fbpx

ਦੂਰਬੀਨ’ ਭਲਕੇ ਹੋਵੇਗੀ ਰਿਲੀਜ਼, ਸੋਸ਼ਲ ਮੀਡੀਆ ‘ਤੇ ਫਿਲਮ ਦੀ ਖੂਬ ਚਰਚਾ

Posted on September 25th, 2019 in Article

ਹਰ ਪਾਸੇ ਚਰਚਾ ‘ਚ ਪੰਜਾਬੀ ਫਿਲਮ ‘ਦੂਰਬੀਨ’ ਇਸ ਸ਼ੁੱਕਰਵਾਰ ਯਾਨੀ ਭਲਕੇ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਟ੍ਰੇਲਰ ਅਤੇ ਸੰਗੀਤ ਪਹਿਲਾਂ ਤੋਂ ਹੀ ਹਰ ਪਾਸੇ ਛਾਇਆ ਹੋਇਆ ਹੈ। ‘ਆਜ਼ਾਦ ਪਰਿੰਦੇ ਫ਼ਿਲਮਸ’ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਬੱਲ ਤੇ ਯਾਦਵਿੰਦਰ ਵਿਰਕ ਦੀ ਇਸ ਫ਼ਿਲਮ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ ਜਦਕਿ ਇਸ ਨੂੰ ਡਾਇਰੈਕਟ ਨੌਜਵਾਨ ਫਿਲਮ ਨਿਰਦੇਸ਼ਕ ਇਸ਼ਾਨ ਚੋਪੜਾ ਨੇ ਕੀਤਾ ਹੈ। ਨਾਮਵਰ ਪੰਜਾਬੀ ਗਾਇਕ ਨਿੰਜਾ ਅਤੇ ਜੱਸ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਵਾਮਿਕਾ ਗੱਬੀ, ਜੈਸਮੀਨ ਬਾਜਵਾ, ਯੋਗਰਾਜ ਸਿੰਘ, ਹੌਬੀ ਧਾਲੀਵਾਲ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਗੁਰਿੰਦਰ ਮਕਨਾ, ਬਾਲ ਕਲਾਕਾਰ ਐਮੀ ਰੰਧਾਵਾ ਅਤੇ ਰੁਪਿੰਦਰ ਰੂਪੀ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ।

ਐਕਸ਼ਨ, ਰੁਮਾਸ ਤੇ ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਉਹੀ ਉਹਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰੇਗੀ। ਇਸ ਫ਼ਿਲਮ ਵਿੱਚ ਨਿੰਜਾ ਇਕ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਬੇਰੁਜ਼ਗਾਰ ਹੈ। ਇਕ ਸਧਾਰਨ ਜਿਹੇ ਤੇ ਗਰੀਬ ਪਿੰਡ ਦਾ ਇਹ ਨੌਜਵਾਨ ਜ਼ਿੰਦਗੀ ਨੂੰ ਸਹੀ ਰਾਹ ‘ਤੇ ਪਾਉਣ ਲਈ ਗਲਤ ਰਾਹ ਫੜ ਲੈਂਦਾ ਹੈ ਜਿਸ ਦਾ ਉਸਨੁੰ ਬਾਅਦ ‘ਚ ਅਹਿਸਾਸ ਹੁੰਦਾ ਹੈ। ਦੂਜੀ ਵਾਰ ਕਿਸੇ ਫ਼ਿਲਮ ਵਿੱਚ ਨਜ਼ਰ ਆਉਣ ਜਾ ਰਿਹਾ ਗਾਇਕ ਜੱਸ ਬਾਜਵਾ ਇਸ ਫ਼ਿਲਮ ਵਿੱਚ ਪੁਲਿਸ ਅਫ਼ਸਰ ਤੇ ਅਧਿਆਪਕ ਦੇ ਰੂਪ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਦੋ ਖੂਬਸੂਰਤ ਹੀਰੋਇਨਾਂ ਵਾਮਿਕਾ ਗੱਬੀ ਤੇ ਜੈਸਮੀਨ ਬਾਜਵਾ ਹਨ, ਸੋ ਲਾਜ਼ਮੀ ਹੈ ਕਿ ਫ਼ਿਲਮ ਵਿੱਚ ਦੋ ਖੂਬਸੂਰਤ ਪ੍ਰੇਮ ਕਹਾਣੀਆਂ ਵੀ ਹਨ। ਇਹ ਫ਼ਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਅਜਿਹਾ ਵਿਸ਼ਾ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਨਜ਼ਰ ਆਵੇਗਾ। ਇਹ ਫ਼ਿਲਮ ਉਨਾਂ ਲੋਕਾਂ ਦੀ ਗੱਲ ਕਰਦੀ ਹੈ ਜੋ ਨਸ਼ੇ ਵੇਚਦੇ ਹਨ ਪਰ ਉਹ ਲੋਕ ਆਖਰ ਨਸ਼ੇ ਹੀ ਕਿਉਂ ਵੇਚਦੇ ਹਨ। ਇਹ ਬਹੁਤ ਘੱਟ ਲੋਕ ਸੋਚਦੇ ਹਨ। ਇਹ ਫਿਲਮ ਇਸੇ ਗੱਲ ‘ਤੇ ਹੀ ਜੋਰ ਦਿੰਦੀ ਹੈ।

ਇਸ ਫ਼ਿਲਮ ਨੁੰ ਦੇਸ਼ ਦੀ ਨਾਮਵਰ ਕੰਪਨੀ ਯੂਟੀਵੀ ਵੱਲੋਂ ਭਾਰਤ ਅਤੇ ਪੀਟੀਸੀ, ਗਲੋਬ ਮੂਵੀਜ਼ ਵੱਲੋਂ ਵਿਦੇਸ਼ਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬੀ ਸਿਨਮੇ ਦਾ ਸਦਾਬਹਾਰ ਅਦਾਕਾਰ ਯੋਗਰਾਜ ਸਿੰਘ ਇਸ ਫ਼ਿਲਮ ਵਿੱਚ ਪਹਿਲੀ ਵਾਰ ਆਪਣੇ ਪੱਕੇ ਅੰਦਾਜ਼ ਤੋਂ ਹਟਕੇ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਪਿੰਡ ਦੇ ਲੋਕਾਂ ਦੇ ਵੱਖ ਵੱਖ ਕਿਰਦਾਰਾਂ ਨੂੰ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਫ਼ਿਲਮ ਦੀ ਕੱਲੀ ਕਹਾਣੀ ਹੀ ਦਮਦਾਰ ਨਹੀਂ ਬਲਕਿ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਭੇਗਾ। ਫਿਲਮ ਦੀ ਟੀਮ ਮੁਤਾਬਕ ਇਹ ਫਿਲਮ ਚੰਡੀਗੜ• ਅਤੇ ਪੰਜਾਬ ਵਿੱਚ ਕਰੀਬ 40 ਦਿਨਾਂ ਵਿੱਚ ਫਿਲਮਾਈ ਗਈ ਹੈ। ਪੰਜਾਬੀ ਅਤੇ ਹਿੰਦੀ ਫ਼ਿਲਮ ਇੰਡਸਟਰੀ ਦੇ ਨਾਮੀਂ ਤਕਨੀਸ਼ਨਾਂ ਨੇ ਇਸ ਫਿਲਮ ਨੂੰ ਹਰ ਪੱਖ ਤੋਂ ਮਜ਼ਬੂਤ ਬਣਾਉਣ ਲਈ ਜੀਅ ਜਾਨ ਇਕ ਕੀਤਾ ਹੈ। ਫ਼ਿਲਮ ਨੂੰ ਹਰ ਪਾਸੇ ਤੋਂ ਮਿਲ ਰਹੇ ਹੁੰਗਾਰੇ ਨੇ ਸਮੁੱਚੀ ਟੀਮ ਦੇ ਹੌਂਸਲੇ ਬੁਲੰਦ ਕੀਤੇ ਹੋਏ ਹਨ।

Comments & Feedback