ਗੁਰਮੀਤ ਸਾਜਨ ਪੰਜਾਬੀ ਫ਼ਿਲਮਾਂ ਦਾ ਸਰਗਰਮ ਅਦਾਕਾਰ ਹੈ। ਉਸ ਕੋਲ ਪੇਂਡੂ ਤੇ ਸੱਭਿਆਚਾਰਕ ਵੰਨਗੀ ਦੀਆਂ ਭੂਮਿਕਾਵਾਂ ਨੂੰ ਨਿਭਾਉਣ ਦੀ ਖਾਸ ਮੁਹਾਰਤ ਹੈ। ਉਂਜ ਤਾਂ ਉਸਦੀ ਇਸ ਖੇਤਰ ਨਾਲ ਸਾਂਝ ਕਾਫ਼ੀ ਪੁਰਾਣੀ ਹੈ, ਪਰ ਜਦੋਂ ਗੱਲ ਉਸਦੇ ਅਜੋਕੇ ਫ਼ਿਲਮੀ ਮੁਕਾਮ ਦੀ ਹੁੰਦੀ ਹੈ ਤਾਂ ਫ਼ਿਲਮ ‘ਅੰਗਰੇਜ਼’ ਦਾ ਜ਼ਿਕਰ ਆਪ ਮੁਹਾਰੇ ਆ ਜਾਂਦਾ ਹੈ। ਇਸ ਵਿਚ ਉਸ ਵੱਲੋਂ ਨਿਭਾਇਆ ‘ਫੁੱਫੜ’ ਦਾ ਕਿਰਦਾਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ ਕਿਉਂਕਿ ਇਸ ਕਿਰਦਾਰ ਨੇ ਉਸ ‘ਤੇ ਕਾਮਯਾਬੀ ਦਾ ਅਜਿਹਾ ਠੱਪਾ ਲਾਇਆ ਕਿ ਉਸਦੀ ਪਛਾਣ ਚੋਟੀ ਦੇ ਕਲਾਕਾਰਾਂ ਵਿਚ ਹੋਣ ਲੱਗੀ। ਗੁਰਦਾਸ ਮਾਨ, ਅਮਰਿੰਦਰ ਗਿੱਲ, ਐਮੀ ਵਿਰਕ, ਰਣਜੀਤ ਬਾਵਾ, ਬੀਨੂੰ ਢਿੱਲੋਂ ਵਰਗੇ ਵੱਡੇ ਗਾਇਕਾਂ/ਅਦਾਕਾਰਾਂ ਨਾਲ ਪ੍ਰਭਾਵਸ਼ਾਲੀ ਭੂਮਿਕਾਵਾਂ ਵਿਚ ਨਜ਼ਰ ਆ ਚੁੱਕੇ ਇਸ ਅਦਾਕਾਰ ਦੀ ਪਿਛਲੇ ਦੋ ਤਿੰਨ ਸਾਲਾਂ ਤੋਂ ਲਗਪਗ ਹਰ ਪੰਜਾਬੀ ਫ਼ਿਲਮ ਵਿੱਚ ਹਾਜ਼ਰੀ ਦਰਜ ਹੁੰਦੀ ਰਹਿੰਦੀ ਹੈ। ਇਕ ਤੋਂ ਬਾਅਦ ਇਕ ਸ਼ਾਨਦਾਰ ਫ਼ਿਲਮਾਂ ਦਾ ਹਿੱਸਾ ਬਣਨ ਤੋਂ ਬਾਅਦ ਗੁਰਮੀਤ ਸਾਜਨ ਬੌਲੀਵੁੱਡ ਵਿਚ ‘ਤੇਰੇ ਨਾਲ ਲਵ ਹੋ ਗਿਆ’ ਤੋਂ ਕਾਫ਼ੀ ਸਮਾਂ ਪਿੱਛੋਂ ਹੁਣ ਨਵਨੀਅਤ ਸਿੰਘ ਵੱਲੋਂ ਨਿਰਦੇਸ਼ਿਤ ਦਿਓਲ ਪਰਿਵਾਰ ਦੀ ਫ਼ਿਲਮ ‘ਯਮਲਾ ਪਗਲਾ ਦੀਵਾਨਾ 3’ ਵਿਚ ਕੀਤੇ ਅਭਿਨੈ ਜ਼ਰੀਏ ਬੌਲੀਵੁੱਡ ਵਿਚ ਵੀ ਆਪਣੀ ਥਾਂ ਬਣਾਉਣ ਲਈ ਦ੍ਰਿੜ ਹੋ ਗਿਆ ਹੈ।

ਲੰਬੇ ਸਮੇਂ ਤੋਂ ਫ਼ਿਲਮ ਸਨਅੱਤ ਵਿਚ ਵਿਚਰਦਾ ਆ ਰਿਹਾ ਇਹ ਅਦਾਕਾਰ ਪਿੱਛੇ ਜਿਹੇ ਰਿਲੀਜ਼ ਹੋਈ ਫ਼ਿਲਮ ‘ਕੁੜਮਾਈਆਂ’ ਰਾਹੀ ਬਤੌਰ ਨਿਰਮਾਤਾ ਨਿਰਦੇਸ਼ਕ ਵਜੋਂ ਵੀ ਆਪਣੀ ਅਲੱਗ ਪਛਾਣ ਦਾ ਸਬੂਤ ਦੇ ਚੁੱਕਾ ਹੈ। ਉਸਦਾ ਕਹਿਣਾ ਹੈ ਕਿ ਜਦੋਂ ਉਸਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਸ ਸਮੇਂ ਤਕਨੀਕੀ ਅਤੇ ਆਰਥਿਕ ਵਸੀਲਿਆਂ ਦੀ ਕਾਫ਼ੀ ਘਾਟ ਸੀ, ਪਰ ਹੁਣ ਇਸ ਖੇਤਰ ਦਾ ਵਿਸ਼ਾਲ ਹੁੰਦਾ ਘੇਰਾ ਪੁਰਾਣੇ ਕਲਾਕਾਰਾਂ ਲਈ ਆਪਣੀ ਕਲਾ ਨੂੰ ਅੱਗੇ ਲਿਆਉਣ ਦਾ ਸਹੀ ਸਮਾਂ ਹੈ। ਉਹ ਹਮੇਸ਼ਾਂ ਕੁਝ ਵੱਖਰਾ ਕਰਨ ਤੇ ਨਵੇਂ ਕਿਰਦਾਰਾਂ ਦੀ ਤਲਾਸ਼ ਵਿਚ ਰਹਿੰਦਾ ਹੈ।

ਆਪਣੇ ਕਲਾ ਦੇ ਭੱਥੇ ਵਿਚ ਕਈ ਤੀਰ ਸੰਭਾਲੀ ਬੈਠਾ ਇਹ ਅਦਾਕਾਰ ਕਦੇ ਵੀ ਵਿਹਲਾ ਰਹਿਕੇ ਖੁਸ਼ ਨਹੀਂ ਹੁੰਦਾ। ਉਸਨੂੰ ਜਦੋਂ ਵੀ ਖਾਲੀ ਸਮਾਂ ਮਿਲਦਾ ਹੈ ਤਾਂ ਉਹ ਨਵੀਆਂ ਪਟਕਥਾਵਾਂ ਲਿਖਦਾ ਹੈ ਜਾਂ ਆਪਣੇ ਯੂ-ਟਿਊਬ ਚੈਨਲ ‘ਕ੍ਰੇਜ਼ੀ ਮਿਊਜ਼ਿਕ ਹੱਬ’ ਲਈ ਲਘੂ ਵੀਡਿਓਜ਼ ਦਾ ਨਿਰਮਾਣ ਕਰਦਾ ਰਹਿੰਦਾ ਹੈ। ਇਸ ਸਮੇਂ ਵੀ ਉਸਦੇ ਖਾਤੇ ਵਿਚ ਫ਼ਿਲਮਾਂ ਦੀ ਗਿਣਤੀ ਕਾਫ਼ੀ ਹੈ। ਜਿਨ•ਾਂ ਵਿਚ ‘ਕਾਲਾ ਸ਼ਾਹ ਕਾਲਾ’, ‘ਬਲੈਕ ਐਂਡ ਵ•ਾਈਟ ਟੀ.ਵੀ.’, ‘ਟੈਲੀਵਿਜ਼ਨ’, ‘ਕਾਕਾ ਜੀ’ ਆਦਿ ਦੇ ਨਾਮ ਸ਼ਾਮਿਲ ਹਨ।
ਛੇਤੀ ਹੀ ਉਹ ਨਿਰਮਾਤਾ, ਨਿਰਦੇਸ਼ਕ ਵਜੋਂ ਆਪਣੀ ਅਗਲੀ ਫ਼ਿਲਮ ‘ਸਰਵਾਲਾ’ ਦੀ ਵੀ ਯੋਜਨਾ ਬਣਾ
ਰਿਹਾ ਹੈ। ਇਨ•ੀਂ ਦਿਨੀਂ ਉਹ ਨਿਰਦੇਸ਼ਕ ਰਣਜੀਤ ਬੱਲ ਦੀ ਫ਼ਿਲਮ ‘ਵਲੈਤੀ ਯੰਤਰ’ ਦੀ ਸ਼ੂਟਿੰਗ ਵਿਚ ਰੁੱਝਿਆ ਹੋਇਆ ਹੈ।
ਦੀਪ ਸੰਦੀਪ
in Article
ਹਰ ਕਿਰਦਾਰ ‘ਚ ਜਾਨ ਪਾਉਣ ਵਾਲਾ ਗੁਰਮੀਤ ਸਾਜਨ


