ਆਉਂਦੇ ਸ਼ੁੱਕਰਵਾਰ, 23 ਨਵੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਨਾਲੋਂ ਵੱਖਰੀ ਫ਼ਿਲਮ ਹੈ। ਕਾਮੇਡੀ, ਵਿਆਹਾਂ ਤੇ ਪੀਰੀਅਡ ਫ਼ਿਲਮਾਂ ਦੇ ਦੌਰ ‘ਚ ਇਹ ਫ਼ਿਲਮ ਅਜੌਕੇ ਪੰਜਾਬ ਦੀ ਗੱਲ ਕਰਦੀ ਹੈ। ਇਹ ਫ਼ਿਲਮ ਭ੍ਰਿਸ਼ਟ ਹੋ ਚੁੱਕੇ ਪੁਲਿਸ ਤੰਤਰ ਅਤੇ ਗੈਂਗਸਟਰਾਂ ਦੀ ਸਿਆਸਤਦਾਨਾਂ ਨਾਲ ਸਾਂਝ ਤੋਂ ਪਰਦਾ ਚੁੱਕਦੀ ਹੈ। ਇਸ ਫ਼ਿਲਮ ‘ਚ ਪੰਜਾਬ ਦੇ ਸਾਰੇ ਰੰਗ ਦੇਖਣ ਨੂੰ ਮਿਲਣਗੇ। ਇਕ ਪਾਸੇ ਮੁਹੱਬਤ ਦੀ ਬਾਤ ਪੈ ਰਹੀ ਹੈ ਅਤੇ ਦੂਜੇ ਪਾਸੇ ਉਹ ਰੰਗ ਵੀ ਹੈ, ਜੋ ਔਰਤ ਦੀ ਸ਼ਵੀ ਨੂੰ ਗੰਦਲਾ ਕਰ ਰਿਹਾ ਹੈ। ਇਕ ਪਾਸੇ ਇਮਾਨਦਾਰ ਪੁਲਿਸ ਅਫ਼ਸਰ ਹੈ ਤੇ ਦੂਜੇ ਪਾਸੇ ਉਸ ਅਫ਼ਸਰ ਨੂੰ ਖੁੱਡੇ ਲਾਉਣ ਵਾਲੇ ਭ੍ਰਿਸ਼ਟ ਸਿਆਸਤਦਾਨ।
ਗੁਰਪ੍ਰੀਤ ਭੁੱਲਰ ਦੀ ਲਿਖੀ ਅਤੇ ਰਾਕੇਸ਼ ਮਹਿਤਾ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ‘ਚ ਦੀਪ ਸਿੱਧੂ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਹ ਉਹੀ ਦੀਪ ਸਿੱਧੂ ਹੈ, ਜਿਸ ਨੇ ਪੰਜਾਬੀ ਫ਼ਿਲਮ ‘ਜੋਰਾ 10 ਨੰਬਰੀਆ’ ਨਾਲ ਆਪਣੀ ਅਦਾਕਾਰੀ ਦਾ ਮੁਜ਼ਾਹਰਾ ਕੀਤਾ ਸੀ।
ਰੀਨਾ ਰਾਏ, ਕਰਤਾਰ ਚੀਮਾ, ਜਗਜੀਤ ਸੰਧੂ, ਧੀਰਜ ਕੁਮਾਰ, ਕਰਨ ਬਟਾਨ, ਜਗਜੀਤ ਸਿੰਘ, ਅਸ਼ੀਸ਼ ਦੁੱਗਲ ਹੌਬੀ ਧਾਲੀਵਾਲ, ਬਨਿੰਦਰ ਬਨੀ ਅਤੇ ਗੁਰਜੀਤ ਸਿੰਘ ਵਰਗੇ ਮੰਝੇ ਹੋਏ ਅਦਾਕਾਰਾਂ ਨਾਲ ਸਜੀ ਇਸ ਫ਼ਿਲਮ ਦਾ ਦਮਦਾਰ ਐਕਸ਼ਨ ਟੀਨੂ ਵਰਮਾ ਨੇ ਫ਼ਿਲਮਾਇਆ ਹੈ। ਇਕ ਖੂਬਸੂਰਤ ਕਹਾਣੀ ਨੂੰ ਵੱਖੋ ਵੱਖਰੇ ਐਂਗਲਾਂ ਤੋਂ ਪੇਸ਼ ਕਰਦੀ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਪੰਜਾਬ ਦੀਆਂ ਤਲਖ ਹਕੀਕਤਾਂ ਦੀ ਖੂਬਸੂਰਤ ਪੇਸ਼ਕਾਰੀ ਕਰਦੀ ਹੈ। ਫ਼ਿਲਮ ਦਾ ਟ੍ਰੇਲਰ ਉਪਰੋਕਤ ਸਤਰਾਂ ਦੀ ਹਾਮੀ ਭਰਦਾ ਹੈ।