ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਦੀ 14 ਜੂਨ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਮੁੰਡਾ ਫ਼ਰੀਦਕੋਟੀਆ’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ‘ਡਲਮੌਰਾ ਫਿਲਮਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਦਲਜੀਤ ਸਿੰਘ ਥਿੰਦ ਅਤੇ ਮੋਨਟੀ ਸਿੱਕਾ ਦੀ ਇਸ ਫ਼ਿਲਮ ਨੂੰ ਮਨਦੀਪ ਸਿੰਘ ਚਾਹਲ ਨੇ ਡਾਇਰੈਕਟ ਕੀਤਾ ਹੈ। ਅੰਜਲੀ ਖੁਰਾਣਾ ਦੀ ਲਿਖੀ ਇਹ ਫ਼ਿਲਮ ਫ਼ਰੀਦਕੋਟ ਦੇ ਇਕ ਅਜਿਹੇ ਮੁੰਡੇ ਦੀ ਕਹਾਣੀ ਹੈ, ਜੋ ਗਲਤੀ ਨਾਲ ਬਾਰਡਰ ਟੱਪਕੇ ਪਾਕਿਸਤਾਨ ਚਲਾ ਜਾਂਦੈ।
ਰੌਸ਼ਨ ਪ੍ਰਿੰਸ, ਸ਼ਰਨ ਕੌਰ, ਨਵਪ੍ਰੀਤ ਬੰਗਾ, ਮੁਕਲ ਦੇਵ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਸੁਮਿਤ ਗੁਲਾਟੀ, ਰੁਪਿੰਦਰ ਰੂਪੀ, ਜਤਿੰਦਰ ਕੌਰ, ਸਨੀ ਗਿੱਲ, ਪੂਨਮ ਸੂਦ, ਅੰਮ੍ਰਿਤ ਔਲਖ, ਨਗਿੰਦਰ ਗੱਖੜ ਅਤੇ ਅੰਜੂ ਕਪੂਰ ਸਮੇਤ ਦਰਜਨ ਦੇ ਨੇੜੇ ਹੋਰ ਚਰਚਿਤ ਕਲਾਕਾਰਾਂ ਦੀ ਸ਼ਮੂਲੀਅਤ ਵਾਲੀ ਇਸ ਫ਼ਿਲਮ ਦਾ ਮਿਊਜ਼ਿਕ ਜੈ ਦੇਵ ਕੁਮਾਰ, ਗੁਰਮੀਤ ਸਿੰਘ, ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਗੀਤ ਰੌਸ਼ਨ ਪ੍ਰਿੰਸ , ਪੰਮੀ ਬਾਈ, ਮੰਨਤ ਨੂਰ, ਸ਼ਿਪਰਾ ਗੋਇਲ, ਸਰਦਾਰ ਅਲੀ ਅਤੇ ਸ਼ੌਕਤ ਅਲੀ ਨੇ ਗਾਏ ਹਨ।


