ਡ੍ਰੀਮ ਰਿਆਲਟੀ ਮੂਵੀਜ਼ ਦੀ ਚੌਥੀ ਫ਼ਿਲਮ ‘ਕਾਕਾ ਜੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਗਲੇ ਸਾਲ 18 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਚ ਦੇਵ ਖਰੌੜ ਮੁੱਖ ਭੂਮਿਕਾ ‘ਚ ਨਜ਼ਰ ਆ ਰਿਹਾ ਹੈ। ਗਿੱਲ ਰੌਂਤੇ ਦੀ ਲਿਖੀ ਅਤੇ ਗੁਰਪ੍ਰੀਤ ਭੁੱਲਰ ਦੇ ਸੰਵਾਦਾਂ ਵਾਲੀ ਇਸ ਫ਼ਿਲਮ ਨੂੰ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ। ਦੇਵ ਖਰੌੜ, ਆਰੂਸ਼ੀ ਸ਼ਰਮਾ, ਜਗਜੀਤ ਸੰਧੂ, ਧੀਰਜ ਕੁਮਾਰ, ਲੱਕੀ ਧਾਲੀਵਾਲ, ਅਸ਼ੀਸ਼ ਦੁੱਗਲ, ਅਨੀਤਾ ਮੀਤ, ਲੱਖਾ ਲਹਿਰੀ ਅਤੇ ਗੁਰਮੀਤ ਸਾਜਨ ਦੀ ਅਹਿਮ ਭੂਮਿਕਾ ਵਾਲੀ ਇਹ ਫ਼ਿਲਮ 90, 95 ਦੇ ਦਹਾਕੇ ਦੀ ਕਹਾਣੀ ਹੈ। ਇਹ ਫ਼ਿਲਮ ਇਕ ਪਿੰਡ ਦੇ ਨਾਮੀਂ ਸਰਦਾਰ ਦੇ ਮੁੰਡੇ ਦੀ ਕਹਾਣੀ ਹੈ, ਜਿਸ ਨੂੰ ਪਿਆਰ ਨਾਲ ਸਭ ਕਾਕਾ ਜੀ ਕਹਿੰਦੇ ਹਨ। ਟ੍ਰੇਲਰ ਮੁਤਾਬਕ ਇਹ ਫ਼ਿਲਮ ਪਰਿਵਾਰਕ ਡਰਾਮੇ ਤੇ ਕਾਮੇਡੀ ਦੇ ਨਾਲ ਨਾਲ ਰੁਮਾਂਟਿਕ ਵੀ ਹੈ। ਆਪਣੀਆਂ ਪਹਿਲੀਆਂ ਫ਼ਿਲਮਾਂ ਨਾਲ ਦਰਸ਼ਕਾਂ ‘ਚ ਇਕ ਐਕਸ਼ਨ ਹੀਰੋ ਵਜੋਂ ਪਹਿਚਾਣ ਬਣਾ ਚੁੱਕਿਆ ਦੇਵ ਪਹਿਲੀ ਵਾਰ ਪਰਦੇ ‘ਤੇ ਐਕਸ਼ਨ ਦੇ ਨਾਲ ਨਾਲ ਰੁਮਾਂਸ ਕਰਦਾ ਨਜ਼ਰ ਆ ਰਿਹਾ ਹੈ। ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਸ ‘ਚ ਵੀ ਜਗਜੀਤ ਸੰਧੂ ਉਸਦੇ ਦੋਸਤ ਦੀ ਭੂਮਿਕਾ ‘ਚ ਹੈ। ਜਦਕਿ ਧੀਰਜ ਕੁਮਾਰ ਪਹਿਲੀ ਵਾਰ ਇਸ ਟੀਮ ਦਾ ਹਿੱਸਾ ਬਣਿਆ ਹੈ। ਫ਼ਿਲਮ ਸੰਬਧੀ ਹੋਰ ਜਾਣਕਾਰੀ ਲਈ ਫ਼ਿਲਮ ਦੇ ਟ੍ਰੇਲਰ ਦਾ ਲਿੰਕ ਸਾਂਝਾ ਕਰ ਰਹੇ ਹਾਂ।


