ਐਮੀ ਵਿਰਕ ਤੇ ਸੋਨਮ ਬਾਜਵਾ ਆਪਣੀ ਫ਼ਿਲਮ ‘ਮੁਕਲਾਵਾ’ ਨੂੰ ਲੈ ਕੇ ਹਰ ਪਾਸੇ ਚਰਚਾ ਵਿੱਚ ਹਨ। ਦੋਵਾਂ ਦੀ ਇਹ ਫ਼ਿਲਮ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ‘ਵਾਈਟ ਹਿੱਲ ਸਟੂਡੀਓ’ ਦੇ ਬੈਨਰ ਹੇਠ ਬਣੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਨਿਰਦੇਸ਼ਤ ਕੀਤਾ ਹੈ।
ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਇਸ ਫ਼ਿਲਮ ਨੂੰ ਲੈ ਕੇ ਆਮ ਦਰਸ਼ਕਾਂ ਦੀ ਦਿਲਚਸਪੀ ਦਾ ਅੰਦਾਜ਼ਾ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੇ ਇਸ ਦੇ ਗੀਤਾਂ ਅਤੇ ਟ੍ਰੇਲਰ ਤੋਂ ਲਗਾਇਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਫ਼ਿਲਮ ਦੀ ਟੀਮ ਵੱਲੋਂ ਆਮ ਦਰਸ਼ਕਾਂ ਤੋਂ ਪੁੱਛਿਆ ਗਿਆ ਸੀ ਕਿ ਆਖਰ ਮੁਕਲਾਵਾ ਕਹਿੰਦੇ ਕਿਸ ਨੂੰ ਹਨ? ਇਸ ਸੁਆਲ ਦੇ ਜੁਆਬ ਵਿੱਚ ਹਜ਼ਾਰਾਂ ਮੈਸਿਜ ਆਏ ਸਨ, ਜਿਨ•ਾਂ ‘ਚੋਂ ਕੁਝ ਪ੍ਰਥਮ ਮੈਸੇਜ ਚੁਣੇ ਗਏ ਹਨ। ਇਹ ਮੈਸੇਜ ਭੇਜਣ ਵਾਲਿਆਂ ਨੂੰ ਹੁਣ ਫ਼ਿਲਮ ਦੀ ਟੀਮ ਵੱਲੋਂ ਆਈ ਫ਼ੋਨ, ਗੋਆ ਦਾ ਟੂਅਰ ਅਤੇ ਹੋਰ ਖਾਸ ਤੋਹਫ਼ੇ ਦਿੱਤੇ ਜਾਣਗੇ।

ਹੁਣ ਫ਼ਿਲਮ ਦੀ ਟੀਮ ਵੱਲੋਂ ਦਰਸ਼ਕਾਂ ਨੂੰ ਸਿੱਧੇ ਤੌਰ ‘ਤੇ ਇਸ ਫ਼ਿਲਮ ਨਾਲ ਜੋੜਨ ਲਈ ਕੱਲ•, 1 ਮਈ ਤੋਂ ਦੱਸਿਆ ਜਾਵੇਗਾ ਕਿ ਮੁਕਲਾਵੇ ਦੀ ਤਾਂਘ ਕੀ ਹੁੰਦੀ ਹੈ। ਮੁਕਲਾਵੇ ਨੂੰ ਲੈ ਕੇ ਕੁੜੀ ਅਤੇ ਮੁੰਡੇ ਦੋਵਾਂ ਦੇ ਦਿਲ ਵਿੱਚ ਕੀ ਵਲਵਲੇ ਉੱਠਦੇ ਹਨ। ਦੱਸ ਦਈਏ ਕਿ ਇਹ ਫ਼ਿਲਮ ਮਨੋਰੰਜਨ ਭਰਪੂਰ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ਵਿੱਚ ਸਾਂਝੇ ਪਰਿਵਾਰਾਂ ਦੀ ਕਹਾਣੀ ਦੇ ਨਾਲ ਨਾਲ ਮੁਕਲਾਵਾ ਵਰਗੀ ਖੂਬਸੂਰਤ ਰਸਮ ਨੂੰ ਦਿਖਾਇਆ ਗਿਆ ਹੈ। ਅਜੌਕੇ ਦੌਰ ਵਿੱਚ ਭਾਵੇਂ ਮੁਕਲਾਵੇ ਦੀ ਕੋਈ ਅਹਿਮੀਅਤ ਨਹੀਂ ਹੈ, ਪਰ ਅੱਜ ਤੋਂ ਕਰੀਬ 5 ਦਹਾਕੇ ਪਹਿਲਾਂ ਮੁਕਲਾਵੇ ਦੀ ਕੀ ਅਹਿਮੀਅਤ ਹੁੰਦੀ ਸੀ ਅਤੇ ਇਸ ਨੂੰ ਲੈ ਕੇ ਕੁੜੀ ਅਤੇ ਮੁੰਡੇ ਦੇ ਪਰਿਵਾਰਾਂ ਵੱਲੋਂ ਕੀ ਕੀ ਤਿਆਰੀ ਕੀਤੀ ਜਾਂਦੀ ਸੀ, ਇਹ ਸਭ ਕੁਝ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲੇਗਾ।



