ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਚਰਚਿਤ ਫ਼ਿਲਮ ‘ਜੋਰਾ 10 ਨੰਬਰੀਆ’ ਦਾ ਸੀਕੁਅਲ ‘ਜੋਰਾ-ਦੂਜਾ ਅਧਿਆਇ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ‘ਬਠਿੰਡੇ ਵਾਲੇ ਬਾਈ ਫ਼ਿਲਮਸ’ ਵੱਲੋਂ ‘ਲਾਊਡ ਰੌਰ ਫ਼ਿਲਮਸ’ ਅਤੇ ‘ਰਾਜ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਦੇਵਗਨ, ਅਮਰਿੰਦਰ ਸਿੰਘ ਅਤੇ ਵਿਮਲ ਚੋਪੜਾ ਹਨ। ਇਸ ਫ਼ਿਲਮ ਦੀ ਕਹਾਣੀ ਜੋਰਾ 10 ਨੰਬਰੀਆ ਦੀ ਕਹਾਣੀ ਨੂੰ ਅੱਗੇ ਤੋਰੇਗੀ।
ਇਸ ਫ਼ਿਲਮ ਵਿੱਚ ਵੀ ਦੀਪ ਸਿੱਧੂ ਹੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਜ਼ਰੀਏ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਮਾਹੀ ਗਿੱਲ ਲੰਮੇ ਸਮੇਂ ਬਾਅਦ ਪੰਜਾਬੀ ਪਰਦੇ ‘ਤੇ ਆਗਮਨ ਕਰੇਗੀ। ਉਹ ਇਸ ਫ਼ਿਲਮ ਵਿੱਚ ਪੁਲਿਸ ਦੀ ਵਰਦੀ ‘ਚ ਨਜ਼ਰ ਆਵੇਗੀ। ਉਸ ਤੋਂ ਇਲਾਵਾ ਪੰਜਾਬੀ ਗਾਇਕ ਸਿੰਘਾ, ਅਦਾਕਾਰਾ ਜਪਜੀ ਖਹਿਰਾ, ਗੱਗੂ ਗਿੱਲ, ਯਾਦ ਗਰੇਵਾਲ, ਹੌਬੀ ਧਾਲੀਵਾਲ, ਕਰਨ ਬਤਾਨ, ਅਸ਼ੀਸ਼ ਦੁੱਗਲ ਤੇ ਕੁਲ ਸਿੱਧੂ ਸਮੇਤ ਪੰਜਾਬੀ ਸਿਨੇਮੇ ਅਤੇ ਰੰਗ ਮੰਚ ਦੇ ਕਈ ਹਰ ਜ਼ਿਕਰਯੋਗ ਚਿਹਰੇ ਨਜ਼ਰ ਆਉਂਣਗੇ।
ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਅਮਰਦੀਪ ਸਿੰਘ ਗਿੱਲ ਨੇ ਹੀ ਲਿਖੇ ਹਨ। ਫ਼ਿਲਮ ਦੇ ਗੀਤਾਂ ਵਿੱਚ ਵੀ ਅਮਰਦੀਪ ਗਿੱਲ ਦੀ ਸ਼ਮੂਲੀਅਤ ਰਹੇਗੀ। ਦੱਸ ਦਈਏ ਕਿ ਬਠਿੰਡੇ ਵਾਲੀ ਬਈ ਫ਼ਿਲਮਸ ਦੀ ਇਹ ਪੰਜਵੀਂ ਫ਼ਿਲਮ ਹੋਵੇਗੀ। ਇਸ ਬੈਨਰ ਹੇਠ ਪਹਿਲੀ ਫ਼ਿਲਮ ‘ਜੋਰਾ 10 ਨੰਬਰੀਆ’ ਰਿਲੀਜ਼ ਹੋਈ ਸੀ। ਪਿਛਲੇ ਸਾਲ ਰਿਲੀਜ਼ ਹੋਈ ‘ਰੰਗ ਪੰਜਾਬ’ ਵੀ ਇਸੇ ਬੈਨਰ ਦੀ ਪੇਸ਼ਕਸ਼ ਸੀ। ਹੁਣ ਜੋਰਾ ਦੂਜਾ ਅਧਿਆਇ ਤੋਂ ਇਲਾਵਾ ਪੰਜਾਬੀ ਫ਼ਿਲਮ ਸਾਡੇ ਆਲੇ ਅਤੇ ਪਿੰਡ ਵੀ ਇਸ ਬੈਨਰ ਹੇਠ ਰਿਲੀਜ਼ ਹੋਣਗੀਆਂ। ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ• ਦੇ ਆਸ ਪਾਸ ਦੇ ਖੇਤਰਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਇਹ ਫ਼ਿਲਮ ਇਸੇ ਸਾਲ 22 ਨਵੰਬਰ ਨੂੰ ਕੌਮਾਂਤਰੀ ਪੱਧਰ ‘ਤੇ ਰਿਲੀਜ਼ ਹੋਵੇਗੀ।







