ਨਾਮਵਰ ਫ਼ਿਲਮ ਅਤੇ ਮਿਊਜ਼ਿਕ ਕੰਪਨੀ ‘ਸਾਗਾ ਮਿਊਜ਼ਿਕ’ ਵੱਲੋਂ ਪੰਜਾਬੀ ਫ਼ਿਲਮ ‘ਪ੍ਰਹੁਣਾ’ ਦਾ ਟ੍ਰੇਲਰ ਅੱਜ ਰਿਲੀਜ਼ ਕੀਤਾ ਗਿਆ ਹੈ। 28 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਮੁੱਖ ਭੂਮਿਕਾ ਨਿਭਾਈ ਹੈ। ਪੰਜਾਬੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਦਮਦਾਰ ਭੂਮਿਕਾ ਅਦਾ ਕਰ ਚੁੱਕੇ ਬਿੱਲੇ ਦੀ ਇਹ ਬਤੌਰ ਹੀਰੋ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ‘ਚ ਉਸਦੀ ਹੀਰੋਇਨ ਵਾਮਿਕਾ ਗੱਬੀ ਹੈ। ਅਮਿੰਤ ਰਾਜ ਚੱਢਾ ਅਤੇ ਮੋਹਿਤ ਬਨਵੈਤ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਸਰਦਾਰ ਸੋਹੀ, ਅਨੀਤਾ ਮੀਤ, ਮਲਕੀਤ ਰੌਣੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਅਕਿਸ਼ਤਾ ਸ਼ਰਮਾ ਅਤੇ ਨਵਦੀਪ ਕਲੇਰ ਨੇ ਅਹਿਮ ਭੂਮਿਕਾ ਨਿਭਾਈ ਹੈ। ਨਿਰਮਾਤਾ ਮੋਹਿਤ ਬਨਵੈਤ, ਮਨੀ ਧਾਲੀਵਾਲ ਅਤੇ ਸਹਿ ਨਿਰਮਾਤਾ ਸੁਮੀਤ ਸਿੰਘ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਅਤੇ ਸੰਵਦ ਸੁਖਰਾਜ ਸਿੰਘ, ਟਾਟਾ ਬੈਨੀਪਾਲ ਅਤੇ ਅਮਨ ਸੰਧੂ ਨੇ ਲਿਖੇ ਹਨ।
1990 ਦੇ ਦਹਾਕੇ ਨੂੰ ਦਰਸਾਉਂਦੀ ਇਹ ਫ਼ਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਪ੍ਰੀਤੀ ਸਪਰੂ ਦਾ ਬਹੁਤ ਵੱਡਾ ਫ਼ੈਨ ਹੈ। ਉਸਦੇ ਇਕ ਦੋਸਤ ਤੋਂ ਉਸਨੂੰ ਪ੍ਰੀਤੀ ਸਪਰੂ ਵਰਗੀ ਇਕ ਕੁੜੀ ਦਾ ਪਤਾ ਲੱਗਦਾ ਹੈ। ਇਸ ਕੁੜੀ ਨੁੰ ਮਿਲਣ ਲਈ ਹੀ ਉਹ ਆਪਣੇ ਦੋਸਤਾਂ ਨਾਲ ਇਕ ਵਿਆਹ ‘ਤੇ ਜਾਂਦਾ ਹੈ। ਇਸ ਵਿਆਹ ‘ਚ ਜੋ ਹੁੰਦਾ ਹੈ, ਉਹ ਫ਼ਿਲਮ ਦਾ ਅਹਿਮ ਹਿੱਸਾ ਹੈ। ਇਸ ਫ਼ਿਲਮ ‘ਚ ਪੁਰਾਤਨ ਪੰਜਾਬੀ ਸੱਭਿਆਚਾਰ ਅਤੇ ਦੋ ਦਹਾਕੇ ਪਹਿਲਾਂ ਦੇ ਵਿਆਹਾਂ ਦੀਆਂ ਰਸਮਾਂ ਅਤੇ ਖਾਤਰਦਾਰੀ ਦੇ ਨਾਲ ਨਾਲ ਘਰ ਦੇ ਜਵਾਈਆਂ ਦਾ ਅਜਿਹੇ ਜਸ਼ਨਾਂ ‘ਚ ਖਰੂਦ ਪਾਉਣ ਦੇ ਕਿੱਸਿਆਂ ਨੂੰ ਦਿਖਾਇਆ ਜਾ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।



