‘ਡੀ੍ਰਮ ਰਿਆਲਟੀ ਮੂਵੀਜ਼’ ਦੀ ਚੌਥੀ ਫ਼ਿਲਮ ‘ਕਾਕਾ ਜੀ’ ਅਗਲੇ ਸਾਲ 18 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਸਾਲ ਦੀ ਸੁਪਰਹਿੱਟ ਫ਼ਿਲਮ ‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ਡ੍ਰੀਮ ਰਿਆਲਟੀ ਮੂਵੀਜ਼ ਦੀ ਟੀਮ ‘ਕਾਕਾ ਜੀ’ ਫ਼ਿਲਮ ਨਾਲ ਇਕ ਹੋਰ ਨਵਾਂ ਤਜਰਬਾ ਕਰਨ ਜਾ ਰਹੀ ਹੈ। ਗਿੱਲ ਰੌਂਤੇ ਦੀ ਲਿਖੀ ਅਤੇ ਗੁਰਪ੍ਰੀਤ ਭੁੱਲਰ ਦੇ ਸਕਰੀਨਪਲੇ ‘ਤੇ ਅਧਾਰਿਤ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਇਸ ਫ਼ਿਲਮ ‘ਚ ਦੇਵ ਖਰੌੜ ਆਪਣੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੀ ਭੂਮਿਕਾ ਅਤੇ ਵੱਖਰੀ ਲੁੱਕ ‘ਚ ਨਜ਼ਰ ਆ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਫ਼ਿਲਮ ‘ਚ ਦੇਵ ਖਰੋੜ ਦੇ ਨਾਲ ਦੋ ਖੂਬਸੂਰਤ ਹੀਰੋਇਨਾਂ ਆਰੂਸ਼ੀ ਸ਼ਰਮਾ ਅਤੇ ਸਾਹਿਰ ਨਜ਼ਰ ਆਉਂਣਗੀਆਂ। ਫ਼ਿਲਮ ‘ਚ ਸਭ ਦੇ ਹਰਮਨ ਪਿਆਰੇ ਅਦਾਕਾਰ ਜਗਜੀਤ ਸੰਧੂ ਦੇ ਨਾਲ ਲੱਕੀ ਧਾਲੀਵਾਲ, ਧੀਰਜ ਕੁਮਾਰ, ਲੱਖਾ ਲਹਿਰੀ, ਅਸ਼ੀਸ਼ ਦੁੱਗਲ, ਰੋਜ ਕੌਰ, ਅਨੀਤਾ ਮੀਤ, ਗੁਰਮੀਤ ਸਾਜਨ ਅਤੇ ਪ੍ਰਕਾਸ਼ ਗਾਧੂ ਨੇ ਵੀ ਦਮਦਾਰ ਤੇ ਅਹਿਮ ਭੂਮਿਕਾ ਨਿਭਾਈ ਹੈ।

ਫ਼ਿਲਮ ਦੇ ਲੇਖਕ ਗਿੱਲ ਰੌਂਤੇ ਅਤੇ ਨਿਰਦੇਸ਼ਕ ਮਨਦੀਪ ਬੈਨੀਪਾਲ ਮੁਤਾਬਕ ਉਹ ਇਸ ਫ਼ਿਲਮ ਜ਼ਰੀਏ ਇਕ ਨਵਾਂ ਤਜਰਬਾ ਕਰਨ ਜਾ ਰਹੇ ਹਨ। ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਫ਼ਿਲਮ ਹੈ, ਜਦੋਂ ਪਿੰਡਾਂ ਦੇ ਉੱਚੇ ਸਰਦਾਰਾਂ ਅਤੇ ਰੁਤਬੇ ਵਾਲੇ ਲੋਕਾਂ ਦੇ ਮੁੰਡਿਆਂ ਨੂੰ ‘ਕਾਕਾ ਜੀ’ ਕਹਿ ਕੇ ਸੰਬੋਧਤ ਕੀਤਾ ਜਾਂਦਾ ਸੀ। ਇਹ ਫ਼ਿਲਮ ਸਾਲ 95-੯੬ ਦੇ ਦਹਾਕੇ ਦੀ ਗੱਲ ਕਰਦੀ ਹੈ।


ਨਿਰੋਲ ਰੂਪ ‘ਚ ਪੇਂਡੂ ਸੱਭਿਆਚਾਰ ਨਾਲ ਜੁੜੀ ਇਹ ਫ਼ਿਲਮ ਪੰਜਾਬ ਦੀ ਧੁੰਦਲੀ ਪੈ ਚੁੱਕੀ ਤਸਵੀਰ ਦੀ ਗੱਲ ਕਰਦੀ ਹੈ। ਰੁਮਾਂਸ, ਐਕਸ਼ਨ, ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਇਹ ਫ਼ਿਲਮ ਇਕ ਆਮੀਰ ਸਰਦਾਰ ਦੇ ਪੁੱਤਰ ਦੀ ਕਹਾਣੀ ਹੈ। ਪੂਰੇ ਇਲਾਕੇ ‘ਚ ਜਿਸ ਨੂੰ ਕਾਕਾ ਜੀ ਵਜੋਂ ਜਾਣਿਆ ਜਾਂਦਾ ਹੈ। ਨਿਰਦੇਸ਼ਕ ਮਨਦੀਪ ਬੈਨੀਪਾਲ ਮੁਤਾਬਕ ਉਸ ਨੇ ਪਹਿਲੀ ਵਾਰ ਇਸ ਕਿਸਮ ਦੀ ਰੁਮਾਂਟਿਕ ਕਾਮੇਡੀ ਫ਼ਿਲਮ ਨਿਰਦੇਸ਼ਤ ਕੀਤੀ ਹੈ।

