ਅਜੋਕੇ ਸਮੇਂ ਦੀਆਂ ਪੰਜਾਬੀ ਫ਼ਿਲਮਾਂ ਵਪਾਰਕ ਪੱਖ ਤੋਂ ਤਾਂ ਭਾਵੇਂ ਪੁਰਾਣੀਆਂ ਫ਼ਿਲਮਾਂ ਨਾਲੋਂ ਵੱਧ ਪੈਸਾ ਕਮਾ ਰਹੀਆਂ ਹਨ ਪਰ ਇਨ੍ਹਾਂ ਵਿੱਚੋਂ ਦਰਸ਼ਕਾਂ ਨੂੰ ਉਹ ਸਕੂਨ ਨਹੀਂ ਮਿਲਦਾ ਜੋ ਪੁਰਾਤਨ ਫ਼ਿਲਮਾਂ ਵਿੱਚੋਂ ਮਿਲਦਾ ਹੈ। ਅੱਜ-ਕੱਲ੍ਹ ਦੇ ਵਧੇਰੇ ਫ਼ਿਲਮ ਨਿਰਮਾਤਾਵਾਂ ਦਾ ਮੁੱਖ ਮਕਸਦ ਕੇਵਲ ਪੈਸਾ ਕਮਾਉਣਾ ਰਹਿ ਗਿਆ ਹੈ। ਜ਼ਿਆਦਾਤਰ ਫ਼ਿਲਮਾਂ ਦੀ ਪਟਕਥਾ, ਵਿਸ਼ਾ-ਵਸਤੂ ਅਤੇ ਸੰਵਾਦ ਲਗਪਗ ਇੱਕੋ ਜਿਹੇ ਹੀ ਹੋਣ ਕਾਰਨ ਦਰਸ਼ਕ ਸਕੂਨ ਘੱਟ ਤੇ ਅਕੇਵਾਂ ਵਧੇਰੇ ਮਹਿਸੂਸ ਕਰਦੇ ਹਨ। ਧੜਾਧੜ ਬਣ ਰਹੀਆਂ ਪੰਜਾਬੀ ਫ਼ਿਲਮਾਂ ਗੀਤ-ਸੰਗੀਤ ਪੱਖੋਂ ਵੀ ਬਹੁਤੀਆਂ ਮਿਆਰੀ ਨਹੀਂ ਹਨ।
ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਪੰਜਾਬੀਆਂ ਦੇ ਚਹੇਤੇ ਅਦਾਕਾਰ ਵਰਿੰਦਰ ਦੀ ਅਹਿਮ ਭੂਮਿਕਾ ਰਹੀ ਹੈ। ਜਦ ਉਸ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਪ੍ਰਵੇਸ਼ ਕੀਤਾ ਤਾਂ ਦਰਸ਼ਕਾਂ ਨੇ ਉਸ ਨੂੰ ਆਪਣੀਆਂ ਪਲਕਾਂ ਉੱਤੇ ਬਿਠਾ ਕੇ ਮਣਾਂ-ਮੂੰਹੀਂ ਪਿਆਰ ਦਿੱਤਾ। ਉਸ ਨੂੰ ਪੰਜਾਬੀ ਫ਼ਿਲਮਾਂ ਵਿੱਚ ਲਿਆਉਣ ਲਈ ਹਿੰਦੀ ਫ਼ਿਲਮਾਂ ਦੇ ਸਟਾਰ ਨਾਇਕ ਧਰਮਿੰਦਰ ਦਾ ਵਿਸ਼ੇਸ਼ ਯੋਗਦਾਨ ਮੰਨਿਆ ਜਾਂਦਾ ਹੈ। ਪ੍ਰਸਿੱਧ ਗੀਤਕਾਰ ਅਤੇ ਫ਼ਿਲਮ ਨਿਰਮਾਤਾ ਇੰਦਰਜੀਤ ਹਸਨਪੁਰੀ ਦਾ ਆਪਣੀ ਨਵੀਂ ਬਣਨ ਜਾ ਰਹੀ ਪੰਜਾਬੀ ਫ਼ਿਲਮ ਦੇ ਸਬੰਧ ਵਿੱਚ ਧਰਮਿੰਦਰ ਨੂੰ ਮਿਲਣਾ ਅਤੇ ਧਰਮਿੰਦਰ ਵੱਲੋਂ ਹੀਰੋ ਵਜੋਂ ਵਰਿੰਦਰ ਦਾ ਜ਼ਿਕਰ ਕਰਨਾ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ। ਵਰਿੰਦਰ ਨੂੰ ਮਿਲਣ ਸਾਰ ਹਸਨਪੁਰੀ ਨੇ ਬਤੌਰ ਹੀਰੋ ਆਪਣੀ ਫ਼ਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਲਈ ਹਾਮੀ ਭਰ ਦਿੱਤੀ।
ਵਰਿੰਦਰ ਆਪਣੇ ਕੰਮ ਪ੍ਰਤੀ ਈਮਾਨਦਾਰ, ਅਣਥੱਕ ਮਿਹਨਤੀ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਸੀ। ਅਦਾਕਾਰੀ ਉਸ ਦੇ ਖ਼ੂਨ ਵਿੱਚ ਰਚੀ ਹੋਈ ਸੀ। ਜਿੱਥੇ ਉਹ ਕਲਾ ਦਾ ਪਾਰਖੂ ਸੀ, ਉੱਥੇ ਉਹ ਮਿਲਣਸਾਰ ਅਤੇ ਹੱਸਮੁਖ ਸੁਭਾਅ ਵਾਲਾ ਵਧੀਆ ਇਨਸਾਨ ਵੀ ਸੀ। ਇਹ ਉਸ ਦੀ ਅਦਾਕਾਰੀ ਦਾ ਜਾਦੂ ਹੀ ਸੀ ਕਿ ਉਸ ਦੀਆਂ ਫ਼ਿਲਮਾਂ ਨੂੰ ਦੇਖਣ ਲਈ ਲੋਕ ਸਿਨੇਮਾ ਘਰਾਂ ਵੱਲ ਵਹੀਰਾਂ ਘੱਤੀ ਆਉਂਦੇ ਸਨ। ਸਿਨੇਮਿਆਂ ਵਿੱਚ ਮੇਲਿਆਂ ਵਰਗਾ ਇਕੱਠ ਦੇਖਣ ਨੂੰ ਮਿਲਦਾ ਸੀ। ਵਰਿੰਦਰ ਨੇ ਆਪਣੀਆਂ ਫ਼ਿਲਮਾਂ ਵਿੱਚ ਉਸ ਸਮੇਂ ਦੀਆਂ ਅਨੇਕਾਂ ਹਿੱਟ ਅਦਾਕਾਰਾਂ ਨਾਲ ਕੰਮ ਕੀਤਾ ਪਰ ਪ੍ਰੀਤੀ ਸਪਰੂ ਅਤੇ ਵਰਿੰਦਰ ਦੀ ਜੋੜੀ ਦੇ ਚਰਚੇ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹਨ। ਸਰਪੰਚ ਫ਼ਿਲਮ ਵਿੱਚ ਪ੍ਰੀਤੀ ਸਪਰੂ ਨੇ ਉਸ ਨਾਲ ਬਤੌਰ ਹੀਰੋਇਨ ਪਹਿਲੀ ਵਾਰ ਭੂਮਿਕਾ ਨਿਭਾਈ ਸੀ। ਪੰਜਾਬੀ ਦਰਸ਼ਕ ਉਸ ਦੀ ਸੁੰਦਰਤਾ ਅਤੇ ਅਦਾਕਾਰੀ ਦੇ ਅਜਿਹੇ ਦੀਵਾਨੇ ਹੋਏ ਕਿ ਉਹ ਆਪਣੀ ਪਹਿਲੀ ਫ਼ਿਲਮ ਨਾਲ ਹੀ ਪੰਜਾਬੀ ਫ਼ਿਲਮ ਜਗਤ ਵਿੱਚ ਛਾ ਗਈ।
ਵਰਿੰਦਰ ਹੀ ਇੱਕੋ-ਇੱਕ ਅਜਿਹਾ ਕਲਾਕਾਰ ਸੀ ਜਿਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਅੰਦਰ ਥੋੜ੍ਹੇ ਸਮੇਂ ਵਿੱਚ ਹੀ ਡੂੰਘੇਰੀ ਜਗ੍ਹਾ ਬਣਾਈ। ਉਸ ਨੇ ਇੱਕੋ ਸਮੇਂ ਲੇਖਕ, ਨਿਰਦੇਸ਼ਕ, ਫ਼ਿਲਮ ਨਿਰਮਾਤਾ ਅਤੇ ਅਦਾਕਾਰ ਦੀਆਂ ਵੱਖ-ਵੱਖ ਭੂਮਿਕਾਵਾਂ ਨੂੰ ਬਖ਼ੂਬੀ ਨਿਭਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਸ ਨੇ ਆਪਣੀਆਂ ਫ਼ਿਲਮਾਂ ਰਾਹੀਂ ਪੇਂਡੂ ਜੀਵਨ ਦੀ ਅਸਲ ਤਸਵੀਰ ਨੂੰ ਪੇਸ਼ ਕਰਨ ਦਾ ਨਾਮਣਾ ਖੱਟਿਆ। ਉਸ ਦੀਆਂ ਫ਼ਿਲਮਾਂ ਜਿੱਥੇ ਮਨੋਰੰਜਨ ਪੱਖੋਂ ਬਾਕਮਾਲ ਹਨ, ਉੱਥੇ ਪਟਕਥਾ, ਵਿਸ਼ਾ-ਵਸਤੂ ਅਤੇ ਸੰਵਾਦ ਵੀ ਕਾਬਲੇ-ਤਾਰੀਫ਼ ਹਨ। ਜਿਗਰੀ ਯਾਰ, ਨਿੰਮੋ, ਬਟਵਾਰਾ, ਸੈਦਾ ਜੋਗਨ, ਬਲਬੀਰੋ ਭਾਬੀ, ਸੰਤੋ-ਬੰਤੋ, ਰਾਣੋ, ਸਰਦਾਰਾ-ਕਰਤਾਰਾ, ਸਰਪੰਚ, ਲੰਬੜਦਾਰਨੀ, ਯਾਰੀ ਜੱਟ ਦੀ ਅਤੇ ਦੁਸ਼ਮਣੀ ਦੀ ਅੱਗ, ਵਰਿੰਦਰ ਦੀਆਂ ਅਜਿਹੀਆਂ ਫ਼ਿਲਮਾਂ ਹਨ ਜੋ ਪੰਜਾਬੀ ਦਰਸ਼ਕਾਂ ਦੇ ਜ਼ਿਹਨ ਵਿੱਚ ਅੱਜ ਵੀ ਤਰੋਤਾਜ਼ਾ ਹਨ ਅਤੇ ਜਿਨ੍ਹਾਂ ਨੂੰ ਦੇਖਣ ਲਈ ਵਾਰ-ਵਾਰ ਦਿਲ ਕਰਦਾ ਹੈ। ਵਰਿੰਦਰ ਪੰਜਾਬੀ ਸਿਨੇਮਾ ਨੂੰ ਹੋਰ ਉੱਚੀਆਂ ਬੁਲੰਦੀਆਂ ’ਤੇ ਲੈ ਜਾਣਾ ਲੋਚਦਾ ਸੀ ਪਰ ਉਹ ਪੰਜਾਬ ’ਚ ਕਾਲੇ ਦਿਨਾਂ ਦੇ ਦੌਰ ਦਾ ਸ਼ਿਕਾਰ ਹੋ ਕੇ 6 ਦਸੰਬਰ 1988 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਜਿਸ ਸਮੇਂ ਵਰਿੰਦਰ ਦੀ ਮੌਤ ਹੋਈ, ਉਸ ਵੇਲੇ ਉਹ ‘ਜੱਟ ਤੇ ਜ਼ਮੀਨ’ ਫ਼ਿਲਮ ਦੀ ਸ਼ੂਟਿੰਗ ਕਰਨ ਵਿੱਚ ਮਸਰੂਫ਼ ਸੀ।
– ਜੁਗਿੰਦਰਪਾਲ ਕਿਲ੍ਹਾ ਨੌਂ
in Article
ਪੰਜਾਬੀ ਫ਼ਿਲਮਾਂ ਦਾ ਸਦਾਬਹਾਰ ਹੀਰੋ ਸੀ ਵਰਿੰਦਰ



