ਪੰਜਾਬੀ ਸਿਨੇਮੇ ਦੇ ਦੋ ਦਿੱਗਜ ਅਦਾਕਾਰ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਦੀ ਜੋੜੀ ਨੂੰ ਮੁੱਖ ਭੂਮਿਕਾ ‘ਚ ਰੱਖਕੇ ਬਣਾਈ ਜਾ ਰਹੀ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਦੇ ਪਹਿਲੇ ਪੜ•ਾਅ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਲੁਧਿਆਣਾ, ਬਠਿੰਡਾ, ਫ਼ਾਜ਼ਿਲਕਾ ਅਤੇ ਡੱਬਵਾਲੀ ‘ਚ ਫ਼ਿਲਮਾਈ ਗਈ ਇਸ ਫ਼ਿਲਮ ਦਾ ਦੂਜਾ ਸ਼ੂਡਿਊਲ 27 ਦਸੰਬਰ ਤੋਂ ਸ਼ੁਰੂ ਹੋਵੇਗਾ। ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਅਵਤਾਰ ਸਿੰਘ ਬੱਲ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਮਨਜਿੰਦਰ ਹੁੰਦਲ ਹੈ।

ਰਾਜੂ ਵਰਮਾ ਵੱਲੋਂ ਲਿਖੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਬਤੌਰ ਹੀਰੋ ਨਜ਼ਰ ਆਵੇਗਾ। ਉਸ ਨਾਲ ਮੈਂਡੀ ਤੱਖਰ ਤੇ ਅੰਮ੍ਰਿਤ ਔਲਖ ਬਤੌਰ ਹੀਰੋਇਨ ਕੰਮ ਕਰ ਰਹੀਆਂ ਹਨ। ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਸਰਦਾਰ ਸੋਹੀ, ਗੁਰਚੇਤ ਚਿੱਤਰਕਾਰ, ਅਨਮੋਲ ਵਰਗਾ, ਜਤਿੰਦਰ ਕੌਰ ਅਤੇ ਹੌਬੀ ਧਾਲੀਵਾਲ ਵਰਗੇ ਕਲਾਕਾਰਾਂ ਸਜੀ ਇਹ ਫ਼ਿਲਮ ਦੋ ਅਜਿਹੇ ਦੋਸਤਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ, ਜੋ ਕਿਸੇ ਵੇਲੇ ਗੂੜੇ ਮਿੱਤਰ ਸਨ ਪਰ ਦੋਹਾਂ ਦੇ ਪਿਆਰ ‘ਚ ਆਈ ਇਕ ਛੋਟੀ ਜਿਹੀ ਤਰੇੜ ਦੋਵਾਂ ਨੂੰ ਦੋਸਤ ਤੋਂ ਦੁਸ਼ਮਣ ਬਣਾ ਦਿੰਦੀ ਹੈ। ਅਣਖ ਅਤੇ ਜ਼ਿੱਦ ਪਿੱਛੇ ਵਿਗੜਦੇ ਰਿਸ਼ਤਿਆਂ ਦੀ ਗੱਲ ਕਰਦੀ ਇਸ ਫ਼ਿਲਮ ‘ਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ।

ਨਿਰਦੇਸ਼ਕ ਐਮ ਹੁੰਦਲ ਮੁਤਾਬਕ ਇਹ ਫ਼ਿਲਮ ਇਕ ਪੀਰੀਅਡ ਫਿਲਮ ਹੈ ਫ਼ਿਲਮ ‘ਚ ਰਿਸ਼ਤਿਆਂ ਦੇ ਅਰਥ, ਪਰਿਵਾਰਕ ਸੱਭਿਆਚਾਰ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਦਾ ਸਮਾਜਿਕ ਸੱਭਿਆਚਾਰ ਵੀ ਨਜ਼ਰ ਆਵੇਗਾ। ਇਹ ਫ਼ਿਲਮ ਅਗਲੇ ਸਾਲ ਮਾਰਚ ਵਿੱਚ ਰਿਲੀਜ਼ ਹੋਵੇਗੀ।


