ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ‘ਚ ਤੇਜ਼ੀ ਨਾਲ ਉੱਭਰ ਰਹੀ ਅਦਾਕਾਰਾ ਤੇ ਮਾਡਲ ਸ਼ੈਵਿਨ ਰੇਖੀ ਦੀ ਅਦਾਕਾਰੀ ਵਾਲਾ ਨਵਾਂ ਗੀਤ ‘ਸਜ਼ਾ’ ਰਿਲੀਜ਼ ਹੋ ਗਿਆ ਹੈ। ਪੰਜਾਬੀ ਗਾਇਕ ਸੁਰਜੀਤ ਖ਼ਾਨ ਦੇ ਇਸ ਗੀਤ ‘ਚ ਸ਼ੈਵਿਨ ਦੇ ਨਾਲ ਸੁਰਜੀਤ ਖ਼ਾਨ ਨੇ ਅਦਾਕਾਰੀ ਕੀਤੀ ਹੈ। ਸੁਰਜੀਤ ਖ਼ਾਨ ਨਾਲ ਸ਼ੈਵਿਨ ਰੇਖੀ ਦਾ ਇਹ ਦੂਜਾ ਗੀਤ ਹੈ। ਸਾਹਿਬ ਸੇਖੋਂ ਦਾ ਲਿਖਿਆ ਅਤੇ ਨਿਰਦੇਸ਼ਤ ਕੀਤੇ ਇਸ ਗੀਤ ਦਾ ਮਿਊਜ਼ਿਕ ਮੁਖਤਿਆਰ ਸਹੋਤਾ ਨੇ ਦਿੱਤਾ ਹੈ। ਸ਼ੈਵਿਨ ਮੁਤਾਬਕ ਗੀਤ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਫ਼ਿਲਹਾਲ ਸਿਰਫ਼ ਫ਼ਿਲਮਾਂ ਵੱਲ ਧਿਆਨ ਦੇ ਰਹੀ ਹੈ, ਪਰ ਚੰਗੇ ਤੇ ਸਟੋਰੀਲਾਈਨ ਵਾਲੇ ਗੀਤਾਂ ਨੂੰ ਵੀ ਉਹ ਅੱਖੋਂ ਪਰੋਖੇ ਨਹੀਂ ਕਰ ਰਹੀ ਹੈ। ਇਸ ਗੀਤ ਤੋਂ ਬਾਅਦ ਉਹ ਛੇਤੀ ਹੀ ਬਾਲੀਵੁੱਡ ਦੇ ਇਕ ਨਾਮਵਰ ਗਾਇਕ ਦੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆਵੇਗੀ।
ਦੱਸ ਦਈਏ ਕਿ ਮੈਡੀਕਲ ਖ਼ੇਤਰ ਦੀ ਪੜ•ਾਈ ਕਰ ਚੁੱਕੀ ਸ਼ੈਵਿਨ ਥੀਏਟਰ ਤੋਂ ਫ਼ਿਲਮ ਵੱਲ ਆਈ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਯਾਦ ਰਹਿਣਯੋਗ ਕੰਮ ਕੀਤਾ ਹੈ। ਐਮੀ ਵਿਰਕ ਦੀ ਫ਼ਿਲਮ ‘ਸਤਿ ਸ਼੍ਰੀ ਅਕਾਲ’ ਵਿੱਚ ਉਸ ਵੱਲੋਂ ਨਿਭਾਈ ਮਹਿਮਾਨ ਭੂਮਿਕਾ ਤੋਂ ਬਾਅਦ ਉਸ ਨੂੰ ਰਾਣਾ ਰਣਬੀਰ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਆਸੀਸ’ ਵਿੱਚ ਇਕ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਇਸ ਸਾਲ ਉਹ ਦੋ ਹੋਰ ਵੱਡੀਆਂ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਵੇਗੀ। ਸ਼ੈਵਿਨ ਦਾ ਸੁਪਨਾ ਅਜਿਹੀ ਅਦਾਕਾਰਾ ਬਣਨਾ ਹੈ, ਜਿਸ ਦੇ ਕੰਮ ਨੂੰ ਹਰ ਵਰਗ ਦੇ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣ।


