fbpx

ਪੰਜਾਬੀ ਫਿਲਮ ‘ਸ਼ੂਟਰ’ ਬੈਨ, ਮੁੱਖ ਮੰਤਰੀ ਨੇ ਜਾਰੀ ਕੀਤੀਆਂ ਹਦਾਇਤਾਂ, ਮਾਮਲਾ ਦਰਜ

Posted on February 9th, 2020 in News

ਪਿਛਲੇ ਕਈ ਦਿਨਾਂ ਤੋਂ ਸੁਰਖੀਆ ਵਿੱਚ ਚੱਲ ਰਹੀ ਪੰਜਾਬੀ ਫ਼ਿਲਮ ‘ਸ਼ੂਟਰ’ ਨੂੰ ਆਖਰ ਪੰਜਾਬ ਸਰਕਾਰ ਨੇ ਬੈਨ ਕਰ ਦਿੱਤਾ ਹੈ। ਹੁਣ ਇਹ ਫਿਲਮ ਰਿਲੀਜ਼ ਨਹੀਂ ਹੋ ਸਕੇਗੀ। ਇਹ ਹੁਕਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਹਨ। ਦੱਸ ਦਈਏ ਕਿ ਇਹ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ‘ਤੇ ਅਧਾਰਿਤ ਦੱਸੀ ਜਾਂਦੀ ਹੈ। ਪਹਿਲਾਂ ਇਸ ਫ਼ਿਲਮ ਦਾ ਨਾਂ ਵੀ ਇਹੋ ਰੱਖਿਆ ਗਿਆ ਸੀ ਪਰ ਬਾਅਦ ‘ਚ ਵਿਰੋਧਤਾ ਅਤੇ ਪੁਲਿਸ ਦੀ ਦਖਲਅੰਦਾਜ਼ੀ ਤੋਂ ਬਾਅਦ ਇਸ ਦਾ ਨਾਂ ਬਦਲਿਆ ਗਿਆ।

ਇਹ ਵੀ ਪਤਾ ਲੱਗਾ ਸੀ ਕਿ ਸਰਕਾਰ ਦੀ ਵਿਰੋਧਤਾ ਤੋਂ ਬਚਣ ਲਈ ਇਸ ਫ਼ਿਲਮ ‘ਚ ਪੁਲਿਸ ਦੀ ਭੂਮਿਕਾ ਨੂੰ ਵੀ ਨਾਂ ਪੱਖੀ ਹੋਣ ਤੋਂ ਬਚਾਉਣ ਦੇ ਯਤਨ ਕੀਤੇ ਗਏ ਸਨ। ਪਰ ਇਸ ਫ਼ਿਲਮ ਦੇ ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਸਰਕਾਰ ਨੇ ਹੁਣ ਇਸ ਫ਼ਿਲਮ ‘ਤੇ ਮੁਕੰਮਲ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਦੋਸ਼ ਲੱਗਿਆ ਸੀ ਕਿ ਇਹ ਫਿਲਮ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਰਦੀ ਹੋਈ ਅਜਿਹੇ ਗੁੰਡਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ। ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਇਹ ਹਦਾਇਤਾਂ ਦਿਤੀਆਂ ਅਤੇ ਫ਼ਿਲਮ ਨਾਲ ਜੁੜੀ ਟੀਮ ਦੇ ਖਿਲਾਫ਼ ਐਕਸ਼ਨ ਲੈਣ ਦੀਆਂ ਵੀ ਹਦਾਇਤਾਂ ਦਿੱਤੀਆਂ ਹਨ। ਸਰਕਾਰ ਵੱਲੋਂ ਇਹ ਸਾਰੀ ਕਾਰਵਾਈ ਖੂਫੀਆਂ ਏਜੰਸੀਆਂ ਵੱਲੋਂ ਦਿੱਤੀਆਂ ਗਈਆਂ ਸੂਚਨਾਵਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਉੱਠ ਰਹੀ ਸੀ। ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣੀ ਸੀ।

ਕਾਬਲੇਗੌਰ ਹੈ ਕਿ ਸੁੱਖਾ ਕਾਹਲਵਾਂ ਜਿਸ ਨੂੰ ਸ਼ਾਪਸੂਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸ ਖਿਲਾਫ਼ 40 ਦੇ ਨੇੜੇ ਅਪਰਾਧਿਕ ਮਾਮਲੇ ਦਰਜ ਸਨ। ਸੁੱਖੇ ਨੂੰ ਅਦਾਲਤ ‘ਚ ਪੇਸ਼ੀ ਭੁਗਤ ਕੇ ਵਾਪਸ ਆਉਂਦੇ ਨੂੰ ਪੁਲਿਸ ਕਸਟਡੀ ‘ਚ ਉਸਦੇ ਵਿਰੋਧੀ ਗੈਂਗਸਟਰ ਵਿੱਕੀ ਗੌਂਡਰ ਨੇ 22 ਜਨਵਰੀ 2015 ਨੂੰ ਮਾਰ ਮੁਕਾਇਆ ਸੀ। ਦੱਸਿਆ ਜਾ ਰਿਹਾ ਸੀ ਕਿ ਇਹ ਫਿਲਮ ਗੁੰਡਿਆਂ, ਗੈਂਗਸਟਰਾਂ ਤੇ ਹਥਿਆਰਾਂ ਨੂੰ ਗਲੋਰੀਫਾਈ ਕਰਦੀ ਹੈ।

Comments & Feedback