ਪੰਜਾਬੀ ਸਿਨੇਮੇ ਦਾ ਮੰਝਿਆ ਹੋਇਆ ਅਦਾਕਾਰਾ ਹਰੀਸ਼ ਵਰਮਾ ਅੱਜ ਕੱਲ• ਆਪਣੀ ਫ਼ਿਲਮ ‘ਗੋਲਕ ਬੁਗਨੀ, ਬੈਂਕ ਤੇ ਬਟੂਆ’ ਦੀ ਸ਼ੂਟਿੰਗ ਕਰ ਰਿਹਾ ਹੈ। ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੀ ਇਸ ਫ਼ਿਲਮ ‘ਚ ਹਰੀਸ਼ ਹੀ ਨਹੀਂ ਬਲਕਿ ਅਮਰਿੰਦਰ ਗਿੱਲ ਵੀ ਨਜ਼ਰ ਆਵੇਗਾ, ਜੀ ਹਾਂ, ਅਮਰਿੰਦਰ ਗਿੱਲ ਵੀ ਇਸ ਫ਼ਿਲਮ ‘ਚ ਇਕ ਅਹਿਮ ਕਿਰਦਾਰ ਨਿਭਾ ਰਿਹਾ ਹੈ। ਅਮਰਿੰਦਰ ਅਤੇ ਹਰੀਸ਼ ਦੀ ਇੱਕਠਿਆਂ ਦੀ ਇਹ ਤੀਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ‘ਮੁੰਡੇ ਕੂਲ, ਡੈਡੀ ਫ਼ੂਲ’ ਅਤੇ ‘ਹੈਪੀ ਗੋ ਲੱਕੀ’ ਫ਼ਿਲਮ ‘ਚ ਇੱਕਠੇ ਕੰਮ ਕਰ ਚੁੱਕੇ ਹਨ। ਨਿਰਮਾਤਾ ਕਾਰਜ ਗਿੱਲ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਸਿਤਿਜ ਚੌਧਰੀ ਹੈ। ਫ਼ਿਲਮ ਦੀ ਹੀਰੋਇਨ ਸਿੰਮੀ ਚਾਹਲ ਹੈ। ਸਿੰਮੀ ਅਤੇ ਹਰੀਸ਼ ਵਰਮਾ ਦੀ ਇੱਕਠਿਆਂ ਦੀ ਇਹ ਪਹਿਲੀ ਫ਼ਿਲਮ ਹੈ। ਜਦਕਿ ਸਿੰਮੀ ਅਮਰਿੰਦਰ ਗਿੱਲ ਨਾਲ ਇਸ ਤੋਂ ਪਹਿਲਾਂ ‘ਸਰਵਣ’ ਫ਼ਿਲਮ ‘ਚ ਕੰਮ ਕਰ ਚੁੱਕੀ ਹੈ।

ਇਸ ਫ਼ਿਲਮ ‘ਚ ਹਰੀਸ਼ ਨਾਲ ਕਾਮੇਡੀਅਨ ਜਸਵਿੰਦਰ ਭੱਲਾ ਦਾ ਬੇਟਾ ਪੁਖਰਾਜ ਭੱਲਾ ਵੀ ਕੰਮ ਕਰ ਰਿਹਾ ਹੈ। ਉਸਨੇ ਹਰੀਸ਼ ਨਾਲ ‘ਆਰ ਐਸ ਵੀ ਪੀ’ ਵਿੱਚ ਵੀ ਕੰਮ ਕੀਤਾ ਸੀ। ਸਚਾਰੂ ਗਾਇਕ ਗੁਰਸ਼ਬਦ ਵੀ ਇਸ ਫ਼ਿਲਮ ‘ਚ ਅਦਾਕਾਰ ਵਜੋਂ ਨਜ਼ਰ ਆਵੇਗਾ। ਬੀਐਨ ਸ਼ਰਮਾ ਤੇ ਜਸਵਿੰਦਰ ਭੱਲਾ ਫ਼ਿਲਮ ਦੀ ਅਹਿਮ ਕੜੀ ਹੈ। ਧੀਰਜ ਰਤਨ ਵੱਲੋਂ ਲਿਖੀ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।


