ਪੰਜਾਬੀ ਫ਼ਿਲਮਾਂ ਵਿਚ ਅਜਿਹੇ ਵਿਸ਼ੇ ਬਹੁਤ ਘੱਟ ਚੁਣੇ ਗਏ ਹਨ, ਜਿਹੜੇ ਕਿਸੇ ਖਾਸ ਸਦੀ ਜਾਂ ਦਹਾਕੇ ਨਾਲ ਜੁੜੇ ਹੋਣ। ‘ਅੰਗਰੇਜ਼’ ਫ਼ਿਲਮ ਵਿਚ ਪੁਰਾਣੇ ਪੰਜਾਬ ਦੀ ਪੇਸ਼ਕਾਰੀ ਕੀਤੀ ਗਈ ਤੇ ਇਹ ਫ਼ਿਲਮ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣੀ। ਹੁਣ ਉਸੇ ਤਰਜ਼ ਉਤੇ 1938 ਦੇ ਪੰਜਾਬ ਦੀ ਪੇਸ਼ਕਾਰੀ ਕਰਨ ਲਈ ਰਣਜੀਤ ਬਾਵਾ ਦੀ ਫ਼ਿਲਮ ‘ਭਲਵਾਨ ਸਿੰਘ’ 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਤੌਰ ਹੀਰੋ ਇਸ ਫ਼ਿਲਮ ਨੂੰ ਰਣਜੀਤ ਬਾਵਾ ਦੀ ਪਹਿਲੀ ਫ਼ਿਲਮ ਕਿਹਾ ਜਾ ਸਕਦਾ ਹੈ। ਹਾਲਾਂਕਿ ਰਣਜੀਤ ਬਾਵਾ ਨੇ ਇਸ ਤੋਂ ਪਹਿਲਾਂ ਕਈ ਫ਼ਿਲਮਾਂ ਵਿਚ ਖੂਬਸੂਰਤ ਕਿਰਦਾਰ ਨਿਭਾਏ ਹਨ ਪਰ ਕਮਰਸ਼ੀਅਲ ਹੀਰੋ ਦੇ ਤੌਰ ‘ਤੇ ਉਹ ਪਹਿਲੀ ਵਾਰ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਿਹਾ ਹੈ।
ਰਣਜੀਤ ਬਾਵਾ ਦੀ ਇਹ ਫ਼ਿਲਮ ਉਸ ਵੇਲੇ ਨਾਲ ਸਬੰਧਤ ਹੈ, ਜਦੋਂ ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ। ਆਜ਼ਾਦੀ ਦੇ ਪ੍ਰਵਾਨੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਦੇਸ਼ ਨੂੰ ਗੁਲਾਮੀ ਦੇ ਜੂਲੇ ‘ਚੋਂ ਕੱਢਣਾ ਚਾਹੁੰਦੇ ਸਨ। ਉਸ ਦੌਰ ਵਿਚ ਇਕ ਸਿੱਧੜ ਜਿਹਾ ਪੰਜਾਬੀ ਮੁੰਡਾ ਕਿਵੇਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਭਜਾਉਣ ਲਈ ਦਿਮਾਗ਼ ਲੜਾਉਂਦਾ ਹੈ ਅਤੇ ਉਹ ਇਸ ਉਪਰਾਲੇ ਵਿਚ ਕਿੰਨਾ ਕੁ ਕਾਮਯਾਬ ਹੁੰਦਾ ਹੈ, ਇਸ ਸਭ ਦੀ ਪੇਸ਼ਕਾਰੀ ਕਰਨ ਵਾਲੀ ਫ਼ਿਲਮ ‘ਭਲਵਾਨ ਸਿੰਘ’ ਦਾ ਸੋਸ਼ਲ ਮੀਡੀਆ ‘ਤੇ ਪ੍ਰਚਾਰ ਪਿਛਲੇ ਕਈ ਦਿਨਾਂ ਤੋਂ ਜੰਗੀ ਪੱਧਰ ‘ਤੇ ਜਾਰੀ ਹੈ।
‘ਭਲਵਾਨ ਸਿੰਘ’ ਅਜਿਹੀ ਫ਼ਿਲਮ ਹੈ, ਜਿਸ ਨੂੰ ਪ੍ਰਚਾਰਨ ਲਈ ਵੱਖਰੀ ਭਾਂਤ ਵਰਤੀ ਗਈ ਹੈ। ਲੀਕ ਤੋਂ ਹਟ ਕੇ ਫ਼ਿਲਮਾਂ ਬਣਾਉਣ ਵਾਲੇ ਬੈਨਰ ਵੱਲੋਂ ਇਸ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਪੰਜਾਬੀ ਸਿਨੇਮਾ ਪ੍ਰਤੀ ਵੱਖਰਾ ਨਜ਼ਰੀਆ ਰੱਖਣ ਵਾਲੇ ਇਸ ਦੇ ਨਿਰਮਾਤਾ ਹਨ। ਇਨ੍ਹਾਂ ਨਿਰਮਾਤਾਵਾਂ ਨੇ ਹੁਣ ਤੱਕ ਦਰਜਨਾਂ ਪੰਜਾਬੀ ਫ਼ਿਲਮਾਂ ਸਿਨੇਮਾ ਨੂੰ ਦਿੱਤੀਆਂ, ਜਿਨ੍ਹਾਂ ਕਰਕੇ ਪੰਜਾਬੀ ਸਿਨੇਮਾ ਲਗਾਤਾਰ ਉਚਾਈਆਂ ਛੂਹਣ ਲੱਗਾ।’ਭਲਵਾਨ ਸਿੰਘ’ ਵਿਚ ਰਣਜੀਤ ਬਾਵਾ ਨਾਲ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਦਿਖਾਈ ਦੇਣਗੇ।
ਫ਼ਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵੱਲੋਂ ਕੀਤਾ ਗਿਆ ਹੈ ਅਤੇ ਕਹਾਣੀ ਸੁਖਰਾਜ ਸਿੰਘ ਦੀ ਲਿਖੀ ਹੋਈ ਹੈ। ਸਕਰੀਨਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ ਅਤੇ ਗੀਤ ਬੀਰ ਦੇ ਹਨ। ਰਣਜੀਤ ਬਾਵਾ ਸਮੇਤ ਪੂਰੀ ਟੀਮ ਨੂੰ ਆਸ ਹੈ ਕਿ ‘ਭਲਵਾਨ ਸਿੰਘ’ ਪੰਜਾਬੀ ਸਿਨੇਮਾ ਵਿਚ ਕੁਝ ਨਵਾਂ ਕਰੇਗੀ।