ਪੰਜਾਬੀ ਸਿਨੇਮੇ ਦੀ ਇਹ ਤ੍ਰਾਸਦੀ ਹੈ ਕਿ ਪੰਜਾਬੀ ਫ਼ਿਲਮ ਜਗਤ ਨੂੰ ਕਾਬਲ ਤੇ ਟਿਕਾਊ ਹੀਰੋਇਨਾਂ ਦੀ ਹਮੇਸ਼ਾ ਘਾਟ ਰਹੀ ਹੈ। ਇਹ ਕਮੀ ਹੁਣ ਤੋਂ ਨਹੀਂ ਬਲਕਿ ਪਿਛਲੇ ਕਈ ਦਹਾਕਿਆਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬੀ ਫ਼ਿਲਮਾਂ ਦਾ ਇਤਿਹਾਸ ਫਰੋਲਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਫ਼ਿਲਮਾਂ ਦੀਆਂ ਜ਼ਿਆਦਾਤਰ ਹੀਰੋਇਨਾਂ ਜਾਂ ਤਾਂ ਗ਼ੈਰ ਪੰਜਾਬੀ ਮੁਟਿਆਰਾਂ ਰਹੀਆਂ ਹਨ ਜਾਂ ਫਿਰ ਗੀਤਾਂ ਦੇ ਵੀਡੀਓਜ਼ ‘ਚ ਅਤੇ ਟੀਵੀ ਸੀਰੀਅਲਾਂ ‘ਚ ਕੰਮ ਕਰਨ ਵਾਲੀਆਂ ਕੁੜੀਆਂ। ਮੂਲ ਰੂਪ ‘ਚ ਅਦਾਕਾਰ ਕੁੜੀਆਂ ਦੀ ਘਾਟ ਹਮੇਸ਼ਾ ਹੀ ਦ੍ਰਿਸ਼ਟੀਗੋਚਰ ਹੋਈ ਹੈ। ਜੇਕਰ ਪੰਜਾਬੀ ਫ਼ਿਲਮਾਂ ‘ਚ ਕੁਝ ਪੰਜਾਬੀ ਹੀਰੋਇਨਾਂ ਦਿਖਾਈ ਵੀ ਦਿੱਤੀਆਂ ਹਨ ਤਾਂ ਉਹ ਦੋ-ਚਾਰ ਫ਼ਿਲਮਾਂ ਕਰਨ ਤੋਂ ਬਾਅਦ ਬਾਲੀਵੁੱਡ ਨੂੰ ਭੱਜ ਤੁਰੀਆਂ। ਆਲਮ ਇਹ ਰਿਹਾ ਹੈ ਕਿ ਸਾਡੇ ਫ਼ਿਲਮ ਮੇਕਰਾਂ ਨੂੰ ਹਮੇਸ਼ਾ ਬਾਲੀਵੁੱਡ ਦੀਆਂ ਹੀਰੋਇਨਾਂ ਦਾ ਸਹਾਰਾ ਲੈਣ ਪਿਆ/ ਪੈ ਰਿਹਾ ਹੈ। ਇਹ ਰੁਝਾਨ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ। ਦਰਅਸਲ ਬਹੁਤੀਆਂ ਪੰਜਾਬੀ ਹੀਰੋਇਨਾਂ ਨੇ ਪੰਜਾਬੀ ਸਿਨੇਮਾ ਨੂੰ ‘ਬਾਲੀਵੁੱਡ’ ਵੱਲ ਵਧਣ ਦਾ ਜ਼ਰੀਆ ਹੀ ਸਮਝਿਆ ਹੈ। ਇਸ ਖ਼ੇਤਰ ‘ਚ ਲੰਮੀ ਪਾਰੀ ਖੇਡਣਾ ਹਰ ਹੀਰੋਇਨ ਦੇ ਵੱਸ ਦੀ ਗੱਲ ਵੀ ਨਹੀਂ ਰਹੀ ਹੈ। ਪੰਜਾਬੀ ਇੰਡਸਟਰੀ ‘ਤੇ ਹਮੇਸ਼ਾ ਗੈਰ ਪੰਜਾਬੀ ਕੁੜੀਆਂ ਨੇ ਹੀ ਰਾਜ ਕੀਤਾ ਹੈ। ਭਾਵਨਾ ਭੱਟ, ਰਾਧਾ ਸਲੂਜਾ, ਅਰੁਣਾ ਇਰਾਨੀ, ਆਸ਼ਾ ਪਾਰਿਖ, ਬਿੰਦੀਆ ਗੋਸਵਾਮੀ, ਰੀਟਾ ਭਾਦੁੜੀ ਅਤੇ ਸਿੰਮੀ ਵਰਗੀਆਂ ਦਰਜਨਾਂ ਹੀਰੋਇਨਾਂ ਗ਼ੈਰ ਪੰਜਾਬਣ ਸਨ। ਦੂਜੇ ਪਾਜੇ ਸਾਡੀਆਂ ਆਪਣੀਆਂ ਹੀਰੋਇਨਾਂ ਦੋ-ਚਾਰ ਫ਼ਿਲਮਾਂ ਕਰਕੇ ਬਾਲੀਵੁੱਡ ‘ਚ ਭੱਜਣ ਲੱਗਦੀਆਂ ਸਨ/ਹਨ।
ਲਗਾਤਾਰ ਬਦਲ ਰਹੇ ਰੁਝਾਨ ਦੀ ਗੱਲ ਕਰੀਏ ਤਾਂ ਪੰਜਾਬੀ ਫ਼ਿਲਮਾਂ ‘ਚ ਹਮੇਸ਼ਾ ਪੰਜ-ਸੱਤ ਨਵੀਆਂ ਕੁੜੀਆਂ ਦਾ ਬੈਚ ਆਉਂਦਾ ਹੈ ਅਤੇ ਕੁਝ ਸਾਲਾਂ ਬਾਅਦ ਫਿਰ ਉਨ•ਾਂ ਦੀ ਜਗ•ਾ ਕੋਈ ਹੋਰ ਲੈ ਲੈਂਦਾ ਹੈ। ਇੰਦਰਾ ਬਿੱਲੀ ਤੇ ਸ਼ਿਆਮਾ ਦੋਵੇਂ ਸਮਕਾਲੀ ਸਨ। ਇਹ ਗਈਆਂ ਤੇ ਦਿਲਜੀਤ ਕੌਰ, ਰਮਾ ਵਿੱਜ, ਸ਼ੋਭਨੀ ਤੇ ਅਰਪਣਾ ਚੌਧਰੀ ਆ ਗਈਆਂ। ਇਨ•ਾਂ ਤੋਂ ਬਾਅਦ ਭਾਵਨਾ ਭੱਟ, ਹਰਪ੍ਰੀਤ ਤੇ ਪ੍ਰੀਤੀ ਸਪਰੂ ਨੇ ਖਾਲੀ ਮੈਦਾਨ ਸਾਂਭ ਲਿਆ। ਉਪਾਸਨਾ ਸਿੰਘ, ਰਵਿੰਦਰ ਮਾਨ, ਨੀਰੂ ਸਿੰਘ, ਪ੍ਰਿਯਾ ਨਿੱਝਰ, ਚਾਂਦਨੀ ਤੂਰ ਤੇ ਕਿੰਮੀ ਵਰਮਾ, ਪ੍ਰਿਆ ਗਿੱਲ ਤੋਂ ਚੱਲਦਾ ਹੋਇਆ ਦੌਰ ਨੀਰੂ ਬਾਜਵਾ, ਸੁਰਵੀਨ ਚਾਵਲਾ, ਮਾਹੀ ਗਿੱਲ, ਗੁਰਲੀਨ ਚੋਪੜਾ ਤੇ ਜਪਜੀ ਖਹਿਰਾ ਵਰਗੀਆਂ ਹੀਰੋਇਨਾਂ ਦੇ ਦੌਰ ਤੱਕ ਪਹੁੰਚਿਆ ਹੈ। ਇਨ•ਾਂ ਦੀ ਥਾਂ ਸਰਗੁਣ ਮਹਿਤਾ, ਮੈਂਡੀ ਤੱਖਰ, ਵਾਮਿਕਾ ਗੱਬੀ, ਅਮਨ ਗਰੇਵਾਲ, ਸ਼ੁਰੂਤੀ ਸੋਢੀ, ਈਸ਼ਾ ਰਿੱਕੀ, ਮਹਿਰੀਨ ਕਾਲੇਕੇ, ਦਿਲਜੋਤ, ਓਸ਼ਿਨ ਸਾਈਂ ਵਰਗੀਆਂ ਨਵੀਆਂ ਹੀਰੋਇਨਾਂ ਦੇ ਬੈਚ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ। ਇਹ ਰੁਝਾਨ ਲਗਾਤਾਰ ਜਾਰੀ ਰਹੇਗਾ। ਜੇਕਰ ਤਾਜਾ ਹਲਾਤਾਂ ਦੀ ਗੱਲ ਕਰੀਏ ਤਾਂ ਅਜੌਕੀਆਂ ਪੰਜਾਬੀ ਫ਼ਿਲਮਾਂ ‘ਚ ਜ਼ਿਆਦਾਤਰ ਗੈਰ ਪੰਜਾਬੀ, ਬਾਲੀਵੁੱਡ ਅਤੇ ਛੋਟੇ ਪਰਦੇ ਨਾਲ ਜੁੜੀਆਂ ਹੀਰੋਇਨਾਂ ਹੀ ਦਿਖਾਈ ਦੇ ਰਹੀਆਂ ਹਨ। ਜੇਕਰ ਇਸ ਵੇਲੇ ਦੀਆਂ ਚਰਚਿਤ ਤੇ ਮਕਬੂਲ ਹੀਰੋਇਨਾਂ ਦੀ ਗੱਲ ਕਰੀਏ ਤਾਂ ਉਨ•ਾਂ ‘ਚੋਂ ਪਹਿਲੀਆਂ 10 ਹੀਰੋਇਨਾਂ ਦੀ ਸੂਚੀ ‘ਚ ਸ਼ਾਮਲ ਅਤੇ ਹੋਰ ਨਵੀਆਂ -ਪੁਰਾਣੀਆਂ ਸਰਗਰਮ ਹੀਰੋਇਨਾਂ ‘ਤੇ ਮਾਰਦੇ ਹਾਂ ਇਕ ਨਜ਼ਰ
ਨੀਰੂ ਬਾਜਵਾ
ਵੈਨਕੂਵਰ (ਕੈਨੇਡਾ) ਦੀ ਜੰਮਪਲ ਇਹ ਮੁਟਿਆਰ ਇਸ ਵੇਲੇ ਪੰਜਾਬੀ ਫ਼ਿਲਮਾਂ ਦੀ ਚੋਟੀ ਦੀ ਹੀਰੋਇਨ ਹੈ। ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ। ਸਭ ਤੋਂ ਪਹਿਲਾਂ ਉਸਨੇ ਪੰਜਾਬੀ ਗਾਇਕ ਕਮਲ ਹੀਰ ਦੇ ਗੀਤ ‘ਕੁੜੀਏ ਨੀਂ ਸੱਗੀ ਫੁੱਲ ਵਾਲੀਏ’ ਦੀ ਵੀਡੀਓ ‘ਚ ਬਤੌਰ ਮਾਡਲ ਕੰਮ ਕੀਤਾ। ਇਸ ਤੋਂ ਬਾਅਦ ਪਾਕਿਸਤਾਨੀ ਗਾਇਕ ਆਤਿਫ਼ ਅਸਲਮ ਦੀ ਐਲਬਮ ‘ਦੂਰੀ’ ਦੇ ਗੀਤ ‘ਹਮ ਕਿਸੀ ਗਲੀ ਸੇ’ ‘ਚ ਬਤੌਰ ਮਾਡਲ ਕੰਮ ਕੀਤਾ। ਫਿਰ ਬਹੁ-ਚਰਚਿਤ ਟੀਵੀ ਪ੍ਰੋਗਰਾਮ ਨੱਚ ਬੱਲੀਏ ‘ਚ ਵੀ ਹਿੱਸਾ ਲਿਆ। ਡੀਡੀ ਵੰਨ ਦੇ ਸੀਰੀਅਲ ‘ਹਰੀ ਮਿਰਚੀ’, ਜ਼ੀਟੀਵੀ ਦੇ ਸੀਰੀਅਲ ‘ਏਕ ਪ੍ਰੇਮ ਕਹਾਣੀ’ ਤੇ ਸਟਾਰ ਪਲੱਸ ਦੇ ਸੀਰੀਅਲ ‘ਜੀਤ’ ਵਿੱਚ ਵੀ ਉਸਨੇ ਅਹਿਮ ਭੂਮਿਕਾ ਨਿਭਾਈ। ਨਿਰਦੇਸ਼ਕ ਮਨਮੋਹਨ ਸਿੰਘ ਨੇ ਉਸਨੂੰ ਸਾਲ 2004 ‘ਚ ਆਪਣੀ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਜ਼ਰੀਏ ਪਹਿਲਾ ਬ੍ਰੇਕ ਦਿੱਤਾ। ਇਸ ਮਗਰੋਂ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ ‘ਜੱਟ ਐਂਡ ਜੂਲੀਅਟ’ ਜ਼ਰੀਏ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਿਖਰਲਾ ਮੁਕਾਮ ਹਾਸਲ ਹੋਇਆ ਹੈ। 33 ਸਾਲਾਂ ਦੀ ਇਹ ਅਦਾਕਾਰਾ ਹੁਣ ਤੱਕ 17 ਦੇ ਕਰੀਬ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਅੱਜ ਕੱਲ• ਨੀਰੂ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਫ਼ਿਲਮ ‘ਤੇ ਕੰਮ ਕਰ ਰਹੀ ਹੈ।
ਸਰਗੁਣ ਮਹਿਤਾ
ਸਰਗੁਣ ਮਹਿਤਾ ਛੋਟੇ ਪਰਦੇ ਤੋਂ ਪੰਜਾਬੀ ਸਿਨਮੇ ਵੱਲ ਆਈ ਹੈ। ਚੰਡੀਗੜ• ਨਾਲ ਸਬੰਧਿਤ ਇਸ ਅਦਾਕਾਰ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਅੰਗਰੇਜ਼’ ਨਾਲ ਹੀ ਪੰਜਾਬੀ ਫ਼ਿਲਮ ਸਨਅਤ ‘ਚ ਅਹਿਮ ਮੁਕਾਮ ਹਾਸਲ ਕਰ ਲਿਆ ਹੈ। ਸਰਗੁਣ ਇਕੋ ਫ਼ਿਲਮ ਨਾਲ ਹੀ ਪੰਜਾਬੀ ਦੀਆਂ ਸਥਾਪਤ ਹੀਰੋਇਨਾਂ ਦੀ ਕਤਾਰ ‘ਚ ਸ਼ਾਮਲ ਹੋ ਗਈ ਹੈ। ਸਾਲ 2015 ਦੀ ਸਰਬੋਤਮ ਅਦਾਕਾਰਾ ਦਾ ਐਵਾਰਡ ਹਾਸਲ ਕਰਨ ਵਾਲੀ ਸਰਗੁਣ ਦੀ ਦੂਜੀ ਪੰਜਾਬੀ ਫ਼ਿਲਮ ਅਮਰਿੰਦਰ ਗਿੱਲ ਨਾਲ ਹੀ ‘ਲਵ ਪੰਜਾਬ’ ਸੀ। ਅੱਜ ਕੱਲ• ਉਹ ਨਿਰਦੇਸ਼ਕ ਨਵਨੀਅਤ ਸਿੰਘ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ‘ਚ ਸਰਗੁਣ ਮਹਿਤਾ ਅਤੇ ਨੀਰੂ ਬਾਜਵਾ ਦੋਵੇਂ ਇੱਕਠੀਆਂ ਨਜ਼ਰ ਆਉਂਣਗੀਆਂ।

ਮੈਂਡੀ ਤੱਖਰ
ਮੈਂਡੀ ਤੱਖਰ ਬ੍ਰਿਟਿਸ਼ ਇੰਡੀਅਨ ਮਾਡਲ ਕੁੜੀ ਹੈ। ਇੰਗਲੈਂਡ ‘ਚ ਪੜ•ੀ-ਲਿਖੀ ਤੇ ਵੱਡੀ ਹੋਈ ਮੈਂਡੀ ਫ਼ਿਲਮਾਂ ‘ਚ ਆਪਣਾ ਕਰੀਅਰ ਬਣਾਉਣ ਲਈ ਸਾਲ 2006 ‘ਚ ਮੁੰਬਈ ਆਈ ਸੀ। ਮੁੰਬਈ ‘ਚ ਕੁਝ ਸਾਲ ਸੰਘਰਸ਼ ਕਰਨ ਤੋ ਬਾਅਦ ਉਸ ਨੇ ਪੰਜਾਬ ਵੱਲ ਰੁਖ਼ ਕੀਤਾ। ਸਾਲ 2010 ‘ਚ ਆਈ ਬੱਬੂ ਮਾਨ ਦੀ ਫ਼ਿਲਮ ‘ਏਕਮ-ਸਨ ਆਫ਼ ਸੋਇਲ’ ਜ਼ਰੀਏ ਮੈਂਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਗਿੱਪੀ ਗਰੇਵਾਲ ਦੀ ਫ਼ਿਲਮ ‘ਮਿਰਜ਼ਾ’ ਤੋਂ ਉਸਨੂੰ ਵੱਖਰੀ ਪਹਿਚਾਣ ਮਿਲੀ ਸੀ। ਕਰੀਬ 5 ਫ਼ਿਲਮਾਂ ਦਾ ਹਿੱਸਾ ਮੈਂਡੀ ਦੀ ਆਖਰੀ ਫ਼ਿਲਮ ‘ਇਸ਼ਕ ਗਰਾਰੀ’ ਸੀ। ਇਹ ਫ਼ਿਲਮ ਬੁਰੀ ਤਰ•ਾਂ ਫਲਾਪ ਰਹੀ ਸੀ ਪਰ ਇਸ ਦੇ ਬਾਵਜੂਦ ਮੈਂਡੀ ਨੂੰ ਕਈ ਫ਼ਿਲਮਾਂ ਦੀਆਂ ਆਫਰਾਂ ਆਈਆਂ। ਉਹ ਛੇਤੀ ਹੀ ਪੰਜਾਬ ਦੇ ਨਾਮਵਰ ਫ਼ਿਲਮ ਨਿਰਦੇਸ਼ਕ ਰੋਹਿਤ ਜੁਗਰਾਜ ਦੀ ਫ਼ਿਲ ‘ਸਰਦਾਰ ਜੀ’ ‘ਚ ਦਿਖਾਈ ਦੇਵੇਗੀ।
ਸੋਨਮ ਬਾਜਵਾ
ਸੋਨਮ ਬਾਜਵਾ ਨੇ ਬੇਸ਼ੱਕ ਜ਼ਿਆਦਾ ਪੰਜਾਬੀ ਫ਼ਿਲਮਾਂ ‘ਚ ਕੰਮ ਨਹੀਂ ਕੀਤਾ, ਪਰ Àਸ ਦੀ ਇਸ ਵੇਲੇ ਪੂਰੀ ਡਿਮਾਂਡ ਹੈ। ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਦੀ ਫ਼ਿਲਮ ‘ਬੈਸਟ ਆਫ਼ ਲੱਕ’ ਵਿੱਚ ਪਹਿਲੀ ਵਾਰ ਨਜ਼ਰ ਆਈ ਸੋਨਮ ਦੀ ਪਹਿਚਾਣ ਦਿਲਜੀਤ ਦੁਸਾਂਝ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਪੰਜਾਬ 1984’ ਨਾਲ ਮਿਲੀ। ਦਿਲਜੀਤ ਨਾਲ ਹੀ ‘ਸਰਦਾਰ ਜੀ’ ਅਤੇ ‘ਸਰਦਾਰ ਜੀ ਟੂ’ ਵਿੱਚ ਕੰਮ ਕਰ ਚੁੱਕੀ ਸੋਨਮ ਅੱਜ ਕੱਲ• ਐਮੀ ਵਿਰਕ ਨਾਲ ‘ਨਿੱਕਾ ਜੈਲਦਾਰ’ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਸੋਨਮ ਦੀ ਖਾਸੀਅਤ ਇਹ ਹੈ ਕਿ ਉਹ ਫ਼ਿਲਮਾਂ ਦੀ ਗਿਣਤੀ ਨਾਲੋਂ ਫ਼ਿਲਮਾਂ ਦੇ ਮਿਆਰ ਵੱਲ ਜ਼ਿਆਦਾ ਧਿਆਨ ਦਿੰਦੀ ਹੈ। ਇਹੀ ਕਾਰਨ ਹੈ ਕਿ ਉਹ ਗਿਣੀਆਂ ਚੁਣੀਆਂ ਫ਼ਿਲਮਾਂ ਹੀ ਕਰ ਹੀ ਹੈ।
ਸੁਰਵੀਨ ਚਾਵਲਾ
ਰਾਜਧਾਨੀ ਚੰਡੀਗੜ• ਦੀ ਜੰਮਪਲ ਸੁਰਵੀਨ ਚਾਵਲਾ ਨੇ ਥੋੜੇ ਸਮੇਂ ‘ਚ ਹੀ ਪਾਲੀਵੁੱਡ ‘ਚ ਚੰਗਾ ਨਾਂ ਕਮਾ ਲਿਆ ਹੈ। ਟੈਲੀਵਿਜ਼ਨ ਤੋਂ ਫ਼ਿਲਮਾਂ ਵੱਲ ਆਈ ਸੁਰਵੀਨ ਨੇ ਸਾਲ 2011’ਚ ਨਿਰਦੇਸ਼ਕ ਨਵਨੀਤ ਸਿੰਘ ਦੀ ਫ਼ਿਲਮ ‘ਧਰਤੀ’ ਜ਼ਰੀਏ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ। ਟੀਵੀ ਸੀਰੀਅਲ ‘ਕਹੀਂ ਤੋਂ ਹੋਗਾ’ ਅਤੇ ‘ਕਸੌਟੀ ਜ਼ਿੰਦਗੀ ਕੀ’ ਅਤੇ ਇਕ ਰਿਆਲਟੀ ਸ਼ੋਅ ਦਾ ਹਿੱਸਾ ਰਹੀ ਸੁਰਵੀਨ ਨੂੰ ਪੰਜਾਬੀ ਦਰਸ਼ਕਾਂ ਨੇ ਉਸਦੀ ਪਹਿਲੀ ਫ਼ਿਲਮ ਤੋਂ ਹੀ ਸਵੀਕਾਰ ਕਰ ਲਿਆ ਸੀ। ‘ਟੌਹਰ ਮਿੱਤਰਾਂ ਦੀ’ ਅਤੇ ‘ਸਾਡੀ ਲਵ ਸਟੋਰੀ’ ਤੋਂ ਬਾਅਦ ਆਈਆਂ ਉਸ ਦੀਆਂ ਫ਼ਿਲਮਾਂ ‘ਸਿੰਘ ਵਰਸ਼ਿਜ ਕੌਰ’ ਅਤੇ ‘ਲੱਕੀ ਦੀ ਅਨਲੱਕੀ ਸਟੋਰੀ’ ਨੇ ਉਸਨੂੰ ਪੰਜਾਬੀ ਫ਼ਿਲਮਾਂ ਦਾ ਨਾਮਵਰ ਚਿਹਰਾ ਬਣਾ ਦਿੱਤਾ। ‘ਡਿਸਕੋ ਸਿੰਘ’ ਨਾਲ ਉਸ ਦਾ ਨਾਂ ਹੋਰ ਗੂੜ•ਾ ਹੋਇਆ। ਉਹ ਹੁਣ ਤੱਕ ਅੱਧੀ ਦਰਜਨ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।
ਮਾਹੀ ਗਿੱਲ
ਮਾਹੀ ਗਿੱਲ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਚਰਚਿਤ ਨਾਂ ਤਾਂ ਹੈ ਹੀ ਬਲਕਿ ਬਾਲੀਵੁੱਡ ‘ਚ ਵੀ ਉਸਨੇ ਚੰਗਾ ਰਸੂਖ ਕਾਇਮ ਕਰ ਲਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਥਿਏਟਰ ਵਿਭਾਗ ਦੀ ਵਿਦਿਆਰਥਣ ਰਹੀ ਮਾਹੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਦੇ ਵੀਡੀਓਜ਼ ‘ਚ ਮਾਡਲਿੰਗ ਅਤੇ ਟੀਵੀ ਸੀਰੀਅਲਾਂ ਤੋਂ ਕੀਤੀ ਸੀ। ਅਮਿਤੋਜ ਮਾਨ ਦੀ ਸਾਲ 2003 ‘ਚ ਆਈ ਫ਼ਿਲਮ ‘ਹਵਾÂਂੇ’ ਜ਼ਰੀਏ ਮਾਹੀ ਗਿੱਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ ‘ਮਿੱਟੀ ‘ਵਾਜਾਂ ਮਾਰਦੀ’ (2007) ਅਤੇ ਸਮੀਪ ਕੰਗ ਦੀ ਫ਼ਿਲਮ ‘ਚੱਕ ਦੇ ਫੱਟੇ’ (2008) ਤੋਂ ਬਾਅਦ ਉਹ ਬਾਲੀਵੁੱਡ ਚਲੀ ਗਈ। ਸਾਲ 2008 ‘ਚ ਆਈ ਉਸਦੀ ਪਹਿਲੀ ਫ਼ਿਲਮ ‘ਦੇਵ ਡੀ’ ਨੇ ਹੀ ਉਸਨੂੰ ਸਟਾਰ ਕਲਾਕਾਰ ਦੀ ਕਤਾਰ ‘ਚ ਲਿਆ ਖੜ•ਾ ਕੀਤਾ। ਬਾਲੀਵੁੱਡ ਦੀਆਂ ਦਰਜਨ ਤੋਂ ਵੱਧ ਫ਼ਿਲਮਾਂ ‘ਚ ਅਹਿਮ ਭੂਮਿਕਾ ਨਿਭਾ ਚੁੱਕੀ ਮਾਹੀ ਗਿੱਲ ਨੇ ਸਾਲ ਸਾਲ 2012 ‘ਚ ਸਮੀਪ ਕੰਗ ਦੀ ਫ਼ਿਲਮ ‘ਕੈਰੀ ਆਨ ਜੱਟਾ’ ਨਾਲ ਪੰਜਾਬੀ ਸਿਨੇਮੇ ‘ਚ ਵਾਪਸੀ ਕੀਤੀ ਸੀ। ਸਫ਼ਲਤਾਂ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੀ ਇਸ ਫ਼ਿਲਮ ਤੋਂ ਬਾਅਦ ਪੰਜਾਬੀ ਫ਼ਿਲਮਾਂ ‘ਚ ਮਾਹੀ ਦੀ ਡਿਮਾਂਡ ਬੇਹੱਦ ਵੱਧ ਗਈ। ਪਰ ਉਹ ਪਿਛਲੇ ਦੋ ਸਾਲਾਂ ਤੋਂ ਪੰਜਾਬੀ ਫ਼ਿਲਮਾਂ ਦੀਆਂ ਸਟੋਰੀਆਂ ਹੀ ਸੁਣ ਰਹੀ ਹੈ। ਉਸ ਦੀ ਫ਼ਿਲਮ ‘ਸ਼ਰੀਕ’ ਜਲਦੀ ਰਿਲੀਜ਼ ਹੋ ਰਹੀ ਹੈ। ਅੱਧੀ ਦਰਜਨ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ 38 ਸਾਲਾ ਦੀ ਇਹ ਅਦਾਕਾਰਾ ਹੁਣ ਬਤੌਰ ਨਿਰਮਾਤਾ ‘ਆਤਿਸ਼ਬਾਜ਼ੀ ਇਸ਼ਕ’ ਨਾਂ ਦੀ ਪੰਜਾਬੀ ਫ਼ਿਲਮ ਦਾ ਨਿਰਮਾਣ ਕਰ ਰਹੀ ਹੈ।
ਜਪਜੀ ਖਹਿਰਾ
ਪੰਜਾਬੀ ਫ਼ਿਲਮਾਂ ਦੀ ਇਹ ਹੀਰੋਇਨ ਪਰਵਾਸੀ ਪੰਜਾਬਣ ਹੈ। ਆਸਟ੍ਰੇਲੀਆ ਰਹਿੰਦੀ ਜਪਜੀ ਲਈ ਫ਼ਿਲਮਾਂ ‘ਚ ਆਉਣ ਲਈ ਰਾਹ ‘ਮਿਸ ਵਰਲਡ ਪੰਜਾਬਣ’ ਮੁਕਾਬਲਾ ਬਣਿਆ ਸੀ। ਇਸ ਮੁਕਾਬਲੇ ਦੀ ਜੇਤੂ ਜਪਜੀ ਨੇ ਬਤੌਰ ਅਦਾਕਾਰਾ ਪਹਿਲੀ ਫ਼ਿਲਮ ‘ਮਿੱਟੀ ‘ਵਾਜਾਂ’ ਮਾਰਦੀ’ ਵਿੱਚ ਕੰਮ ਕੀਤਾ ਸੀ। ਸਾਲ 2007 ਵਿੱਚ ਆਈ ਨਿਰਦੇਸ਼ਕ ਮਨਮੋਹਨ ਸਿੰਘ ਦੀ ਇਸ ਫ਼ਿਲਮ ਤੋਂ ਬਾਅਦ ਜਪਜੀ ਸਾਲ 2011 ‘ਚ ਨਵਨੀਤ ਸਿੰਘ ਦੀ ਫ਼ਿਲਮ ‘ਧਰਤੀ’ ਵਿੱਚ ਦਿਖਾਈ ਦਿੱਤੀ। ਇਸ ਫ਼ਿਲਮ ਤੋਂ ਬਾਅਦ ਉਹ ਲਗਾਤਾਰ ਸਰਗਰਮ ਹੈ। ਟੌਹਰ ਮਿੱਤਰਾਂ ਦੀ, ਸਿੰਘ ਵਰਸਿਜ਼ ਕੌਰ, ਫੇਰ ਮਾਮਲਾ ਗੜਬੜ ਗੜਬੜ ਅਤੇ ਭਾਅ ਜੀ ਇਨ ਪ੍ਰਾਬਲਮ ‘ਚ ਕੰਮ ਕਰ ਚੁੱਕੀ ਜਪਜੀ ਖਹਿਰਾ ਦੇ ਹਿੱਸੇ ਅਜੇ ਤੱਕ ਸੋਲੋ ਫ਼ਿਲਮ ਨਹੀਂ ਆਈ ਹੈ। ਪਰ ਇਸ ਦੇ ਬਾਵਜੂਦ ਉਹ ਮੂਹਰਲੀ ਕਤਾਰ ‘ਚ ਸ਼ਾਮਲ ਹੈ। ਇਹ ਅਦਾਕਾਰਾ ਵੀ ਹੁਣ ਤੱਕ ਅੱਧੀ ਦਰਜਨ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।
ਜਸਪਿੰਦਰ ਚੀਮਾ
ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ (ਗੁਰਦਾਸਪੁਰ) ਨਾਲ ਸਬੰਧਿਤ ਜਸਪਿੰਦਰ ਚੀਮਾ ਰੰਗਮੰਚ ਤੋਂ ਫ਼ਿਲਮਾਂ ਵੱਲ ਆਈ ਹੈ। ਪੰਜਾਬ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਦੀ ਵਿਦਿਆਰਥਣ ਰਹਿ ਚੁੱਕੀ ਜਸਪਿੰਦਰ ਚੀਮਾ ਦੀ ਖਾਸੀਅਤ ਹੈ ਕਿ ਉਸਨੂੰ ਫ਼ਿਲਮ ਇੰਡਸਟਰੀ ‘ਚ ਆਉਣ ਲਈ ਸੰਘਰਸ਼ ਨਹੀਂ ਕਰਨਾ ਪਿਆ। ਜਸਪਿੰਦਰ ਦੇ ਕਰੀਅਰ ਦੀ ਸ਼ੁਰੂਆਤ ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ ‘ਇਕ ਕੁੜੀ ਪੰਜਾਬ ਦੀ’ ਤੋਂ ਹੋਈ ਸੀ। ਇਸ ਫ਼ਿਲਮ ਦੀ ਸਫ਼ਲਤਾ ਨੇ ਉਸ ਲਈ ਕਈ ਨਵੇਂ ਰਾਹ ਖੋਲ•ੇ ਸਨ। ਜਸਪਿੰਦਰ ਤਿੰਨ ਫ਼ਿਲਮਾਂ ‘ਚ ਬਤੌਰ ਹੀਰੋਇਨ ਨਜ਼ਰ ਆ ਚੁੱਕੀ ਹੈ। ਉਸਦੀਆਂ ਤਿੰਨ ਪੰਜਾਬੀ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।
ਕੁਲਰਾਜ ਰੰਧਾਵਾ
ਬਿੱਲੀਆਂ ਅੱਖਾਂ ਵਾਲੀ ਇਹ ਮੁਟਿਆਰ ਦੇਹਰਾਦੂਨ ਦੀ ਜੰਮਪਲ ਹੈ। ਕੁਲਰਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 ‘ਚ ਜਿੰਮੀ ਸ਼ੇਰਗਿੱਲ ਦੀ ਫ਼ਿਲਮ ‘ਮੰਨਤ’ ਤੋਂ ਕੀਤੀ ਸੀ। ਇਸ ਫ਼ਿਲਮ ਜ਼ਰੀਏ ਕੁਲਰਾਜ ਨੂੰ ਦਰਸ਼ਕਾਂ ਅਤੇ ਫ਼ਿਲਮ ਇੰਡਸਟਰੀ ਨੇ ਨੋਟਿਸ ਕੀਤਾ ਸੀ। ਪਰ ਉਸਦੀ ਪਹਿਚਾਣ 2008 ‘ਚ ਨਵਨੀਤ ਸਿੰਘ ਦੀ ਫ਼ਿਲਮ ‘ਤੇਰਾ ਮੇਰਾ ਕੀ ਰਿਸ਼ਤਾ’ ਤੋਂ ਬਣੀ ਸੀ। ਇਸ ਫ਼ਿਲਮ ਤੋਂ ਬਾਅਦ ਉਸਨੇ ਬਾਲੀਵੁੱਡ ਵੱਲ ਰੁਖ਼ ਕਰ ਲਿਆ। ਬਾਲੀਵੁੱਡ ਦੇ ਨਾਲ ਨਾਲ ਹੁਣ ਉਹ ਮੁੜ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹੈ। ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਡਬਲ ਦੀ ਟ੍ਰਬਲ’ ਵਿੱਚ ਉਸਨੇ ਅਹਿਮ ਭੂਮਿਕਾ ਨਿਭਾਈ ਹੈ। ਕੁਝ ਦਿਨ ਪਹਿਲਾਂ ਹੀ ਕੁਲਰਾਜ ਦੀ ਫ਼ਿਲਮ ‘ਨਿਧੀ ਸਿੰਘ’ ਰਿਲੀਜ਼ ਹੋਈ ਹੈ।
ਸ਼ੁਰੂਤੀ ਸੋਢੀ
ਇਹ ਅਦਾਕਾਰਾ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਥੋੜੇ ਸਮੇਂ ਵਿੱਚ ਹੀ ਇਸ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਪਣਾ ਨਾਂ ਸਥਾਪਤ ਕਰ ਲਿਆ ਹੈ। ਨੋਇਡਾ ਨਾਲ ਸਬੰਧਿਤ ਸ਼ੁਰੂਤੀ ਦੀ ਪਹਿਲੀ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਸੀ। ਉਹ ਗੁਰਦਾਸ ਮਾਨ ਦੀ ਫ਼ਿਲਮ ‘ਦਿਲ ਵਿਲ ਪਿਆਰ ਵਿਆਰ’ ਅਤੇ ਬਾਲੀਵੁੱਡ ਨਿਰਮਾਤਾ, ਨਿਰਦੇਸ਼ਕ ਹੈਰੀ ਬਵੇਜਾ ਦੇ ਪ੍ਰੋਡਕਸ਼ਨ ਦੀ ਫ਼ਿਲਮ ‘ਹੈਪੀ ਗੋ ਲੱਕੀ’ ਵਿੱਚ ਕੰਮ ਕਰ ਚੁੱਕੀ ਹੈ। ਸ਼ੁਰੂਤੀ ਆਪਣੀ ਅਦਾਕਾਰੀ ਅਤੇ ਸੁਭਾਅ ਸਦਕਾ ਆਪਣੇ ਦਰਸ਼ਕਾਂ ਦਾ ਵੱਡਾ ਵਰਗ ਤਿਆਰ ਕਰ ਚੁੱਕੀ ਹੈ। ਹਾਲਹਿ ‘ਚ ਉਸ ਨੇ ਜਿੰਮੀ ਸ਼ੇਰਗਿੱਲ ਨਾਲ ‘ਵਿਸਾਖੀ ਲਿਸਟ’ ਫ਼ਿਲਮ ‘ਚ ਬਤੌਰ ਹੀਰੋਇਨ ਕੰਮ ਕੀਤਾ ਹੈ।
ਪੰਜਾਬੀ ਫ਼ਿਲਮਾਂ ਦੇ ਹੋਰ ਸਰਗਰਮ ਚਿਹਰੇ
ਓਸ਼ਿਨ ਸਾਈਂ, ਸੋਨੀਆ ਮਾਨ, ਵਾਮਿਕਾ ਗੱਬੀ, ਅਮਨ ਗਰੇਵਾਲ, ਜੋਨਿਤਾ ਡੋਡਾ, ਭਾਨੂ ਸ੍ਰੀ ਮਹਿਰਾ, ਈਸ਼ਾ ਰਿੱਖੀ, ਇਹਾਨਾ ਢਿੱਲੋਂ, ਸਿਮਰਨ ਸੱਚਦੇਵਾ, ਸਿਮਰਨ ਕੌਰ ਮੁੰਡੀ, ਅਵਿੰਤਕਾ ਹੁੰਦਲ, ਧਰਿਤੀ ਸ਼ਰਨ, ਕਾਜਲ ਜੈਨ, ਦਿਲਜੋਤ, ਸਪਨਾ ਠਾਕੁਰ, ਤੇ ਜਿਵਿਧਾ ਆਸਥਾ ਤੇ ਸਮੇਤ ਕਈ ਨਵੇਂ ਚਿਹਰੇ ਵੀ ਇਸ ਵੇਲੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ।
ਪੰਜਾਬੀ ਫ਼ਿਲਮਾਂ ਦੇ ਗ਼ੈਰ-ਪੰਜਾਬੀ ਚਿਹਰੇ
ਗੌਹਰ ਖ਼ਾਨ, ਸਾਗਿਰਕਾ, ਜ਼ਰੀਨ ਖ਼ਾਨ, ਨੇਹਾ ਧੂਪੀਆ, ਮਿਨੀਸ਼ਾ ਲਾਂਬਾ, ਟਿਊਲਿਪ ਜੋਸ਼ੀ, ਅੰਜਨਾ ਸੁਖਾਨੀ, ਯੁਵਿਕਾ ਚੌਧਰੀ, ਗੁਲ ਪਨਾਗ, ਪ੍ਰੀਤੀ ਝਾਂਗਿਆਨੀ, ਅਮਿਤਾ ਨਾਂਗੀਆ, ਮਦਾਲਸਾ ਸ਼ਰਮਾ, ਪ੍ਰੀਤੀ ਝਾਂਗਿਆਨੀ,ਅਮਿਤਾ ਨਾਂਗੀਆ, ਵੀਨਾ ਮਲਿਕ, ਹੇਜ਼ਲ ਕੀਚ ਅਤੇ ਭੂਮਿਕਾ ਚਾਵਲਾ ਸਮੇਤ ਅੱਧੀ ਦਰਜਨ ਹੋਰ ਬਾਲੀਵੁੱਡ ਹੀਰੋÎਇਨਾਂ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣ ਚੁੱਕੀਆਂ/ਰਹੀਆਂ ਹਨ।
ਸਪਨ ਮਨਚੰਦਾ
95016 33900


