ਪੰਜਾਬੀ ਫ਼ਿਲਮ ਇੰਡਸਟਰੀ ਦੀ ਖੂਬਸੂਰਤ ਤੇ ਹਰਮਨਪਿਆਰੀ ਅਦਾਕਾਰਾ ਮੈਂਡੀ ਤੱਖਰ ਐਕਟਿੰਗ ਦੇ ਨਾਲ ਨਾਲ ਡਾਂਸ ਅਤੇ ਗਿੱਧੇ ‘ਚ ਵੀ ਖੂਬ ਧਮਾਲ ਪਾਉਂਦੀ ਹੈ। ਪੰਜਾਬੀ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਦੇ ਵਿਆਹ ‘ਚ ਉਸ ਨੇ ਨੱਚ ਨੱਚ ਧਰਤੀ ਪੁੱਟ ਦਿੱਤੀ। ਵਿਆਹ ‘ਚ ਆਇਆ ਹਰ ਮੇਲੀ ਉਸਨੂੰ ਨੱਚਦੀ ਦੇਖਕੇ ਦੰਗ ਰਹਿ ਗਿਆ। ਕੜਕ ਦੀ ਠੰਢ ‘ਚ ਮੈਂਡੀ ਨੇ ਨੱਚ ਨੱਚ ਪਸੀਨੇ ਲਿਆ ਦਿੱਤੇ।

ਫਿਕਰ ਨਾ ਕਰੋ, ਮੈਂਡੀ ਦਾ ਇਹ ਗਿੱਧਾ ਤੁਸੀਂ ਵੀ ਦੇਖ ਸਕਦੇ ਹੋ, ਪਰ ਫ਼ਿਲਮ ‘ਚ। ਦਰਅਸਲ ਇਹ ਤਸਵੀਰਾਂ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਦੀਆਂ ਹਨ। ਨਿਰਮਾਤਾ ਅਵਤਾਰ ਸਿੰਘ ਬੱਲ ਅਤੇ ਨਿਰਦੇਸ਼ਕ ਐਮ ਹੁੰਦਲ ਦੀ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਸਾਹਮਣੇ ਆਈਆਂ ਤਸਵੀਰਾਂ ‘ਚ ਮੈਂਡੀ ਤੱਖਰ ਖੂਬ ਨੱਚ ਰਹੀ ਹੈ। ਫ਼ਿਲਮ ਦੇ ਇਕ ਦ੍ਰਿਸ਼ ‘ਚ ਕਰਮਜੀਤ ਅਨਮੋਲ ਦੇ ਵਿਆਹ ਹੋ ਰਿਹਾ ਹੈ। ਇਸ ਵਿਆਹ ‘ਚ ਮੈਂਡੀ ਤੱਖਰ ਅਤੇ ਫ਼ਿਲਮ ਦਾ ਹੀਰੋ ਪ੍ਰੀਤ ਹਰਪਾਲ ਮੇਲੀ ਬਣਕੇ ਆਏ ਹੋਏ ਹਨ।

ਦੱਸ ਦਈਏ ਕਿ ਇਸ ਫ਼ਿਲਮ ‘ਲੁਕਣ ਮੀਚੀ’ ਵਿੱਚ ਪ੍ਰੀਤ ਹਰਪਾਲ, ਮੈਂਡੀ ਤੱਖਰ ਅਤੇ ਅੰਮ੍ਰਿਤ ਔਲਖ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ‘ਚ ਯੋਗਰਾਜ ਸਿੰਘ, ਗੱਗੂ ਗਿੱਲ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਸਰਦਾਰ ਸੋਹੀ, ਗੁਰਚੇਤ ਚਿੱਤਰਕਾਰ, ਜਤਿੰਦਰ ਕੌਰ, ਰੋਜ ਜੇ ਕੌਰ ਅਤੇ ਅਨਮੋਲ ਵਰਮਾ ਨੇ ਅਹਿਮ ਭੂਮਿਕਾ ਨਿਭਾਈ ਹੈ। ਰਾਜੂ ਵਰਮਾ ਦੀ ਲਿਖੀ ਇਹ ਫ਼ਿਲਮ ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਮਾਰਚ ਵਿੱਚ ਰਿਲੀਜ਼ ਹੋਵੇਗੀ।


