fbpx

ਹੁਣ ਸਲਮਾਨ ਖਾਨ ਦੀ ਫ਼ਿਲਮ ‘ਭਰਤ’ ਦੇ ਬਰਾਬਰ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ‘ਦਿਲਾ ਮੇਰਿਆ

Posted on May 14th, 2019 in News

ਨਾਮਵਰ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਦਿਲਾ ਮੇਰਿਆ’ 5 ਜੂਨ ਨੂੰ ਰਿਲੀਜ਼ ਹੋਵੇਗੀ। ਇਸੇ ਦਿਨ ਹੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਫ਼ਿਲਮ ‘ਭਰਤ’ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਦਾ ਇਹ ਪਹਿਲਾ ਸਟਾਰ ਕਲਾਕਾਰ ਹੋਵੇਗਾ ਜੋ ਬਾਲੀਵੁੱਡ ਦੀ ਕਿਸੇ ਵੱਡੀ ਫ਼ਿਲਮ ਦੇ ਬਰਾਬਰ ਆਪਣੀ ਫ਼ਿਲਮ ਰਿਲੀਜ਼ ਕਰਨ ਦੀ ਹਿੰਮਤ ਦਿਖਾ ਰਿਹਾ ਹੈ। ਆਮ ਤੌਰ ‘ਤੇ ਪੰਜਾਬੀ ਫ਼ਿਲਮ ਇੰਡਸਟਰੀ ਆਪਣੀ ਫ਼ਿਲਮ ‘ਤੇ ਭਰੋਸਾ ਕਰਨ ਦੀ ਥਾਂ ਕਿਸੇ ਵੱਡੀ ਫ਼ਿਲਮ ਦੇ ਅਨਾਊਂਸ ਹੁੰਦਿਆਂ ਹੀ ਆਪਣੀ ਰਿਲੀਜ਼ ਡੇਟ ਬਦਲ ਲੈਂਦੀ ਹੈ।


ਦੱਸ ਦਈਏ ਕਿ ਅਮਰਿਦਰ ਗਿੱਲ ਨੇ ਆਪਣੇ ਜਨਮ ਦਿਨ ਮੌਕੇ 11 ਮਈ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੰਦਿਆਂ ਆਪਣੀ ਨਵੀਂ ਫ਼ਿਲਮ ਦੀ ਰਿਲੀਜ਼ ਡੇਟ 7 ਜੂਨ ਅਨਾਊਂਸ ਕੀਤੀ ਸੀ। ਪਰ ਹੁਣ ਅਮਰਿੰਦਰ ਗਿੱਲ ਅਤੇ ਉਸ ਦੀ ਟੀਮ ਨੇ ਆਪਣੇ ਫ਼ਿਲਮ ‘ਤੇ ਭਰੋਸਾ ਕਰਦਿਆਂ ਪ੍ਰਸ਼ੰਸਕਾਂ ਦੇ ਪਿਆਰ ਸਦਕਾ ਸਲਮਾਨ ਖਾਨ ਦੇ ਬਰਾਬਰ ਹੀ 5 ਜੂਨ ਨੂੰ ਫ਼ਿਲਮ ਰਿਲੀਜ਼ ਕਰਨ ਦਾ ਮਨ ਬਣਾਇਆ ਹੈ। ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਰਿੰਦਰ ਅਤੇ ਉਸ ਦੀ ਟੀਮ ਇਸ ਤਰ•ਾਂ ਦਾ ਇਤਿਹਾਸ ਰਚ ਚੁੱਕੀ ਹੈ। ਅਮਰਿੰਦਰ ਗਿੱਲ ਨੇ ਇਸ ਤੋਂ ਪਹਿਲਾਂ ਵੀ 31 ਜੁਲਾਈ 2015 ਨੂੰ ਬਾਲੀਵੁੱਡ ਦੀ ਬਹੁ ਚਰਚਿਤ ਫ਼ਿਲਮ ‘ਦ੍ਰਿਸ਼ਮ’ ਦੇ ਬਰਾਬਰ ਆਪਣੀ ਫ਼ਿਲਮ ‘ਅੰਗਰੇਜ਼’ ਰਿਲੀਜ਼ ਕੀਤੀ ਸੀ। ਅਮਰਿੰਦਰ ਦੀ ਇਸ ਫ਼ਿਲਮ ਨੇ ਪੰਜਾਬੀ ਇਲਾਕਿਆਂ ‘ਚ ਅਜੇ ਦੇਵਗਨ ਵਰਗੇ ਵੱਡੇ ਸਟਾਰ ਨੂੰ ਮਾਤ ਦਿੰਦਿਆਂ ਪੰਜਾਬੀ ਸਿਨੇਮੇ ਦਾ ਝੰਡਾ ਬੁਲੰਦ ਕੀਤਾ ਸੀ। ਹੁਣ ਉਹ ਇਕ ਵਾਰ ਫਿਰ ਤੋਂ ਪੰਜਾਬੀ ਦਰਸ਼ਕਾਂ ਦੇ ਸਿਰ ‘ਤੇ ਇਸ ਵੱਡੀ ਹਿੰਦੀ ਫ਼ਿਲਮ ਦੀ ਬਿਨਾਂ ਪ੍ਰਵਾਹ ਕੀਤਿਆਂ ਆਪਣੀ ਇਹ ਫ਼ਿਲਮ ਰਿਲੀਜ਼ ਕਰ ਰਹੇ ਹਨ। ਪਰ ਅਜੇ ਤੱਕ ਇਸ ਫ਼ਿਲਮ ਦਾ ਪੋਸਟਰ, ਟ੍ਰੇਲਰ ਜਾਂ ਕੋਈ ਹੋਰ ਅਧਿਕਾਰਤ ਅਨਾਊਂਸਮੈਂਟ ਨਹੀਂ ਕੀਤੀ ਗਈ।


ਅਮਰਿੰਦਰ ਗਿੱਲ ਦੇ ਘਰੇਲੂ ਬੈਨਰ ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੇ ਬੈਨਰ ਹੇਠ ਇਸ ਫ਼ਿਲਮ ਵਿੱਚ ਇਕ ਵਾਰ ਫਿਰ ਤੋਂ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਇੱਕਠੇ ਨਜ਼ਰ ਆਉਂਣਗੇ। ਧੀਰਜ ਰਤਨ ਦੀ ਲਿਖੀ ਅਤੇ ਸੁੱਖ ਸੰਘੇੜਾ ਵੱਲੋਂ ਨਿਰਦੇਸ਼ਤ ਕੀਤੀ ਇਸ ਫਿਲਮ ਵਿੱਚ ਹੋਰਾਂ ਨਾਮੀਂ ਕਲਾਕਾਰਾਂ ਦੇ ਨਾਲ ਨਾਲ ‘ਅਸ਼ਕੇ’ ਫ਼ਿਲਮ ਨਾਲ ਚਰਚਾ ‘ਚ ਆਈ ਰੂਪੀ ਗਿੱਲ ਬਤੌਰ ਹੀਰੋਇਨ ਇਕ ਵਾਰ ਫਿਰ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ।
ਕਾਬਲੇਗੌਰ ਹੈ ਕਿ ਪੰਜਾਬੀ ਦਰਸ਼ਕਾਂ ਕੋਲ ਹਮੇਸ਼ਾ ਹੀ ਹਿੰਦੀ ਫ਼ਿਲਮ ਦੀ ਆਪਸ਼ਨ ਹੁੰਦੀ ਹੈ। ਪਰ ਜੇ ਪੰਜਾਬੀ ਫਿਲਮ ਦੀ ਸਕਰਿਪਟ ਦਮਦਾਰ ਹੋਵੇ ਤਾਂ ਪੰਜਾਬੀ ਦਰਸ਼ਕ ਹਮੇਸ਼ਾ ਹੀ ਹਿੰਦੀ ਦੀ ਜਗ•ਾ ਪੰਜਾਬੀ ਫਿਲਮ ਦੇਖਣ ਨੂੰ ਹੀ ਤਰਜ਼ੀਹ ਦਿੰਦੇ ਹਨ। ਦੂਜੇ ਪਾਸੇ ਜੇ ਸਲਮਾਨ ਖਾਨ ਦਾ ਆਪਣਾ ਦਰਸ਼ਕ ਵਰਗ ਹੈ ਤਾਂ ਅਮਰਿੰਦਰ ਗਿੱਲ ਹੀ ਅਜਿਹਾ ਸਟਾਰ ਹੈ ਜਿਸ ਦੇ ਦਰਸ਼ਕ ਹਮੇਸ਼ਾ ਉਸਦੀ ਫਿਲਮ ਦੇ ਇੰਤਜਾਰ ‘ਚ ਰਹਿੰਦੇ ਹਨ। ਇਸ ਦੀ ਉਦਾਹਰਣ ਪੰਜਾਬੀ ਫਿਲਮ ‘ਅਸ਼ਕੇ’ ਪੇਸ਼ ਕਰ ਚੁੱਕੀ ਹੈ। ਬਿਨਾਂ ਕਿਸੇ ਪਬਲੀਸਿਟੀ ਤੇ ਟ੍ਰੇਲਰ ਤੋਂ ਰਿਲੀਜ਼ ਹੋਈ ਇਸ ਫ਼ਿਲਮ ਦੀ ਕੁਲੈਕਸ਼ਨ ਵੱਡੇ ਪ੍ਰਚਾਰ ਨਾਲ ਰਿਲੀਜ਼ ਹੋਈਆਂ ਪੰਜਾਬੀ ਦੀਆਂ 95 ਫ਼ੀਸਦੀ ਫ਼ਿਲਮਾਂ ਤੋਂ ਵੱਧ ਸੀ।

Comments & Feedback