰਘਬੀਰ ਬੋਲੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋਂ ਦਾ ਨਾਂ ਅਹਿਮ ਹੈ। ਇਹ ਫ਼ਿਲਮ ਪੰਜਾਬ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਪਰਦੇ ‘ਤੇ ਪੇਸ਼ ਕਰਦੀ ਮਨੋਰੰਜਨ ਨਾਲ ਭਰਪੂਰ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਇਕ ਪੰਜਾਬੀ ਪਰਿਵਾਰ ਆਪਣੇ ਮੁੰਡੇ ਦਾ ਵਿਆਹ ਕੈਨੇਡਾ ‘ਚ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਕਰਨਾ ਚਾਹੁੰਦਾ ਹੈ, ਪਰ ਇਸ ਦੌਰਾਨ ਉਥੋਂ ਦੇ ਸੱਭਿਆਚਾਰ ਅਤੇ ਪੰਜਾਬੀ ਲੋਕਾਂ ਦਾ ਸੱਭਿਆਚਾਰ ਵਿਖਰੇਵੇਂ ਕਾਰਨ ਜੋ ਟਕਰਾਅ ਪੈਦਾ ਹੁੰਦਾ ਹੈ, ਉਹ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ।

ਫ਼ਿਲਮ ਦੀ ਟੀਮ ਮੁਤਾਬਕ ਕੈਨੇਡਾ ‘ਚ ਰਹਿੰਦਾ ਦਾਦਾ ਆਪਣੇ ਪੋਤੇ ਦਾ ਵਿਆਹ ਪੰਜਾਬ ਵਿੱਚ ਜਾ ਕੇ ਕਰਨਾ ਚਾਹੁੰਦਾ ਹੈ, ਪਰ ਪੋਤਾ ਚਾਹੁੰਦਾ ਹੈ ਉਸ ਦਾ ਵਿਆਹ ਉਥੇ ਕੈਨੇਡਾ ਵਿੱਚ ਹੀ ਹੋਵੇ, ਜਿਥੇ ਉਹ ਜੰਮਿਆ ਪਲਿਆ ਹੈ। ਦਾਦੇ ਅਤੇ ਪੋਤੇ ਦੀਆਂ ਮਨਮਰਜ਼ੀਆਂ ਕਿਵੇਂ ਸਾਰੇ ਪਰਿਵਾਰ ਨੂੰ ਸੂਲੀ ‘ਤੇ ਟੰਗਦੀਆਂ ਇਹ ਦੇਖਣਾ ਦਿਲਚਸਪ ਹੋਵੇਗਾ। ਕੈਨੇਡਾ ਵਰਗੇ ਮੁਲਕ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਬੇਹੱਦ ਮੁਸ਼ਕਲ ਸੀ, ਪਰ ਫ਼ਿਲਮ ਦੀ ਟੀਮ ਨੇ ਇਸ ‘ਚ ਸਫ਼ਲਤਾ ਹਾਸਲ ਕੀਤੀ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਨੇ ਸੁਮੱਚੀ ਟੀਮ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਗਿੱਪੀ ਗਰੇਵਾਲ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫਿਲਮ ਮਨੋਰੰਜਨ ਭਰਪੂਰ ਤਾਂ ਹੈ ਹੀ ਬਲਕਿ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ।

Leave a Reply

Your email address will not be published. Required fields are marked *

‘ਰੱਬ ਦਾ ਰੇਡੀਓ 2’ ਫਿਲਮ ਦੇ ਨਵੇਂ ਲੋਕ ਗੀਤ ‘ਟੱਪੇ’ ਨੂੰ ਮਿਲ ਰਹੈ ਭਰਵਾਂ ਹੁੰਗਾਰਾ

ਪੰਜਾਬੀ ਕਲਾਕਾਰਾਂ ਦੀ ਬਾਲੀਵੁੱਡ ‘ਚ ਵਧਦੀ ਜਾ ਰਹੀ ਹੈ ਮੰਗ