fbpx

ਐਮੀ ਵਿਰਕ ਤੇ ਸੋਨਮ ਬਾਜਵਾ ਲਈ ਬੇਹੱਦ ਲੱਕੀ ਹੈ ਇਹ ਫਿਲਮ ਡਾਇਰੈਕਟਰ, ਜਾਣੋ ਕਿਵੇਂ? 

Posted on April 29th, 2019 in Fivewood Special

ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਤੇ ਗਾਇਕ ਐਮੀ ਵਿਰਕ ਤੇ ਖੂਬਸੂਰਤ ਹੀਰੋਇਨ ਸੋਨਮ ਬਾਜਵਾ ਦੀ ਫ਼ਿਲਮ ‘ਮੁਕਲਾਵਾ’ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਮਿਲ ਰਿਹਾ ਜ਼ਬਰਦਸਤ ਹੁੰਗਾਰਾ ਸੋਸ਼ਲ ਮੀਡੀਆ ‘ਤੇ ਦੇਖਿਆ ਜਾ ਸਕਦਾ ਹੈ। ‘ਵਾਈਟ ਹਿੱਲ ਸਟੂਡੀਓ’ ਦੀ ਪੇਸ਼ਕਸ਼ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਪੰਜਾਬੀ ਫ਼ਿਲਮ ਇੰਡਸਟਰੀ ਨੂੰ ‘ਅੰਗਰੇਜ਼’ ਵਰਗੀ ਸ਼ਾਹਕਾਰ ਤੇ ਇਤਿਹਾਸਕ ਫ਼ਿਲਮ ਦੇਣ ਵਾਲੇ ਇਸ ਨਿਰਦੇਸ਼ਕ ਨਾਲ ਹੀ ਐਮੀ ਵਿਰਕ ਨੇ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ‘ਮੁਕਲਾਵਾ’ ਜ਼ਰੀਏ ਐਮੀ ਵਿਰਕ ਸਿਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਚੌਥੀ ਵਾਰ ਕੰਮ ਕਰ ਰਿਹਾ ਹੈ। ਜਦਕਿ ਫ਼ਿਲਮ ਦੀ ਹੀਰੋਇਨ ਸੋਨਮ ਬਾਜਵਾ ਇਸ ਨਿਰਦੇਸ਼ਕ ਨਾਲ ਤੀਜੀ ਵਾਰ ਕੰਮ ਕਰ ਰਹੀ ਹੈ।


ਆਪਣੇ ਨਿਮਰ ਅਤੇ ਮਿਲਣਸਾਰ ਸੁਭਾਅ ਤੇ ਹਿੱਟ ਮਸ਼ੀਨ ਵਜੋਂ ਜਾਣੇ ਜਾਂਦੇ ਸਿਮਰਜੀਤ ਸਿੰਘ ਨੇ ਹੀ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਸਫ਼ਲ ਜੋੜੀ ਨੂੰ ਪਹਿਲੀ ਵਾਰ ‘ਨਿੱਕਾ ਜ਼ੈਲਦਾਰ 1’ ਵਿੱਚ ਪੇਸ਼ ਕੀਤਾ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਦੋਵਾਂ ਦੀ ਜੋੜੀ ਨੂੰ ਮੁੜ ‘ਨਿੱਕਾ ਜ਼ੈਲਦਾਰ 2’ ਵਿੱਚ ਵੀ ਪੇਸ਼ ਕੀਤਾ ਗਿਆ। ਹੁਣ ‘ਨਿੱਕਾ ਜੈਲਦਾਰ 3’ ਵੀ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਹੀ ਬਣੀ ਹੈ। ਇਸ ਫ਼ਿਲਮ ਵਿੱਚ ਹੀਰੋ ਐਮੀ ਵਿਰਕ ਹੀ ਹੈ ਜਦਕਿ ਹੀਰੋਇਨ ਇਸ ਵਾਰ ਸੋਨਮ ਦੀ ਥਾਂ ਵਾਮਿਕਾ ਗੱਬੀ ਹੈ। ਜਿਸ ਫ਼ਿਲਮ ਵਿੱਚ ਵੀ ਐਮੀ ਅਤੇ ਸੋਨਮ ਬਾਜਵਾ ਨੇ ਸਿਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਕੰਮ ਕੀਤਾ ਹੈ, ਉਹ ਸਾਰੀਆਂ ਫਿਲਮਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।


ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, ਰਾਜਵੀਰ ਜਵੰਧਾ, ਐਮੀ ਵਿਰਕ, ਸਰਗੁਣ ਮਹਿਤਾ,  ਅਦਿੱਤੀ ਸ਼ਰਮਾ, ਇਹਾਨਾ ਢਿੱਲੋਂ, ਸੋਨੀਆ ਕੌਰ ਅਤੇ ਹਨੀ ਸਿੰਘ ਸਮੇਤ ਦਰਜਨਾਂ ਕਲਾਕਾਰਾਂ ਨੂੰ ਪਹਿਲੀ ਵਾਰ ਪਰਦੇ ‘ਤੇ ਪੇਸ਼ ਕਰਨ ਵਾਲਾ ਇਹ ਨਿਰਦੇਸ਼ਕ ਹੁਣ ਆਪਣੀ ਫ਼ਿਲਮ ‘ਮੁਕਲਾਵਾ’ ਨਾਲ ਹਾਜ਼ਰ ਹੈ। ਇਹ ਫ਼ਿਲਮ ਵੀ ਉਸਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਹੋਵੇਗੀ। ਇਸ ਫ਼ਿਲਮ ਦੀ ਚਰਚਾ ਅੱਜ ਕੱਲ• ਹਰ ਪਾਸੇ ਹੋ ਰਹੀ ਹੈ। ਸਿਮਰਜੀਤ ਮੁਤਾਬਕ ਇਹ ਫ਼ਿਲਮ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ਦੇ ਟਾਈਟਲ ਤੋਂ ਹੀ ਫਿਲਮ ਦੀ ਕਹਾਣੀ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹ ਫ਼ਿਲਮ ਇਕ ਅਜਿਹੇ ਮੁੰਡੇ ਦੀ ਕਹਾਣੀ ਹੈ ਜੋ ਆਪਣੀ ਪਤਨੀ ਦੇ ਪਿਆਰ  ਲਈ ਹੀ ਤਰਸ ਰਿਹਾ ਹੈ। ਦਰਅਸਲ ਉਸਦਾ ਵਿਆਹ ਤਾਂ ਹੋ ਜਾਂਦਾ ਹੈ ਪਰ ਮੁਕਲਾਵੇ ਵਿੱਚ ਦੇਰੀ ਹੈ। ਮੁਕਲਾਵੇ ਦੀ ਇਹ ਦੇਰੀ ਅਜਿਹੀ ਬੇਚੈਨੀ ਪੈਦਾ ਕਰਦੀ ਹੈ ਕਿ ਉਹ ਕਿਸੇ ਵੀ ਪੱਜ ਆਪਣੀ ਪਤਨੀ ਨੂੰ ਮਿਲਣਾ ਚਾਹੁੰਦਾ ਹੈ।


ਸਿਮਰਜੀਤ ਮੁਤਾਬਕ ਅੱਜ ਵਾਂਗ ਕੁੜੀ ਦੀ ਡੌਲੀ ਵਿਆਹ ਵਾਲੇ ਦਿਨ ਹੀ ਨਹੀਂ ਤੋਰ ਦਿੱਤੀ ਜਾਂਦੀ ਸੀ। ਉਸ ਵੇਲੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਕੁੜੀ ਦਾ ਮੁਕਲਾਵਾ ਦਿੱਤਾ ਦਿੱਤਾ ਜਾਂਦਾ ਸੀ। ਮੁਕਲਾਵੇ ਨੂੰ ਲੈ ਕੇ ਕੁੜੀ ਅਤੇ ਮੁੰਡੇ ਦੋਵਾਂ ਵਿੱਚ ਹੀ ਬੇਹੱਦ ਖਿੱਚ ਹੁੰਦੀ ਸੀ। ਮੁਕਲਾਵੇ ਤੋਂ ਪਹਿਲਾਂ ਆਪਣੇ ਹੋਣ ਵਾਲੇ ਪਤੀ ਜਾਂ ਪਤਨੀ ਨੂੰ ਮਿਲਣਾ ਜਾਂ ਦੇਖਣ ਦੀ ਹਮੇਸ਼ਾ ਤਾਂਘ ਰਹਿੰਦੀ ਸੀ। ਇਹ ਫ਼ਿਲਮ ਇਸੇ ‘ਤੇ ਅਧਾਰਿਤ ਹੈ।  ਸਿਮਰ ਮੁਤਾਬਕ ਐਮੀ ਅਤੇ ਸੋਨਮ ਦੀ ਜੋੜੀ ਨੂੰ ਦਰਸ਼ਕ ਇਸ ਫਿਲਮ ਵਿੱਚ ਵੀ ਬੇਹੱਦ ਪਸੰਦ ਕਰਨਗੇ।
ਸਿਮਰ ਮੁਤਾਬਕ ਇਸ ਫ਼ਿਲਮ ਤੋਂ ਬਾਅਦ ਉਸਦੀ ਫਿਲਮ ‘ਨਿੱਕਾ ਜ਼ੈਲਦਾਰ 3’ ਰਿਲੀਜ਼ ਹੋਵੇਗੀ। ਉਸਨੇ ਆਪਣੀ ਅਗਲੀ ਫ਼ਿਲਮ ‘ਪ੍ਰਹੁਣਿਆਂ ਨੂੰ ਦਫ਼ਾ ਕਰੋ’ ਦੀ ਅਨਾਊਂਸਮੈਂਟ ਵੀ ਕਰ ਦਿੱਤੀ ਹੈ। ਕੁਲਵਿੰਦਰ ਬਿੱਲੇ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਕਾਮੇਡੀ ਅਤੇ ਰੁਮਾਂਸ ਦਾ ਸੁਮੇਲ ਇਸ ਫ਼ਿਲਮ ਵਿੱਚ ਦਰਸ਼ਕ  ਕੁਲਵਿੰਦਰ ਬਿੱਲੇ ਨੂੰ ਇਕ ਵੱਖਰੇ ਅੰਦਾਜ਼ ਵਿੱਚ ਦੇਖਣਗੇ।

Comments & Feedback