ਅਗਲੇ ਮਹੀਨੇ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਪੰਜਾਬੀ ਦੀ ਪਹਿਲੀ ਫ਼ਿਲਮ ਹੋਵੇਗੀ, ਜੋ ਇਤਿਹਾਸ ਦੇ ਵਰਕੇ ਫ਼ਰੋਲਦੀ ਹੋਈ ਦਰਸ਼ਕਾਂ ਨੂੰ ਅਧੁਨਿਕ ਸਿਨੇਮੇ ਦੇ ਦੀਦਾਰ ਕਰਵਾਏਗੀ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਫ਼ਿਲਮ ਪੰਜਾਬੀ ਸਿਨੇਮੇ ਦਾ ਕੱਦ ਹੋਰ ਉੱਚਾ ਚੁੱਕੇਗੀ। ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਬਣੀ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਕਹੀ ਜਾ ਸਕਦੀ ਹੈ, ਜਿਸ ‘ਚ ਹਾਲੀਵੁੱਡ ਪੱਧਰ ਦੀ ਆਧੁਨਿਕ ਤਕਨੀਕੀ ਵਰਤੀ ਗਈ ਹੈ। ਕਰੀਬ 2 ਘੰਟੇ 10 ਮਿੰਟਾਂ ਦੀ ਇਸ ਫ਼ਿਲਮ ‘ਚ 55 ਮਿੰਟਾਂ ਦੀ ਵੀਐਫਐਕਸ ਹੈ। ਰਾਜਸਥਾਨ, ਸ਼ਿਮਲਾ, ਸ਼੍ਰੀਨਗਰ, ਲੱਦਾਖ ਤੇ ਮੇਘਾਲਿਆ ‘ਚ ਫ਼ਿਲਮਾਈ ਗਈ ਇਹ ਫ਼ਿਲਮ 1962 ‘ਚ ਭਾਰਤ ਅਤੇ ਚਾਇਨਾ ਦੌਰਾਨ ਹੋਈ ਲੜਾਈ ‘ਤੇ ਅਧਾਰਿਤ ਹੈ। ਇਸ ਲੜਾਈ ‘ਚ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਅਗਵਾਈ ‘ਚ ਬਰਮਾ ‘ਚ ਚਾਇਨਾ ਦੇ ਕਰੀਬ ਇਕ ਹਜ਼ਾਰ ਫ਼ੌਜੀਆਂ ਦਾ ਡਟਕੇ ਮੁਕਾਬਲਾ ਕੀਤਾ ਸੀ। ਇਹ ਫ਼ਿਲਮ ਪੰਜਾਬੀ ਦੀ ਪਹਿਲੀ ਫ਼ਿਲਮ ਹੈ, ਜਿਸ ‘ਚ ਪੰਜਾਬੀ ਦੇ ਅੱਧੀ ਦਰਜਨ ਤੋਂ ਵੱਧ ਨਾਮਵਰ ਕਲਾਕਾਰਾਂ ਨੇ ਇੱਕਠਿਆਂ ਕੰਮ ਕੀਤਾ ਹੈ।
ਫ਼ਿਲਮ ‘ਚ ਗਿੱਪੀ ਗਰੇਵਾਲ ਨਾਲ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਜੌਰਡਨ ਸੰਧੂ, ਚਰਨ ਸਿੰਘ ਤੋਂ ਇਲਾਵਾ ਹਰੀਸ਼ ਵਰਮਾ, ਗੁੱਗੂ ਗਿੱਲ, ਜੱਗੀ ਸਿੰਘ, ਸਰਦਾਰ ਸੋਹੀ, ਕਰਮਜੀਤ ਅਨਮੋਲ ਸਮੇਤ ਦਰਜਨ ਤੋਂ ਵੱਧ ਹੋਰ ਨਾਮੀਂ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਨਿਰਮਾਤਾ ਸੁਮਿਤ ਸਿੰਘ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਹੈ। ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਪੰਜਾਬੀ ਸਿਨੇਮੇ ਦੇ ਪੱਧਰ ਨੂੰ ਹਿੰਦੀ ਸਿਨੇਮੇ ਦੇ ਬਰਾਬਰ ਲਿਆ ਖੜ•ਾ ਕਰੇਗੀ। ਇਸ ਫ਼ਿਲਮ ਨੂੰ ਹਿੰਦੀ ਵਿੱਚ ਵੀ ਛੇਤੀ ਰਿਲੀਜ਼ ਕੀਤਾ ਜਾਵੇਗਾ।
ਸਿਮਰਜੀਤ ਸਿੰਘ ਮੁਤਾਬਕ ਇਹ ਫ਼ਿਲਮ ਮਹਿਜ਼ ਦਰਸ਼ਕਾਂ ਦਾ ਮਨੋਰੰਜਨ ਹੀ ਨਹੀਂ ਕਰੇਗੀ ਬਲਕਿ ਯੁੱਧ ਦੇ ਖੌਫ, ਮੁਸ਼ਕਲਾਂ ਤੇ ਹਾਲਾਤਾਂ ਤੋਂ ਜਾਣੂ ਕਰਵਾਉਂਦੀ ਹੋਈ ਪੰਜਾਬੀ ਸੂਰਵੀਰਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ‘ਤੇ ਮਾਣ ਮਹਿਸੂਸ ਕਰਨ ਲਈ ਵੀ ਮਜ਼ਬੂਰ ਕਰੇਗੀ। ਨਿਰਦੇਸ਼ਕ ਮੁਤਾਬਕ ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਹੁੰਗਾਰੇ ਨੇ ਫ਼ਿਲਮ ਦੀ ਟੀਮ ਦੇ ਹੌਂਸਲੇ ਬੁਲੰਦ ਕੀਤੇ ਜਾ ਰਹੇ ਹਨ। ਆਸ ਕੀਤੀ ਜਾ ਰਹੀ ਹੈ ਕਿ ਹੁਣ ਪੰਜਾਬੀ ਸਿਨੇਮੇ ਦੇ ਸੁਨਾਹਿਰੀ ਦਿਨ ਹੋਰ ਦੂਰ ਨਹੀਂ ਹਨ।
in News
ਸੂਬੇਦਾਰ ਜੋਗਿੰਦਰ ਸਿੰਘ : ਭਾਸ਼ਾ ਪੰਜਾਬੀ, ਤਕਨੀਕੀ ਹਾਲੀਵੁੱਡ ਦੀ ਤੇ ਤਰੀਕਾ ਬਾਲੀਵੁੱਡ ਦਾ…
