in

ਨਵਤੇਜ ਸੰਧੂ ਦੀ ਨਿਵੇਕਲੀ ਪਹਿਲ ‘ਜਮਰੌਦ’, ਸ਼ੂਟਿੰਗ ਜਾਰੀ

ਲਘੂ ਫ਼ਿਲਮਾਂ ‘ਨੂਰਾਂ, ਕੰਬੜੀ ਡਿਊੜੀ’, ‘ਗੁਆਚੀ ਪੱਗ’ ਅਤੇ ‘ਭੁਲੇਖਾ’ ਨਾਲ ਫ਼ਿਲਮਸਾਜ਼ੀ ਦੇ ਖੇਤਰ ‘ਚ ਨਵੀਆਂ ਪੈੜਾਂ ਪਾਉਣ ਵਾਲਾ ਫ਼ਿਲਮ ਨਿਰਦੇਸ਼ਕ ਨਵਤੇਜ ਸੰਧੂ ਹੁਣ ਆਪਣੀ ਪਹਿਲੀ ਫ਼ੀਚਰ ਫ਼ਿਲਮ ‘ਜਮਰੌਦ’ ਨਾਲ ਪੰਜਾਬੀ ਸਿਨੇਮੇ ਦੇ ਮਾਣ ‘ਚ ਹੋਰ ਵਾਧਾ ਕਰਨ ਜਾ ਰਿਹਾ ਹੈ। ਨਾਮਵਰ ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਤੇ ਅਧਾਰਿਤ ਇਹ ਫ਼ੀਚਰ ਫ਼ਿਲਮ ਪੰਜਾਬੀ ਸਿਨੇਮੇ ਨੂੰ ਕੌਮਾਂਤਰੀ ਪੱਧਰ ‘ਤੇ ਹੋਰ ਮਾਣਾ ਹਾਸਲ ਕਰਵਾਉਣ ਦਾ ਦਮ ਰੱਖਦੀ ਹੈ। ਇਹ ਫ਼ਿਲਮ ਪੰਜਾਬ ਦੀ ਇਕ ਅਜਿਹੀ ਵਿੱਥਿਆ ਜਾਂ ਕਹਾਣੀ ‘ਤੇ ਅਧਾਰਿਤ ਹੈ, ਜੋ ਹਰ ਪੰਜਾਬੀ ਦੀ ਆਤਮਾ ਨੂੰ ਝੰਜੋੜ ਦੇਵੇਗੀ। ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਦੇਣ ਜਾ ਰਹੀ ਇਹ ਫ਼ਿਲਮ ਪੰਜਾਬ ਦੇ ਅਸਲ ਸੱਚ ਨੂੰ ਬਿਆਨ ਕਰਦੀ ਹੈ।


‘ਅਜਬ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਬੌਬੀ ਸੱਚਦੇਵਾ ਦੀ ਇਸ ਫ਼ਿਲਮ ‘ਚ ਸਰਦਾਰ ਸੋਹੀ ਅਤੇ ਕੁਲਜਿੰਦਰ ਸਿੱਧੂ ਮੁੱਖ ਭੂਮਿਕਾ ‘ਚ ਹਨ। ਫ਼ਿਲਮ ‘ਚ ਅਸ਼ੀਸ਼ ਦੁੱਗਲ, ਜਤਿੰਦਰ ਕੌਰ, ਹਰਵਿੰਦਰ ਕੌਰ ਬਬਲੀ, ਕੁਲ ਸਿੱਧੂ, ਜੋਤ ਗਰੇਵਾਲ, ਸੰਜੀਵ ਅੱਤਰੀ, ਜੋਤ ਅਰੋੜਾ ਅਤੇ ਗੁਰਿੰਦਰ ਮਕਨਾ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਂਣਗੇ।
ਸਾਲ 2019 ‘ਚ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਾਈਟਲ ਭਾਵੇ ਇਸ ਦੇ ਇਤਿਹਾਸਕ ਜਾਂ ਧਾਰਮਿਕ ਹੋਣ ਦਾ ਇਸ਼ਾਰਾ ਕਰਦਾ ਹੈ, ਪਰ ਇਹ ਫ਼ਿਲਮ ਪੰਜਾਬ ਦੇ ਅਹਿਮ ਮੁੱਦੇ ਨਾਲ ਜੁੜੀ ਨਿਰੋਲ ਰੂਪ ‘ਚ ਕਮਰਸ਼ੀਅਲ ਫ਼ਿਲਮ ਹੈ। ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਦੇਣ ਜਾ ਰਹੀ ਇਹ ਫ਼ਿਲਮ ਪੰਜਾਬ ਦੇ 90 ਦੇ ਦਹਾਕੇ ਦੀ ਪੇਸ਼ਕਾਰੀ ਕਰਦੀ ਹੈ। ਇਹ ਉਸ ਦੌਰ ਦੀ ਕਹਾਣੀ ਹੈ ਜਦੋਂ ਪੰਜਾਬ ‘ਚ ਅੱਤਵਾਦ ਦਾ ਕਹਿਰ ਆਖਰੀ ਪੜ•ਾਅ ‘ਤੇ ਸੀ। ਉਸ ਵੇਲੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਅੱਤਵਾਦ ਤੋਂ ਡਰਦਿਆਂ ਆਪਣੇ ਮੁੰਡੇ, ਕੁੜੀਆਂ ਨੂੰ ਬਾਹਰਲੇ ਮੁਲਕਾਂ ‘ਚ ਭੇਜਣਾ ਸ਼ੁਰੂ ਕੀਤਾ ਸੀ। ਇਹ ਫ਼ਿਲਮ ਉਸ ਦੌਰ ਦੀ ਕਹਾਣੀ ਹੈ। ਇਕ ਬਾਪ ਅਤੇ ਬੇਟੇ ਦੀ ਜ਼ਿੰਦਗੀ ਦੁਆਲੇ ਬਣੀ ਇਹ ਕਹਾਣੀ ਪਰਵਾਸ ਦੇ ਦਰਦ, ਪਰਵਾਸ ਕਰੇ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਦੀ ਹੋਣੀ ਅਤੇ ਸਮਾਜਿਕ ਸਥਿਤੀ ਦੀ ਪੇਸ਼ਕਾਰੀ ਕਰਦੀ ਹੈ।

ਇਸ ਫ਼ਿਲਮ ‘ਚ ਅਦਾਕਾਰ ਕੁਲਜਿੰਦਰ ਸਿੱਧੂ ਪਹਿਲੀ ਵਾਰ ਲੀਕ ਤੋਂ ਹਟਵੀਂ ਅਤੇ ਦਮਦਾਰ ਭੂਮਿਕਾ ‘ਚ ਨਜ਼ਰ ਆਵੇਗਾ। ਉਹ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਉਸ ਦੇ ਪਿਤਾ ਦੇ ਰੋਲ ‘ਚ ਦਿੱਗਜ ਅਦਾਕਾਰ ਸਰਦਾਰ ਸੋਹੀ ਨਜ਼ਰ ਆਉਂਣਗੇ। ਇਹ ਫ਼ਿਲਮ ਉਨ•ਾਂ ਦੀ ਅਦਾਕਾਰੀ ਦੀ ਨਵੀਂ ਮਿਸਾਲ ਪੈਦਾ ਕਰੇਗੀ। ਪੰਜਾਬ ਅਤੇ ਕੈਨੇਡਾ ‘ਚ ਫ਼ਿਲਮਾਈ ਜਾਣ ਵਾਲੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫਰ ਪਰਮਿੰਦਰ ਸਿੰਘ ਹਨ। ਫ਼ਿਲਮ ਦੀ ਐਸੋਸੀਏਟ ਨਿਰਦੇਸ਼ਕ ਜੱਸੀ ਸੰਘਾ ਹੈ। ਇਸ ਫ਼ਿਲਮ ਦੀ ਕਹਾਣੀ ਹੀ ਖੂਬਸੂਰਤ ਨਹੀਂ ਹੋਵੇਗੀ ਬਲਕਿ ਸੰਗੀਤ ਵੀ ਮੰਤਰ ਮੁਗਧ ਕਰਨ ਵਾਲਾ ਹੋਵੇਗਾ। ਫ਼ਿਲਮ ਦੇ ਗੀਤ ਬਾਬੂ ਸਿੰਘ ਮਾਨ, ਅਮਰਦੀਪ ਸਿੰਘ ਗਿੱਲ ਅਤੇ ਰਾਜ ਸੰਧੂ ਵੱਲੋਂ ਲਿਖੇ ਗਏ ਹਨ। ਗੁਰਮੀਤ ਸਿੰਘ ਵੱਲੋ ਤਿਆਰ ਕੀਤੇ ਜਾ ਰਹੇ ਸੰਗੀਤ ‘ਚ ਪੰਜਾਬ ਦੇ ਨਾਮਵਰ ਗਾਇਕ ਇਨ•ਾਂ ਗੀਤਾਂ ਨੂੰ ਆਪਣੀ ਆਵਾਜ਼ ਦੇਣਗੇ। ਕਾਮੇਡੀ, ਵਿਆਹਾਂ ਅਤੇ ਅਜਿਹੇ ਵੀ ਘਸ ਚੁੱਕੇ ਵਿਸ਼ਿਆਂ ‘ਤੇ ਬਣ ਰਹੀਆਂ ਫ਼ਿਲਮਾਂ ਦੇ ਦੌਰ ‘ਚ ਇਹ ਫ਼ਿਲਮ ਲਾਜ਼ਮੀ ਤੌਰ ‘ਤੇ ਇਕ ਵੱਖਰੀ ਲੀਹ ਪਾਉਣ ਦੇ ਨਾਲ ਨਾਲ ਪੰਜਾਬੀ ਸਿਨੇਮੇ ਦਾ ਕੱਦ ਕੌਮਾਂਤਰੀ ਪੱਧਰ ‘ਤੇ ਹੋਰ ਵੀ ਉੱਚਾ ਚੁੱਕਣ ‘ਚ ਅਹਿਮ ਭੂਮਿਕਾ ਨਿਭਾਵੇਗੀ।
ਬਲਜਿੰਦਰ ਉਪਲ

Leave a Reply

Your email address will not be published. Required fields are marked *

‘ਕਾਕਾ ਜੀ’ : ਇਸ ਵਾਰ ਐਕਸ਼ਨ ਦੇ ਨਾਲ ਨਾਲ ਰੁਮਾਂਸ ਵੀ ਕਰੇਗਾ ਦੇਵ ਖਰੌੜ

‘ਜੱਦੀ ਸਰਦਾਰ’ ‘ਚ ਨਜ਼ਰ ਆਉਂਣਗੇ ਪੰਜਾਬੀ ਗਾਇਕ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ