ਨਵੀਆਂ ਫ਼ਿਲਮਾਂ ਦੇ ਐਲਾਨ ਦੇ ਨਾਲ ਕਈ ਫ਼ਿਲਮਾਂ ਦੇ ਟ੍ਰੇਲਰ ਅਤੇ ਟਾਈਟਲ ਟ੍ਰੈਕ ਵੀ ਰਿਲੀਜ਼ ਕੀਤੇ ਗਏ। ਲੋਕਾਂ ਵਲੋਂ ਸਾਰੀਆਂ ਫ਼ਿਲਮਾਂ ਦੇ ਟ੍ਰੈਕ ਅਤੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸੇ ਦੇ ਨਾਲ ਹੀ ਕੁੱਝ ਬਹੁਚਰਚਿਤ ਆਉਣ ਵਾਲੀਆਂ ਫ਼ਿਲਮਾਂ ਦਾ ਜ਼ਿਕਰ ਕਰਦੇ ਹਾਂ ਜੋ ਦਰਸ਼ਕਾਂ ਵਲੋਂ ਪਸੰਦ ਕੀਤੀਆਂ ਜਾ ਰਹੀਆਂ ਹਨ।
ਮੰਜੇ ਬਿਸਤਰੇ 2 : ਗਿੱਪੀ ਗਰੇਵਾਲ ਅਤੇ ਸਿਮੀ ਚਾਹਲ ਦੀ ਫ਼ਿਲਮ ‘ਮੰਜੇ ਬਿਸਤਰੇ 2’ ਹਾਲ ਹੀ ‘ਚ ਸੁਰਖੀਆਂ ਵਿਚ ਹੈ। ਇਸ ਵਾਰ ਫ਼ਿਲਮ ਨੇ ਆਪਣੇ ਟ੍ਰੇਲਰ ਰਿਲੀਜ਼ ਕਾਰਨ ਪ੍ਰਸਿੱਧੀ ਹਾਸਲ ਕੀਤੀ। ਟ੍ਰੇਲਰ ਨੇ ਦਿਖਾਇਆ ਕਿ ਵਿਆਹ ਵਿੱਚ ‘ਮੰਜੇ ਬਿਸਤਰੇ’ ਨੂੰ ਇਕੱਠਾ ਕਰਨ ਦੀ ਰਸਮ ਪੰਜਾਬ ‘ਚ ਨਹੀਂ ਬਲਕਿ ਕੈਨੇਡਾ ‘ਚ ਕੀਤੀ ਗਈ। ਇਸੇ ਸਫ਼ਰ ਵਿਚ, ਇਹ ਦਿਖਾਇਆ ਗਿਆ ਕਿ ਕਿਵੇਂ ਪੰਜਾਬੀ ਗੱਬਰੂ ਗਿੱਪੀ ਗਰੇਵਾਲ ਸਿਮੀ ਚਾਹਲ ਨਾਲ ਪਿਆਰ ਕਰ ਬੈਠਦੇ ਹਨ ਅਤੇ ਉਸ ਪਿਆਰ ਨੂੰ ਪਾਉਣ ਲਈ ਆਪਣੇ ਪਿਤਾ ਨਾਲ ਝਗੜਾ ਕਰਦੇ ਹਨ ਸੋ, ਕਾਮੇਡੀ, ਰੋਮਾਂਸ ਨਾਲ ਭਰਪੂਰ ਹੈ ਪੰਜਾਬੀ ਫ਼ਿਲਮ ਜੋਕਿ 12 ਅਪ੍ਰੈਲ ਨੂੰ ਰਿਲੀਜ਼ ਆਵੇਗੀ।
ਪੀ ਆਰ : ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਆਪਣਾ ਪੰਜਾਬੀ, ਮਿੱਟੀ ਵਾਜਾਂ ਮਾਰਦੀ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਚੁਕੇ ਹਰਭਜਨ ਮਾਨ ਨੇ ਫ਼ਿਲਮੀ ਦੁਨੀਆ ‘ਚ ‘ਪੀ ਆਰ’ ਫ਼ਿਲਮ ਦੇ ਨਾਲ ਵਾਪਸੀ ਕੀਤੀ। ਦੱਸਣਯੋਗ ਹੈ ਕਿ ਹਰਭਜਨ ਮਾਨ ਦੀ ‘ਪੀ. ਆਰ’ ਫਿਲਮ ਦਾ ਨਿਰਦੇਸ਼ਨ ਮਨਮੋਹਨ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਅਤੇ ਸਾਰੰਗ ਫਿਲਮਜ਼ ਤੇ ਐੱਚ. ਐੱਮ. ਰਿਕਾਰਡਜ਼ ਵਲੋਂ ਪੇਸ਼ ਕੀਤੀ ਜਾ ਰਹੀ ਹੈ।
ਯਾਰਾ ਵੇ : ‘ਯਾਰਾ ਵੇ’ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ 11 ਮਾਰਚ ਨੂੰ ਰਿਲੀਜ਼ ਹੋਇਆ ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ।ਫਿਲਮ ‘ਚ ਰਘਬੀਰ ਬੋਲੀ ਦਾ ਵੀ ਅਹਿਮ ਕਿਰਦਾਰ ਹੈ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਮੋਨਿਕਾ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਦੀ ਅਦਾਕਾਰੀ ਕਮਾਲ ਹੈ। ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ ਕਿ ਇਹ ਫਿਲਮ ਸਾਨੂੰ ਅਤੀਤ ਦੇ ਝਲਕਾਰੇ ਪਵਾਉਣ ਦੇ ਨਾਲ-ਨਾਲ ਤਿੰਨ ਜਿਗਰੀ ਯਾਰਾਂ ਦੀ ਸਾਂਝ, ਹਾਸਾ ਠੱਠਾ, ਪੇਂਡੂ ਸੱਭਿਆਚਾਰ ਤੇ ਜ਼ਿੰਦਗੀ ਦੀ ਸਾਦਗੀ ਬਾਰੇ ਦੱਸੇਗੀ।
ਜਿੰਦੇ ਮੇਰੀਏ : ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਦੀ ਅਗਲੀ ਫਿਲਮ ‘ਜਿੰਦੇ ਮੇਰੀਏ’ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ। ਫਿਲਮ ਨੂੰ ਪੰਕਜ ਬੱਤਰਾ ਅਤੇ ਓਮਜੀ ਗਰੁੱਪ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਫ਼ਿਲਹਾਲ ਸਕਾਟਲੈਂਡ ਵਿਚ ਚੱਲ ਰਹੀ ਹੈ। ਫਿਲਮ ‘ਜਿੰਦੇ ਮੇਰੀਏ’ ‘ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਮੁੱਖ ਭੁਮਿਕਾ ‘ਚ ਨਜ਼ਰ ਆਉਣਗੇ ਅਤੇ ਇਹ ਫਿਲਮ ਇਸੇ ਸਾਲ 25 ਅਕਤੂਬਰ ਦਿਵਾਲੀ ਦੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।
ਜ਼ਿੰਦਗੀ ਜ਼ਿੰਦਾਬਾਦ : ਲੇਖਕ ਮਿੰਟੂ ਗੁਰੂਸਰੀਆ ਅਪਣੀ ਆਤਮ ਕਥਾ “ਡਾਕੂਆਂ ਦਾ ਮੁੰਡਾ” ਤੋਂ ਬਾਅਦ ਅਪਣੀ ਜੀਵਨ ਕਹਾਣੀ “ਜ਼ਿੰਦਗੀ ਜ਼ਿੰਦਾਬਾਦ” ਦੇ ਜ਼ਰੀਏ ਅੱਗੇ ਵਧ ਰਹੇ ਹਨ।ਮਿੰਟੂ ਦੀ “ਆਤਮ ਕਥਾ” ‘ਤੇ ਬਣਨ ਜਾ ਰਹੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਨਿੰਜਾ ਮਿੰਟੂ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਨਿਰਮਾਤਾ ਅਸ਼ੋਕ ਯਾਦਵ ਅਤੇ ਮਨਦੀਪ ਮੰਨਾ ਦੀ ਇਸ ਫ਼ਿਲਮ ਦੇ ਨਿਰਦੇਸ਼ਕ ਪ੍ਰੇਮ ਸਿੰਘ ਸਿੱਧੂ ਹਨ। ਇਹ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਜਾਦੂ ਪ੍ਰੋਡਕਸ਼ਨਜ਼ ਅਤੇ ਕੁਕਨੂਸ ਫ਼ਿਲਮਜ਼” ਨੇ ਪ੍ਰੋਡਿਊਸ ਕੀਤਾ ਹੈ।
ਮੁੰਡਾ ਫਰੀਦਕੋਟੀਆ : ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ‘ਚ ਰੌਸ਼ਨ ਪ੍ਰਿੰਸ ਮੁੱਖ ਭੁਮਿਕਾ ‘ਚ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਜਿਵੇਂ ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਸੁਮੀਤ ਗੁਲਾਟੀ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ। ਹੁਣ ਇਹ ਫਿਲਮ 14 ਜੂਨ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ।
15 ਲੱਖ ਕਦੋਂ ਆਉਗਾ : ਪੰਜਾਬੀ ਇੰਡਸਟਰੀ ਦਾ ਟੇਡੀ ਪੱਗ ਵਾਲਾ ਕਲਾਕਾਰ ਰਵਿੰਦਰ ਗਰੇਵਾਲ ਜਿੰਨ੍ਹਾਂ ਅਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੇਸ਼ਾਂ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਨੂੰ ਅਪਣਾ ਮੁਰੀਦ ਬਣਾਇਆ ਹੈ। ਰਵਿੰਦਰ ਗਰੇਵਾਲ ਸਿਨੇਮਾ ‘ਤੇ ਇਕ ਵਾਰ ਫਿਰ ਅਪਣੀ ਨਵੀਂ ਫਿਲਮ ਨਾਲ ਐਂਟਰੀ ਮਾਰਨ ਜਾ ਰਹੇ ਹਨ। ਫਿਲਮ ਦਾ ਨਾਮ ਹੈ ’15 ਲੱਖ ਕਦੋਂ ਆਉਗਾ’। ਨਿਰਦੇਸ਼ਕ ਮਨਪ੍ਰੀਤ ਬਰਾੜ ਦੀ ਫ਼ਿਲਮ ’15 ਲੱਖ ਕਦੋ ਆਊਗਾ’ ਦਾ ਪਹਿਲਾ ਪੋਸਟਰ ਰਿਲੀਜ਼ ਹੁੰਦਿਆਂ ਹੀ ਚਰਚਾ ‘ਚ ਆ ਗਿਆ ਹੈ। ਦਰਜਨਾਂ ਪੰਜਾਬੀ ਫ਼ਿਲਮਾਂ ‘ਚ ਸਹਾਇਕ ਅਤੇ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਮਨਪ੍ਰੀਤ ਬਰਾੜ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਰੌਲਾ ਪੈ ਗਿਆ, ਜੱਜ ਸਿੰਘ ਐਲ ਐਲ ਬੀ ਅਤੇ ਡੰਗਰ ਡਾਕਟਰ ਵਰਗੀਆਂ ਲੀਕ ਤੋਂ ਹਟਵੀਆਂ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਚੁੱਕੇ ਗਰੇਵਾਲ ਇਸ ਫ਼ਿਲਮ ‘ਚ ਵੀ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਂਣਗੇ।









