ਸਾਲ 2013 ‘ਚ ਰਿਲੀਜ਼ ਹੋਈਆਂ ਕਰਤਾਰ ਚੀਮਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਸਿਕੰਦਰ’ ਦਾ ਸੀਕੁਅਲ ‘ਸਿਕੰਦਰ 2’ ਬਣਨ ਜਾ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ‘ਵਾਈਟ ਹਿੱਲ ਸਟੂਡੀਓ’ ਵੱਲੋਂ 7 ਜੂਨ ਨੂੰ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਨਾਮਵਰ ਫ਼ਿਲਮ ਲੇਖਕ ਧੀਰਜ ਰਤਨ ਨੇ ਲਿਖੇ ਹਨ। ਗੁਰਪ੍ਰੀਤ ਭੁੱਲਰ ਦੇ ਲਿਖੇ ਡਾਇਲਾਗਸ ਵਾਲੀ ਇਸ ਫ਼ਿਲਮ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਮਾਨਵ ਸ਼ਾਹ ਨਿਰਦੇਸ਼ਤ ਕਰ ਰਿਹਾ ਹੈ। ‘ਲਾਟੂ’ ਤੋਂ ਬਾਅਦ ਮਾਨਵ ਦੀ ਬਤੌਰ ਨਿਰਦੇਸ਼ਕ ਇਹ ਦੂਜੀ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਗੁਰੀ ਵੀ ਅਦਾਕਾਰ ਵਜੋਂ ਆਪਣੀ ਸ਼ੁਰੂਆਤ ਕਰ ਰਿਹਾ ਹੈ। ਪੰਜਾਬੀ ਫ਼ਿਲਮ ‘ਹਰਜੀਤਾ’ ਨਾਲ ਚਰਚਾ ‘ਚ ਆਈ ਅਦਾਕਾਰਾ ਸਾਵਨ ਰੂਪਾਵਾਲੀ ਅਤੇ ਨਾਕੀਤ ਢਿੱਲੋਂ ਇਸ ਫ਼ਿਲਮ ‘ਚ ਬਤੌਰ ਹੀਰੋਇਨ ਨਜ਼ਰ ਆਉਂਣਗੀਆਂ। ਇਨ•ਾਂ ਤੋਂ ਇਲਾਵਾ ਪੰਜਾਬੀ ਦੇ ਕਈ ਨਾਮੀਂ ਕਲਾਕਾਰ ਇਸ ਫ਼ਿਲਮ ‘ਚ ਵੱਖ ਵੱਖ ਭੂਮਿਕਾਵਾਂ ‘ਚ ਨਜ਼ਰ ਆਉਂਣਗੇ।
ਦੱਸ ਦਈਏ ਕਿ ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ‘ਸਿਕੰਦਰ’ ਨੂੰ ਨੌਜਵਾਨ ਦਰਸ਼ਕਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ। ਯੂਨੀਵਰਸਿਟੀ ‘ਚ ਚੱਲਦੀ ਸਿਆਸਤ, ਗੁੰਡਾਗਰਦੀ ਅਤੇ ਗੈਂਗਵਾਰ ਦੁਆਲੇ ਘੁੰਮਦੀ ਇਸ ਫ਼ਿਲਮ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਰਸ਼ਕਾਂ ਦੀ ਪਸੰਦ ਬਣਿਆ ਸੀ। ਇਸ ਫ਼ਿਲਮ ਦਾ ਸੀਕੁਅਲ ਬਣਾਉਣ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ।
ਫ਼ਿਲਮ ਦੇ ਹੀਰੋ ਕਰਤਾਰ ਚੀਮਾ ਦੀ ਅਗਵਾਈ ‘ਚ ਹੁਣ ਇਸ ਦਾ ਸੀਕੁਅਲ ਬਣਨ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਹਾਲਹਿ ‘ਚ ਸ਼ੁਰੂ ਹੋਈ ਹੈ। ਫ਼ਿਲਮ ਦੇ ਪੋਸਟਰ ਮੁਤਾਬਕ ‘ਜੀ ਕੇ ਸਟੂਡੀਓ’ ਅਤੇ ‘ਜਾਦੂ ਪ੍ਰੋਡਕਸ਼ਨ’ ਵੱਲੋਂ ‘ ਜੀ ਗਿੱਲ ਯੈਲੋ ਹੈਡ ਫ਼ਿਲਮਸ’ ਨਾਲ ਮਿਲਕੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ।